
ਦਲਿਤ ਪਰਵਾਰ ਨੂੰ ਪਿੰਡ ਨਿਕਾਲਾ ਦੇਣ ਦੇ ਦੋਸ਼ਾਂ ਤਹਿਤ ਸਾਰੀ ਪੰਚਾਇਤ ਨਾਮਜ਼ਦ
ਬਠਿੰਡਾ, 25 ਅਪ੍ਰੈਲ (ਬਲਵਿੰਦਰ ਸ਼ਰਮਾ): ਪਿੰਡ ਵਰਕ ਕਲਾਂ ਦੀ ਸਾਰੀ ਪੰਚਾਇਤ ਵਿਰੁਧ ਐਸ.ਸੀ./ਐਸ.ਟੀ. ਐਕਟ ਤਹਿਤ ਮੁਕੱਦਮਾ ਦਰਜ ਹੋ ਗਿਆ ਹੈ ਜਿਸ ਨੇ ਇਕ ਦਲਿਤ ਪਰਵਾਰ ਨੂੰ ਜ਼ਬਰਨ ਪਿੰਡ ’ਚੋਂ ਬਾਹਰ ਕੱਢ ਦਿਤਾ ਸੀ।
ਜ਼ਿਕਰਯੋਗ ਹੈ ਕਿ ਦਲਿਤ ਰਾਮ ਸਿੰਘ ਵਾਸੀ ਵਿਰਕ ਕਲਾਂ ਕਰੀਬ 10 ਸਾਲ ਪਹਿਲਾਂ ਪਤਨੀ ਤੇ ਦੋ ਬੱਚਿਆਂ ਨਾਲ ਇਥੇ ਆ ਕੇ ਰਹਿਣ ਲੱਗਾ ਸੀ। ਕਰੀਬ ਇਕ ਸਾਲ ਪਹਿਲਾਂ ਲੜਕੀ ਬੀ.ਐਸ.ਈ. ਕਰ ਰਹੀ ਸੀ, ਜਦਕਿ ਲੜਕਾ +2 ਦਾ ਵਿਦਿਆਰਥੀ ਸੀ। ਇਸੇ ਦੌਰਾਨ ਪਿੰਡ ਦਾ ਇਕ ਸਾਨ੍ਹ ਚੋਰੀ ਹੋ ਗਿਆ। ਸੀ.ਸੀ.ਟੀ.ਵੀ. ਕੈਮਰੇ ’ਚ ਆਏ ਚੋਰਾਂ ਦੀ ਪਛਾਣ ਤਾਂ ਨਹੀਂ ਹੋ ਸਕੀ ਪਰ ਸ਼ੱਕ ਰਾਮ ਸਿੰਘ ’ਤੇ ਕੀਤਾ ਗਿਆ। ਕਾਂਗਰਸੀ ਪੰਚਾਇਤ ਨੇ ਉਕਤ ਵਿਰੁਧ ਮੁਕੱਦਮਾ ਦਰਜ ਕਰਵਾ ਕੇ ਉਸ ਨੂੰ ਜੇਲ ਭਿਜਵਾ ਦਿਤਾ।
ਜਦੋਂ ਰਾਮ ਸਿੰਘ ਜੇਲ ਚਲਾ ਗਿਆ ਤਾਂ ਮਗਰੋਂ ਪੰਚਾਇਤ ਨੇ ਮਤਾ ਪਾ ਕੇ ਉਸ ਦੇ ਪਰਵਾਰ ਨੂੰ ਪਿੰਡ ’ਚੋਂ ਜ਼ਬਰਨ ਬਾਹਰ ਕੱਢ ਦਿਤਾ, ਜੋ ਪਿੰਡ ਜਵਾਹਰਕੇਆਲਾ ’ਚ ਆਰਜ਼ੀ ਘਰ ’ਚ ਰਹਿਣ ਲਈ ਮਜਬੂਰ ਹੋਏ ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਛੁੱਟ ਗਈ ਤੇ ਉਨ੍ਹਾਂ ਦਾ ਭਵਿੱਖ ਦਾਅ ’ਤੇ ਲੱਗ ਗਿਆ।
ਰਾਮ ਸਿੰਘ ਨੇ ਜ਼ਮਾਨਤ ’ਤੇ ਰਿਹਾਅ ਹੋ ਕੇ ਪੰਚਾਇਤ ਦੇ ਤਰਲੇ ਕੀਤੇ ਕਿ ਉਨ੍ਹਾਂ ਪਿੰਡ ’ਚ ਰਹਿਣ ਦਿਤਾ ਜਾਵੇ ਪਰ ਪੰਚਾਇਤ
ਨਹੀਂ ਮੰਨੀ। ਫਿਰ ਉਸ ਨੇ ਸਰਕਾਰੇ–ਦਰਬਾਰੇ ਸ਼ਿਕਾਇਤਾਂ ਵੀ ਕੀਤੀਆਂ ਪਰ ਸੱਤਾਧਿਰ ਦੇ ਸਰਪੰਚ ਵਿਰੁਧ ਕੋਈ ਅਧਿਕਾਰੀ ਅੱਗੇ ਨਹੀਂ ਆਇਆ। ਅੰਤ ਕੁੱਝ ਸਮਾਂ ਪਹਿਲਾਂ ਰਾਮ ਸਿੰਘ ਨੇ ਇਸ ਦੀ ਸ਼ਿਕਾਇਤ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਚੰਡੀਗੜ੍ਹ ਨੂੰ ਕਰ ਦਿਤੀ।
ਕਮਿਸ਼ਨ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਕ ਜਾਂਚ ਕਮੇਟੀ ਬਣਾ ਕੇ 15 ਅਪ੍ਰੈਲ 2021 ਨੂੰ ਵਿਰਕ ਕਲਾਂ ਭੇਜੀ। ਕਮੇਟੀ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਨਾਲ ਲੈ ਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਤਾਂ ਸ਼ਿਕਾਇਤ ਸਹੀ ਪਾਈ ਗਈ। ਹੁਣ ਕਮਿਸ਼ਨ ਦੇ ਨਿਰਦੇਸ਼ ’ਤੇ ਥਾਣਾ ਸਦਰ ਬਠਿੰਡਾ ਪੁਲਿਸ ਨੇ ਗ੍ਰਾਮ ਪੰਚਾਇਤ ਵਿਰਕ ਕਲਾਂ ਵਿਰੁਧ ਧਾਰਾ 3 (1), (ਜੈੱਡ) ਐਸ.ਸੀ./ਐਸ.ਟੀ. ਐਕਟ 1989 ਅਤੇ ਸੋਧਿਆ ਐਕਟਟ 2015 ਤਹਿਤ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੰਚਾਇਤ ਵਿਚ ਇਕ ਸਰਪੰਚ ਤੋਂ ਇਲਾਵਾ 9 ਪੰਚ ਸ਼ਾਮਲ ਹਨ। ਫਿਲਹਾਲ ਕੋਈ ਗ੍ਰਿਫ਼ਤਾਰੀ ਤਾਂ ਨਹੀਂ ਕੀਤੀ ਗਈ ਪਰ ਅਗਲੀ ਕਾਰਵਾਈ ਜਾਰੀ ਕਰ ਦਿਤੀ ਗਈ ਹੈ।
ਸਰਪੰਚ ਅਤੇ ਚਾਰ ਪੰਚਾਂ ਨੂੰ ਰਾਹਤ ਮਿਲਣ ਦੀ ਸੰਭਾਵਨਾ
ਸਰਪੰਚ ਗੁਰਚਰਨ ਸਿੰਘ, ਦੋ ਮਹਿਲਾ ਤੇ ਦੋ ਪੁਰਸ਼ ਪੰਚਾਂ ਨੂੰ ਇਸ ਮੁਕੱਦਮੇ ’ਚ ਰਾਹਤ ਦੀ ਸੰਭਾਵਨਾ ਨਜ਼ਰ ਆ ਰਹੀ ਹੈ, ਕਿਉਂਕਿ ਇਹ ਸਾਰੇ ਖ਼ੁਦ ਦਲਿਤ ਹਨ। ਸਿੱਧੇ ਜਿਹੇ ਮਾਮਲੇ ’ਚ ਐਸ.ਸੀ./ਐਸ.ਟੀ. ਐਕਟ ਤਹਿਤ ਕਿਸੇ ਵੀ ਦਲਿਤ ਵਿਰੁਧ ਕਾਰਵਾਈ ਨਹੀਂ ਹੋ ਸਕਦੀ। ਪ੍ਰੰਤੂ ਇਹ ਮਾਮਲਾ ਕੁੱਝ ਅਲੱਗ ਕਿਸਮ ਦਾ ਹੈ, ਜੋ ਅਦਾਲਤੀ ਮਸਲਾ ਹੈ। ਇਸ ਲਈ ਸਿਰਫ਼ ਸੰਭਾਵਨਾ ਹੀ ਜਤਾਈ ਜਾ ਸਕਦੀ ਹੈ। ਇਸ ਬਾਰੇ ਵਕੀਲ ਗੁਰਰਪ੍ਰੀਤ ਸਿੰਘ ਰਿੰਪਲ ਦਾ ਵੀ ਇਹੀ ਕਹਿਣਾ ਸੀ ਕਿ ਐਕਟ ਨੂੰ ਚੰਗੀ ਤਰ੍ਹਾਂ ਘੋਖਣ ਪਰਖਣ ਤੋਂ ਬਾਅਦ ਹੀ ਇਸ ਬਾਰੇ ਕੁੱਝ ਕਿਹਾ ਜਾ ਸਕਦਾ ਹੈ। ਦੂਜੇ ਪਾਸੇ ਥਾਣਾ ਸਦਰ ਦੇ ਮੁਖੀ ਨੇ ਉਕਤ ਨੂੰ ਰਾਹਤ ਮਿਲਣ ਦੀ ਗੱਲ ’ਤੇ ਇਸ ਨੂੰ ਤਫ਼ਤੀਸ਼ ਦਾ ਵਿਸ਼ਾ ਦਸਿਆ ਹੈ।
ਕੀ ਕਹਿਣਾ ਹੈ ਸਰਪੰਚ ਦਾ
ਸਰਪੰਚ ਗੁਰਚਰਨ ਸਿੰਘ ਦਾ ਕਹਿਣਾ ਹੈ ਕਿ ਇਹ ਮਤਾ ਗ੍ਰਾਮ ਪੰਚਾਇਤ ਨੇ ਨਹੀਂ, ਸਗੋਂ ਗ੍ਰਾਮ ਸਭਾ ਨੇ ਕੀਤਾ ਜਿਸ ਵਿਚ ਬਹੁਤ ਜ਼ਿਆਦਾ ਮੈਂਬਰ ਹੁੰਦੇ ਹਨ। ਸਮੂਹ ਮੈਂਬਰਾਂ ਨੇ ਦਸਤਖ਼ਤ ਕਰ ਕੇ ਹੀ ਇਹ ਮਤਾ ਪਾਸ ਕੀਤਾ ਸੀ ਪਰ ਪੰਚਾਇਤ ਵੀ ਗ੍ਰਾਮ ਸਭਾ ਦਾ ਹੀ ਹਿੱਸਾ ਹੁੰਦੀ ਹੈ। ਇਹ ਵੀ ਦਸਣਯੋਗ ਹੈ ਕਿ ਮਾਮਲਾ ਗ੍ਰਾਮ ਪੰਚਾੲਤ ਦੇ ਵਿਰੁਧ ਹੀ ਦਰਜ ਹੋਇਆ ਹੈ।
ਫੋਟੋ : 25ਬੀਟੀਡੀ3
ਗ੍ਰਾਮ ਪੰਚਾਇਤ ਪਿੰਡ ਵਿਰਕ ਕਲਾਂ ਤੇ ਰਾਮ ਸਿੰਘ ਦਾ ਘਰ -ਇਕਬਾਲ