
ਕੇਂਦਰ ਦਾ ਅੜੀਅਲ ਰਵਈਆ, ਮਾਜੂ ਦਾਣੇ ਦੀ ਛੋਟ ਵਿਚ ਰਿਆਇਤ ਨਹੀਂ
ਲੋੜ 390 ਲੱਖ ਟਨ ਦੀ, 190 ਪੁਰਾਣੀ ਬਾਕੀ ਖ਼ਰੀਦ ਕੇਵਲ 86 ਲੱਖ ਟਨ ਹੋਈ
ਚੰਡੀਗੜ੍ਹ, 25 ਅਪ੍ਰੈਲ (ਜੀ ਸੀ ਭਾਰਦਵਾਜ): ਪਿਛਲੇ ਸਾਲ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਛੇੜੇ ਕਿਸਾਨ ਸੰਘਰਸ਼ ਤੋਂ ਪੰਜਾਬ ਨੂੰ ਪਈ ਮਾਰ ਉਪਰੰਤ ਹੁਣ ਮੌਸਮ ਦੀ ਮਾਰ ਨੇ 20 ਤੋਂ 25 ਪ੍ਰਤੀਸ਼ਤ ਕਣਕ ਦਾ ਝਾੜ ਘਟਾ ਦਿਤਾ ਅਤੇ 10 ਦਿਨ ਪਹਿਲਾਂ ਕੇਂਦਰ ਦੀ ਮਾਹਰ ਟੀਮ ਨੇ ਮਾਜੂ ਤੇ ਕਚਮਰੜ ਦਾਣੇ ਤੇ ਰਿਪੋਰਟ ਦੇਣ ਦੇ ਬਾਵਜੂਦ ਕੇਂਦਰ ਤੇ ਸਿਆਸੀ ਨੇਤਾਵਾਂ ਨੇ ਅੜੀਅਲ ਰਵਈਆ ਅਪਣਾਇਆ ਹੋਇਆ ਹੈ | ਕਿਸਾਨਾਂ ਨੂੰ ਕੋਈ ਛੋਟ ਜਾਂ ਰਿਆਇਤ ਨਹੀਂ ਦਿਤੀ | ਨਤੀਜਾ ਕਣਕ ਖ਼ਰੀਦ ਦਾ ਗੰਭੀਰ ਸੰਕਟ | ਟੀਚਾ 130 -132 ਲੱਖ ਟਨ ਦਾ ਸੀ | ਅੱਜ ਸ਼ਾਮ ਤਕ ਸਰਕਾਰੀ ਖ਼ਰੀਦ 86 ਲੱਖ ਤਕ ਪਹੁੰਚੀ ਤੇ ਪ੍ਰਾਈਵੇਟ ਵਪਾਰੀਆਂ ਨੇ 5 ਲੱਖ ਟਨ ਦੇ ਕਰੀਬ ਐੱਮ ਐੱਸ ਪੀ 2015 ਰੁਪਏ ਪ੍ਰਤੀ ਕੁਇੰਟਲ ਤੋਂ 100 ਰੁਪਏ ਦਾ ਵਾਧ ਰੇਟ ਦੇ ਕੇ ਖ਼ਰੀਦੀ |
ਅਨਾਜ ਸਪਲਾਈ ਵਿਭਾਗ ਦੇ ਅੰਦਰੂਨੀ ਸੂਤਰਾਂ ਨੇ ਦਸਿਆ ਕਿ 'ਆਪ' ਸਰਕਾਰ ਦੇ ਮੁੱਖ ਮੰਤਰੀ, ਹੋਰ ਮੰਤਰੀਆਂ ਤੇ ਸੀਨੀਅਰ ਅਫ਼ਸਰ ਅਜੇ ਵੀ ਤਰਕ ਦੇਣ ਵਿਚ ਲੱਗੇ ਹਨ ਕਿ ਵਕਤ ਸਿਰ, ਸਰਕਾਰੀ ਖ਼ਰੀਦ ਕਰਨ ਵਾਸਤੇ 6 ਪ੍ਰਤੀਸ਼ਤ ਮਾਜੂ ਤੇ ਫੁੱਲੇ ਹੋਏ ਦਾਣੇ ਵਿਚ ਵਾਧੂ ਛੋਟ ਮਿਲੇ | ਸੂਤਰਾਂ ਨੇ ਦਸਿਆ ਕਿ 1 ਅਪ੍ਰੈਲ ਤੋਂ ਸ਼ੁਰੂ ਹੋਈ ਖ਼ਰੀਦ ਦੇ 25 ਦਿਨਾਂ ਵਿਚ ਕੇਂਦਰੀ ਏਜੰਸੀ ਐਫ਼ਸੀਆਈ ਨੇ ਕੇਵਲ 6 ਲੱਖ ਟਨ ਕਣਕ ਖ਼ਰੀਦੀ ਹੈ | ਬਾਕੀ 4 ਪੰਜਾਬ ਸਰਕਾਰ ਦੀਆਂ ਏਜੰਸੀਆਂ ਪਨਸਪ-ਪੌਣੇ 20 ਲੱਖ, ਪਨਗਰੇਨ 25 ਲੱਖ, ਮਾਰਕਫ਼ੈੱਡ 20 ਲੱਖ ਟਨ ਅਤੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਨੇ 12.75 ਲੱਖ ਟਨ ਦੀ ਖ਼ਰੀਦ
ਕੀਤੀ ਹੈ | ਮੰਡੀਆਂ ਵਿਚ ਵਿਕਣ ਵਾਸਤੇ ਆਉਂਦੀ ਕਣਕ ਦੀ ਰੋਜ਼ਾਨਾ ਆਮਦ 8 ਲੱਖ ਟਨ ਤੋਂ ਘੱਟ ਕੇ 4 ਲੱਖ ਟਨ ਰਹਿ ਗਈ ਹੈ ਅਤੇ ਅੱਜਕਲ ਢਾਈ ਤੋਂ 3 ਲੱਖ ਟਨ ਰਹਿ ਗਈ ਹੈ | ਕਿਸਾਨਾਂ ਨੂੰ 12771 ਕਰੋੜ ਦੀ ਅਦਾਇਗੀ ਕੀਤੀ ਹੈ | ਇਕ ਸੀਨੀਅਰ ਅਧਿਕਾਰੀ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ 30 ਅਪ੍ਰੈਲ ਤਕ ਸਰਕਾਰੀ ਖ਼ਰੀਦ ਕੇਵਲ 92 ਤੋਂ 95 ਲੱਖ ਟਨ ਤਕ ਅੱਪੜੇਗੀ ਅਤੇ ਪ੍ਰਾਈਵੇਟ ਵਪਾਰੀਆਂ ਦੀ ਖ਼ਰੀਦ ਅੰਦਾਜ਼ਨ 6 ਲੱਖ ਟਨ ਮਿਲ ਕੇ ਮਿਲਾ ਕੇ ਕੁਲ ਖ਼ਰੀਦ 100 ਲੱਖ ਟਨ ਤਕ ਹੀ ਪਹੁੰਚੇਗੀ |
ਗੁਆਂਢੀ ਸੂਬੇ ਵਿਚ ਹਰਿਆਣਾ ਮੰਡੀਆਂ 'ਚ 35 ਲੱਖ ਟਨ, ਮੱਧ ਪ੍ਰਦੇਸ਼ ਵਿਚ 24 ਲੱਖ ਟਨ, ਯੂਪੀ ਵਿਚ ਸਿਰਫ਼ 70,000 ਟਨ, ਰਾਜਸਥਾਨ ਵਿਚ ਜ਼ੀਰੋ ਤੇ ਹਿਮਾਚਲ ਜ਼ੀਰੋ | ਅੰਦਰੂਨੀ ਸੂਤਰਾਂ ਨੇ ਇਹ ਵੀ ਦਸਿਆ ਕਿ ਮੁਲਕ ਵਿਚ ਪੀਡੀਐਸ ਤੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤਹਿਤ ਇਸ ਸਾਲ 260+130 ਲੱਖ ਟਨ ਯਾਨੀ 390 ਲੱਖ ਟਨ ਕਣਕ (ਸਸਤਾ ਤੇ ਮੁਫ਼ਤ ਅਨਾਜ) ਦੀ ਲੋੜ ਹੈ | ਕੁਲ 190 ਲੱਖ ਅਨ ਪੁਰਾਣੀ ਸਟੋਰਾਂ ਵਿਚ ਪਈ ਹੈ,ਾ ਬਾਕੀ ਲੋੜੀਂਦੀ 200 ਲੱਖ ਪੂਰੀ ਕਰਨ ਵਾਸਤੇ ਪੰਜਾਬ ਵਿਚੋਂ 100 ਲੱਖ ਟਨ, ਹਰਿਆਣਾ ਵਿਚੋਂ 35 ਲੱਖ ਟਨ ਅਤੇ ਬਾਕੀ 55 ਲੱਖ ਟਨ ਕੇਂਦਰ ਕਿਥੋਂ ਲਿਆਵੇਗਾ? ਸੂਤਰਾਂ ਦਾ ਕਹਿਣਾ ਹੈ ਕਿ ਇਸ ਵੱਡੀ ਕਮੀ ਦੇ ਕਾਰਨ ਆਉਂਦੇ ਸਰਦੀ ਦੇ ਮੌਸਮ ਵਿਚ ਹਾਹਾਕਾਰ ਮਚੇਗੀ, ਅੰਨ ਦਾ ਘਾਟਾ ਪਵੇਗਾ |
(ਫ਼ੋਟੋ :- ਮੰਡੀਆਂ ਵਿਚ ਕਣਕ )