
ਹਿੰਦੂਤਵ ਇਕ ਸੰਸਕ੍ਰਿਤੀ ਹੈ, ਅਰਾਜਕਤਾ ਨਹੀਂ: ਸ਼ਿਵਸੈਨਾ ਨੇ ਭਾਜਪਾ ’ਤੇ ਵਿੰਨਿ੍ਹਆ ਨਿਸ਼ਾਨਾ
ਮੁੰਬਈ, 25 ਅਪ੍ਰੈਲ : ਮਹਾਂਰਾਸ਼ਟਰ ’ਚ ਹਨੂੰਮਾਨ ਚਾਲੀਸਾ ਦੇ ਪਾਠ ਨੂੰ ਲੈ ਕੇ ਪੈਦਾ ਹੋਏ ਰਾਜਨੀਤਕ ਮਾਮਲੇ ਵਿਚ ਸ਼ਿਵਸੇਨਾ ਨੇ ਸੋਮਵਾਰ ਨੂੰ ਭਾਰਤੀ ਜਨਤਾ ਪਾਰਟੀ ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਹਿੰਦੂਤਵ ਵਿਚਾਰਧਾਰਾ ਇਕ ਸੰਸਕ੍ਰਿਤੀ ਹੈ, ਅਰਾਜਕਤਾ ਨਹੀਂ। ਸ਼ਿਵਸੇਨਾ ਨੇ ਆਪਣੇ ਮੁੱਖ ਪੰਨੇ ‘ਸਾਮਨਾ’ ਦੀ ਸੰਪਾਦਕੀ ਵਿਚ ਦਾਅਵਾ ਕੀਤਾ ਕਿ ਆਜ਼ਾਦ ਸਾਂਸਦ ਨਵਨੀਤ ਰਾਣਾ ਅਤੇ ਉਸ ਦੇ ਪਤੀ ਅਤੇ ਵਿਧਾਇਕ ਰਵੀ ਰਾਣਾ ਨੇ ਜੋ ਕੁਝ ਵੀ ਕੀਤਾ ਉਸ ਪਿੱਛੇ ਭਾਜਪਾ ਦਾ ਹੱਥ ਸੀ।
ਜ਼ਿਕਰਯੋਗ ਹੈ ਕਿ ਰਾਣਾ ਜੋੜੇ ਨੂੰ ਸਨਿਚਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਦੀ ਰਿਹਾਇਸ਼ ‘ਮਾਤੋਸ਼੍ਰੀ’ ਦੇ ਬਾਹਰ ਹਨੂੰਮਾਨ ਚਾਲੀਸਾ ਦਾ ਪਾਠ ਕਰਨ ਦੀ ਗੱਲ ਕੀਤੀਸੀ, ਜਿਸ ਨਾਲ ਸ਼ਿਵਸੇਨਾ ਦੇ ਕਾਰਕੁੰਨ ਆਪੇ ਤੋਂ ਬਾਹਰ ਹੋ ਗਏ ਅਤੇ ਉਨ੍ਹਾਂ ਰਾਣਾ ਜੋੜੇ ਦੇ ਘਰ ਅੱਗੇ ਵਿਰੋਧ ਪ੍ਰਦਰਸ਼ਨ ਕੀਤਾ ਸੀ। ‘ਸਾਮਨਾ’ ’ਚ ਦੋਸ਼ ਲਗਾਇਆ ਗਿਆ ਹੈ ਕਿ ਨਵਨੀਤ ਰਾਣਾ ਅਤੇ ਉਸਦਾ ਪਤੀ ਸ਼ਹਿਰ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਹ ਸਭ ਲੋਕਸਭਾ ਪ੍ਰਧਾਨ ਓਮ ਬਿਰਲਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦਫ਼ਤਰ ’ਚ ਕਰਨਾ ਚਾਹੀਦਾ।
ਸੰਪਾਦਕੀ ’ਚ ਕਿਹਾ ਗਿਆ, ‘‘ਮਹਾਰਾਸ਼ਟਰ ’ਚ ਹਿੰਦੂਤਵ ਵਧੀਆ ਚੱਲ ਰਿਹਾ ਹੈ, ਕਿਉਂਕਿ ਇਸ ਦੀ ਅਗਵਾਈ ਮੁੱਖ ਮੰਤਰੀ ਉਧਵ ਠਾਕਰੇ ਕਰ ਰਹੇ ਹਨ। ਰਾਜ ’ਚ ਹਨੂੰਮਾਨ ਚਾਲੀਸਾ ਦੇ ਪਾਠ ’ਤੇ ਕੋਈ ਮਨਾਹੀ ਨਹੀਂ ਹੈ ਪਰੰਤੂ ਮਾਤੋਸ਼੍ਰੀ ਦੇ ਬਾਹਰ ਇਸ ਨੂੰ ਕਰਨ ਦੀ ਜਿੱਦ ਕਿਉਂ ਕੀਤੀ ਗਈ ਸੀ?’’ (ਪੀਟੀਆਈ)