
ਜਹਾਂਗੀਰਪੁਰੀ ’ਚ ਸੁਰੱਖਿਆ ਵਿਵਸਥਾ ਦੀ ਸਮੀਖਿਆ ਕੀਤੀ ਜਾ ਰਹੀ ਹੈ : ਦਿੱਲੀ ਪੁਲਿਸ
ਨਵੀਂ ਦਿੱਲੀ, 25 ਅਪ੍ਰੈਲ : ਦਿੱਲੀ ਪੁਲਿਸ ਨੇ ਕਿਹਾ ਕਿ ਹਿੰਸਾ ਪ੍ਰਭਾਵਿਤ ਜਹਾਂਗੀਰਪੁਰੀ ’ਚ ਸੁਰਖਿਆ ਦੀ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਮੌਜੂਦਾ ਸਥਿਤੀ ਅਨੁਸਾਰ ਵਾਧੂ ਬਲਾਂ ਨੂੰ ਤੈਨਾਤ ਕਰਨ ਦਾ ਫ਼ੈਸਲਾ ਲਿਆ ਜਾਏਗਾ। ਆਮ ਸਥਿਤੀ ਬਹਾਲ ਕਰਨ ਦੀ ਕੋਸ਼ਿਸ਼ ’ਚ ਹਿੰਦੂ ਅਤੇ ਮੁਸਲਿਸ ਭਾਈਚਾਰੇ ਦੇ ਲੋਕਾਂ ਨੇ ਐਤਵਾਰ ਨੂੰ ਜਹਾਂਗੀਰਪੁਰੀ ਸੀ ਬਲਾਕ ’ਚ ‘ਤਿਰੰਗਾ ਯਾਤਰਾ’ ਕੱਢੀ ਅਤੇ ਸ਼ਾਂਤੀ ਅਤੇ ਸਦਭਾਵਨਾ ਦਾ ਸੰਦੇਸ਼ ਦਿਤੀ। ਇਸੇ ਬਲਾਕ ’ਚ 16 ਅਪ੍ਰੈਲ ਨੂੰ ਹਿੰਸਾ ਵਾਪਰੀ ਸੀ।
ਦਿੱਲੀ ਪੁਲਿਸ ਨੇ ਇਲਾਕੇ ’ਚ ਸੁਰਖਿਆ ਕਰਮਚਾਰੀ ਤੈਨਾਤ ਕਰਕੇ ਰੈਲੀ ਕੱਢਣ ’ਚ ਮਦਦ ਕੀਤੀ। ਇਸ ਰੈਲੀ ’ਚ ਦੋਵੇਂ ਭਾਈਚਾਰਿਆਂ ਦੇ 50 ਲੋਕਾਂ ਨੂੰ ਸ਼ਾਮਲ ਕਰਨ ਦੀ ਮਨਜ਼ੂਰੀ ਦਿਤੀ ਗਈ ਸੀ। ਯਾਤਰਾ ਤੋਂ ਇਕ ਦਿਨ ਬਾਅਦ ਉਤਰ ਪੱਛਮੀ ਦਿੱਲੀ ਪੁਲਿਸ ਡੀਸੀਪੀ ਊਸ਼ਾ ਰੰਗਨਾਨੀ ਨੇ ਕਿਹਾ, ‘ਮੌਜੂਦਾ ਸਥਿਤੀ ਦੇ ਆਧਾਰ ’ਤੇ ਸੁਰਖਿਆ ਵਿਵਸਥਾ ਦੀ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਇਸ ਮੁਤਾਬਿਕ ਅਸੀਂ ਸੁਰਖਿਆ ਦੇ ਹੋਰ ਫ਼ੈਸਲੇ ਲਵਾਂਗੇ।’ ਉਨ੍ਹਾਂ ਕਿਹਾ ਕਿ ਫਿਲਹਾਲ ਇਲਾਕੇ ’ਚ 500 ਤੋਂ ਵਧ ਪੁਲਿਸ ਕਰਮਚਾਰੀ ਅਤੇ ਵਾਧੂ ਬਲ ਦੀਆਂ ਛੇ ਕੰਪਨੀਆਂ ਨੂੰ ਤੈਨਾਤ ਕੀਤਾ ਗਿਆ ਹੈ। ਇਲਾਕੇ ’ਚ ਡ੍ਰੋਨ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ। ਹੰਝੂ ਗੈਲ ਨਾਲ ਲੈਸ ਅਤੇ ਪਾਣੀ ਦੀ ਬੁਛਾੜਾਂ ਕਰਨ ਵਾਲੇ ਕੁਲ 80 ਦਲ ਤੈਨਾਤ ਕੀਤੇ ਗਏ ਹਨ। (ਪੀਟੀਆਈ)