
ਪੰਜਾਬੀ ਵਿਕਾਸ ਯੂ.ਕੇ. ਵਲੋਂ ਕੀਤੇ ਇਸ ਉਪਰਾਲੇ ਦੀ ਆਲਮੀ ਪੱਧਰ 'ਤੇ ਵੀ ਹੋ ਰਹੀ ਹੈ ਤਾਰੀਫ਼
ਮੋਹਾਲੀ (ਅਰਪਨ ਕੌਰ, ਕੋਮਲਜੀਤ ਕੌਰ) :
ਅਖਰੀ ਲਿਖਣੁ ਬੋਲਣੁ ਬਾਣਿ ॥
ਅਖਰਾ ਸਿਰਿ ਸੰਜੋਗੁ ਵਖਾਣਿ ॥
ਗੁਰਬਾਣੀ ਵਿਚ ਵੀ ਗੁਰੂ ਸਾਹਿਬ ਅੱਖਰਾਂ ਦੇ ਮਹੱਤਵ ਨੂੰ ਫੁਰਮਾਉਂਦੇ ਹਨ। ਅੱਖਰ, ਸ਼ਬਦ ਅਤੇ ਵਾਕ ਮਾਂ ਬੋਲੀ ਨੂੰ ਪ੍ਰਚਲਿਤ ਕਰਦੇ ਹਨ। ਭਾਵੇਂ ਕਿਸੇ ਵੀ ਧਰਤੀ 'ਤੇ ਬੈਠੇ ਹੋਈਏ, ਜਦੋਂ ਕਿਸੇ ਆਪਣੇ ਨੂੰ ਮਿਲ ਕੇ ਮਾਂ ਬੋਲੀ ਵਿਚ ਜਜ਼ਬਾਤਾਂ ਦਾ ਆਦਾਨ-ਪ੍ਰਦਾਨ ਕਰਦੇ ਹਾਂ ਤਾਂ ਸਾਡੀ ਅਪਣੱਤ ਹੋਰ ਵੀ ਡੂੰਘੀ ਹੋ ਜਾਂਦੀ ਹੈ। ਪੰਜਾਬੀ ਵਿਕਾਸ ਯੂ.ਕੇ. ਵਲੋਂ ਵੀ ਕੁਝ ਅਜਿਹਾ ਹੀ ਉਪਰਾਲਾ ਕੀਤਾ ਜਾ ਰਿਹਾ ਹੈ।
ਪੰਜਾਬ ਤੋਂ ਸੱਤ ਸਮੁੰਦਰ ਪਾਰ ਬੈਠੇ ਬਾਸ਼ਿੰਦੇ ਜੋ ਮਾਂ ਬੋਲੀ ਪੰਜਾਬੀ ਦਾ ਭਲਾ ਲੋਚਦੇ ਹਨ, ਉਹ ਕੋਸ਼ਿਸ਼ ਕਰ ਰਹੇ ਹਨ ਕਿ ਯੂ.ਕੇ. ਦੇ ਬੱਚਿਆਂ ਨੂੰ ਵੀ ਪੰਜਾਬੀ ਨਾਲ ਜੋੜਿਆ ਜਾਵੇ ਤਾਂ ਕਿ ਉਹ ਵੀ ਆਪਣੇ ਜਜ਼ਬਾਤ ਮਾਂ ਬੋਲੀ ਪੰਜਾਬੀ ਵਿਚ ਦੂਜਿਆਂ ਅੱਗੇ ਰੱਖ ਸਕਣ। ਇਸ ਲਈ ਉਨ੍ਹਾਂ ਵਲੋਂ ਇੱਕ ਵਿਲੱਖਣ ਕੀ-ਬੋਰਡ ਤਿਆਰ ਕੀਤਾ ਹੈ ਜਿਸ ਦੀ ਮਦਦ ਨਾਲ ਪੰਜਾਬੀ ਜਾਂ ਗੁਰਮੁਖੀ ਲਿੱਪੀ ਆਸਾਨੀ ਨਾਲ ਟਾਈਪ ਕੀਤੀ ਜਾ ਸਕਦੀ ਹੈ।
ਵਿਦੇਸ਼ ਵਿਚ ਰਹਿੰਦਿਆਂ ਹੋਇਆਂ ਵੀ ਪੰਜਾਬੀ ਅਤੇ ਸਿੱਖੀ ਲਈ ਨਿਵੇਕਲਾ ਉਪਰਾਲਾ ਕਰਨ ਵਾਲੇ ਸ਼ਿੰਦਰਪਾਲ ਸਿੰਘ ਮਾਹਲ ਨੇ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਿਸੇ ਵੀ ਭਾਸ਼ਾ ਨੂੰ ਪ੍ਰਫੁਲਤ ਕਰਨ ਲਈ ਅੱਖਰਾਂ ਦਾ ਵੱਡਾ ਯੋਗਦਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਕੰਪਿਊਟਰ ਯੁੱਗ 'ਚ ਹੋਰ ਭਾਸ਼ਾਵਾਂ ਜਿਵੇਂ ਰੋਮਨ, ਜਰਮਨ, ਫ੍ਰੈਂਚ ਆਦਿ ਵਿਚ ਕੀ-ਬੋਰਡ ਹਨ ਪਰ ਪੰਜਾਬੀ ਭਾਸ਼ਾ ਦਾ ਆਪਣਾ ਇੱਕ ਕੀ-ਬੋਰਡ ਨਾ ਹੋਣ ਦੀ ਘਾਟ ਮਹਿਸੂਸ ਹੋ ਰਹੀ ਸੀ। ਇਸੇ ਨੂੰ ਧਿਆਨ ਵਿਚ ਰੱਖਦਿਆਂ ਇਹ ਕੀ-ਬੋਰਡ ਤਿਆਰ ਕੀਤਾ ਗਿਆ ਹੈ।
ਸ਼ਿੰਦਰਪਾਲ ਸਿੰਘ ਨੇ ਦੱਸਿਆ ਕਿ ਕੰਪਿਊਟਰ ਲਈ ਪੰਜਾਬੀ ਦੀਆਂ ਪਹਿਲਾਂ ਤੋਂ ਵਰਤੀਆਂ ਜਾਂਦੀਆਂ ਕੀ-ਬੋਰਡ ਭਾਸ਼ਾਵਾਂ ਜਿਵੇਂ ਅਸੀਸ, ਜੋਏ, ਧਨੀ ਰਾਮ ਚਾਤ੍ਰਿਕ ਆਦਿ ਦਾ ਆਪਸ ਵਿਚ ਕੋਈ ਮੇਲ ਨਹੀਂ ਸੀ। ਇਸ ਤੋਂ ਇਲਾਵਾ ਇੱਕ ਹੋਰ ਵੱਡੀ ਸਮੱਸਿਆ ਇਹ ਵੀ ਸੀ ਕਿ ਜਦੋਂ ਕੋਈ ਈ-ਮੇਲ ਆਦਿ ਪੰਜਾਬੀ ਭਾਸ਼ਾ ਵਿਚ ਕੀਤੀ ਜਾਂਦੀ ਸੀ ਤਾਂ ਦੂਜੇ ਬੰਦੇ ਕੋਲ ਜੇਕਰ ਉਹ ਫੌਂਟ ਨਾ ਹੁੰਦਾ ਤਾਂ ਪੜ੍ਹਨ 'ਚ ਪ੍ਰੇਸ਼ਾਨੀ ਹੁੰਦੀ ਸੀ। ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਦਿਆਂ ਸੈਂਟਰ ਫ਼ਾਰ ਡਿਵੈਲਪਮੈਂਟ ਆਫ਼ ਅਡਵਾਂਸਡ ਕੰਪਿਊਟਿੰਗ ਦੀ ਮਦਦ ਨਾਲ ਪੰਜਾਬੀ ਦਾ ਆਪਣਾ ਸਟੈਂਡਰਡ ਕੀ-ਬੋਰਡ ਤਿਆਰ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਯੂ.ਕੇ. ਵਿਚ ਇੱਕ ਕਮੇਟੀ ਹੈ ਜੋ ਪੰਜਾਬੀ ਭਾਸ਼ਾ ਦਾ ਮੁਲਾਂਕਣ ਕਰਦੀ ਹੈ। ਇੰਨ੍ਹਾਂ ਨੰਬਰਾਂ ਦੇ ਆਧਾਰ ’ਤੇ ਯੂਨੀਵਰਸਿਟੀਆਂ 'ਚ ਦਾਖ਼ਲਾ ਮਿਲਦਾ ਹੈ। ਸ਼ਿੰਦਰਪਾਲ ਸਿੰਘ ਅਨੁਸਾਰ ਨਾਰਵੇ ਸਰਕਾਰ ਨੇ ਕਿਹਾ ਕਿ ਘੱਟ ਗਿਣਤੀ ਭਾਸ਼ਾਵਾਂ ਦੇ ਇਮਤਿਹਾਨ ਆਨਲਾਈਨ ਕੀਤੇ ਜਾਣਗੇ ਜੋ ਕਿ ਪੰਜਾਬੀ ਭਾਸ਼ਾ ਦੀ ਵਰਤੋਂ ਕਰਨ ਵਾਲਿਆਂ ਲਈ ਇੱਕ ਵੱਡੀ ਸਮੱਸਿਆ ਸੀ। ਇਸ ਕਾਰਨ ਸਾਡੇ ਵਲੋਂ ਤਿਆਰ ਕੀਤਾ ਗਿਆ ਇਹ ਕੀ-ਬੋਰਡ ਸਕੂਲਾਂ, ਕਾਲਜਾਂ ਅਤੇ ਪੰਜਾਬੀ ਭਾਸ਼ਾ ਦੀ ਵਰਤੋਂ ਕਰਨ ਵਾਲੇ ਅਦਾਰਿਆਂ ਲਈ ਵੀ ਮਦਦਗਾਰ ਸਾਬਤ ਹੋਇਆ ਹੈ।
Shindarpal Singh Mahal
ਸ਼ਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਇਹ ਉਪਰਾਲਾ 2016 ਤੋਂ ਸ਼ੁਰੂ ਕੀਤਾ ਗਿਆ ਸੀ। ਜ਼ਮੀਨੀ ਪੱਧਰ 'ਤੇ ਲਾਗੂ ਕਰਵਾਉਣ ਲਈ ਸਰਕਾਰਾਂ ਤਕ ਵੀ ਪਹੁੰਚ ਕੀਤੀ ਗਈ। ਮਾਰਚ, 2017 ਤੋਂ ਹੀ ਪੰਜਾਬ ਵਿਚ ਵੀ ਪੰਜਾਬੀ ਕੀ-ਬੋਰਡ ਨੂੰ ਵਰਤੋਂ ਵਿਚ ਲਿਆਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਸਨ ਪਰ ਸਕੂਲਾਂ ਕਾਲਜਾਂ ਵਿਚ ਜ਼ਮੀਨੀ ਪੱਧਰ 'ਤੇ ਲਾਗੂ ਨਹੀਂ ਹੋ ਸਕਿਆ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਦੀ ਮੌਜੂਦਾ ਸਰਕਾਰ ਪੰਜਾਬੀ ਭਾਸ਼ਾ ਨੂੰ ਲੈ ਕੇ ਸੁਹਿਰਦ ਨਜ਼ਰ ਆ ਰਹੀ ਹੈ ਅਤੇ ਸਾਨੂੰ ਆਸ ਹੈ ਕਿ ਸਾਡੀ ਕੋਸ਼ਿਸ਼ ਨੂੰ ਅਮਲੀ ਜਾਮਾ ਪਹਿਨਾਇਆ ਜਾਵੇਗਾ। ਸ਼ਿੰਦਰਪਾਲ ਸਿੰਘ ਨੇ ਦੱਸਿਆ ਕਿ ਮੌਜੂਦਾ ਪੰਜਾਬ ਸਰਕਾਰ ਵਲੋਂ ਸੂਬੇ ਵਿਚ ਪੰਜਾਬੀ ਭਾਸ਼ਾ ਨੂੰ ਉਚਾ ਚੁੱਕਣ ਲਈ ਪਹਿਲਕਦਮੀਆਂ ਕੀਤੀਆਂ ਗਈਆਂ ਹਨ। ਤਖ਼ਤੀਆਂ, ਬੋਰਡ, ਸਕੂਲਾਂ, ਕਾਲਜਾਂ, ਅਤੇ ਅਦਾਰਿਆਂ ਵਿਚ ਵੀ ਪੰਜਾਬੀ ਭਾਸ਼ਾ ਦੀ ਵਰਤੋਂ ਬਾਰੇ ਯਕੀਨੀ ਬਣਾਇਆ ਜਾ ਰਿਹਾ ਹੈ ਤਾਂ ਇਸ ਨੂੰ ਹੋਰ ਸੁਖਾਲਾ ਬਣਾਉਣ ਲਈ ਇਹ ਕੀ-ਬੋਰਡ ਸਾਰਥਕ ਸਿੱਧ ਹੋਵੇਗਾ ਕਿਉਂਕਿ ਅੱਜ ਦੇ ਡਿਜੀਟਲ ਯੁੱਗ ਵਿਚ ਸਾਰੇ ਕੰਮ ਕੰਪਿਊਟਰ 'ਤੇ ਹੀ ਨਿਰਭਰ ਕਰਦੇ ਹਨ।
ਜਾਣਕਾਰੀ ਦਿੰਦਿਆਂ ਸ਼ਿੰਦਰਪਾਲ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਅਦਾਰੇ (ਸੈਂਟਰ ਫ਼ਾਰ ਡਿਵੈਲਪਮੈਂਟ ਆਫ਼ ਅਡਵਾਂਸਡ ਕੰਪਿਊਟਿੰਗ) ਨੇ ਕਰੀਬ 30 ਸਾਲ ਪਹਿਲਾਂ ਇਸ ਦਾ ਲੇਆਉਟ ਤਿਆਰ ਕੀਤਾ ਸੀ। ਜਿਸ ਤੋਂ ਬਾਅਦ ਅਸੀਂ ਪੰਜਾਬੀ ਦਾ ਕੀ-ਬੋਰਡ ਤਿਆਰ ਕਰਨ ਬਾਰੇ ਸੋਚਿਆ ਅਤੇ ਇਸ ਦੀ ਮਦਦ ਨਾਲ ਗੁਰਬਾਣੀ 'ਚ ਮੌਜੂਦ ਸਾਰੀਆਂ ਲਗਾ ਮਾਤਰਾਵਾਂ ਆਸਾਨੀ ਨਾਲ ਲਿਖੀਆਂ ਜਾ ਸਕਦੀਆਂ ਹਨ।
Keyboard
ਜੇਕਰ ਇਸ ਕੀ-ਬੋਰਡ ਦੀ ਖ਼ਾਸੀਅਤ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਮਦਦ ਨਾਲ ਪੰਜਾਬੀ ਅਤੇ ਗੁਰਮੁਖੀ ਦੇ ਕਿਸੇ ਵੀ ਅੱਖਰ ਨੂੰ ਆਸਾਨੀ ਨਾਲ ਟਾਈਪ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਹ ਸਮਰੱਥ ਕੀ-ਬੋਰਡ ਹੈ ਜਿਸ ਦੀ ਸਹਾਇਤਾ ਨਾਲ ਹੁਣ ਕੋਈ ਵੀ ਗੁੰਝਲਦਾਰ ਸ਼ਬਦ ਲਿਖਣ ਲਈ ਰੋਮਨ ਕੀਬੋਰਡ ਦੀ ਮਦਦ ਨਹੀਂ ਲੈਣੀ ਪਵੇਗੀ। ਇਸ ਕੀਬੋਰਡ ਦੀ ਅਹਿਮੀਅਤ ਨੂੰ ਸਮਝਦਿਆਂ ਹੋਇਆਂ ਮਾਈਕ੍ਰੋਸਾਫ਼ਟ ਅਤੇ ਐਪਲ ਸਮੇਤ ਹੋਰ ਵੱਡੀਆਂ ਕੰਪਨੀਆਂ ਵਲੋਂ ਇਸ ਲੇਆਉਟ ਨੂੰ ਅਪਣਾਇਆ ਗਿਆ ਹੈ। ਇਸ ਕੀ-ਬੋਰਡ ਨੂੰ ਯੂ.ਕੇ ਦੇ ਸਕੂਲਾਂ ਅਤੇ ਕਾਲਜਾਂ ਵਿਚ ਵੀ ਵਰਤਿਆ ਜਾ ਰਿਹਾ ਹੈ। ਸ਼ਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਇਸ ਕੀ-ਬੋਰਡ ਦੇ ਹੋਂਦ ਵਿਚ ਆਉਣ ਨਾਲ ਪੰਜਾਬੀ ਬੋਲੀ ਦਾ ਕੱਦ ਹੋਰ ਵੀ ਉਚਾ ਹੋਇਆ ਹੈ ਜਿਸ ਦਾ ਉਨ੍ਹਾਂ ਨੂੰ ਫ਼ਖ਼ਰ ਹੈ।
ਸ਼ਿੰਦਰਪਾਲ ਸਿੰਘ ਅਨੁਸਾਰ ਇਸ ਨਿਵੇਕਲੇ ਕੀ-ਬੋਰਡ ਵਿਚ ਉਹ ਗੁਰਮੁਖੀ ਅੱਖਰ ਵੀ ਪਾਏ ਗਏ ਹਨ ਜੋ ਪਹਿਲਾਂ ਜੋ ਮੌਜੂਦ ਕੀ-ਬੋਰਡਾਂ ਦੀ ਮਦਦ ਨਾਲ ਨਹੀਂ ਲਿਖੇ ਜਾ ਸਕਦੇ ਸਨ। ਇਨ੍ਹਾਂ ਵਿਚ ਸ੍ਵਰ ਅੱਖਰ, ਵਿਅੰਜਨ ਅਤੇ ਹੋਰ ਚਿੰਨ੍ਹ ਜਿਵੇਂ ਏਕਉਂਕਾਰ ਅਤੇ ਖੰਡਾ ਆਦਿ ਵੀ ਸ਼ਾਮਲ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕੀ-ਬੋਰਡ ਅਤੇ ਫੌਂਟ ਵਿਚ ਬਹੁਤ ਅੰਤਰ ਹੁੰਦਾ ਹੈ ਪਰ ਅੱਜ ਦੇ ਬੱਚਿਆਂ ਨੂੰ ਇਹ ਸਪਸ਼ਟ ਨਹੀਂ ਹੈ। ਇਸ ਦੀ ਸਮਝ ਲਈ ਵੈਬਸਾਈਟ ਪੰਜਾਬੀ ਡਾਟ ਕਾਮ ਤੋਂ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।
ਸ਼ਿੰਦਰਪਾਲ ਸਿੰਘ ਅਨੁਸਾਰ ਇਸ ਕੀ-ਬੋਰਡ ਨੂੰ ਤਿਆਰ ਕਰਨ ਲਈ ਸਿੱਖ ਵਿਦਵਾਨਾਂ ਅਤੇ ਮਾਹਰਾਂ ਨਾਲ ਵੀ ਗੱਲਬਾਤ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਯੂ.ਕੇ ਸਮੇਤ ਵਿਦੇਸ਼ਾਂ ਵਿਚ ਵਸਦਾ ਪੰਜਾਬੀ ਭਾਈਚਾਰਾ ਤਕਨੀਕੀ ਪੱਖ ਤੋਂ ਥੋੜਾ ਪਿੱਛੇ ਹੈ। ਪੰਜਾਬੀ ਭਾਸ਼ਾ ਦੇ ਪ੍ਰਸਾਰ ਲਈ ਉਨ੍ਹਾਂ ਵਲੋਂ ਯੂ.ਕੇ ਦੀਆਂ ਲਿਖਾਰੀ ਸਭਾਵਾਂ, ਸਕੂਲਾਂ ਅਤੇ ਪੰਜਾਬੀ ਭਾਈਚਾਰੇ ਦੇ ਲੋਕਾਂ ਤਕ ਪਹੁੰਚ ਕੀਤੀ ਗਈ। ਪੰਜਾਬ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜਿਵੇਂ ਪੰਜਾਬ ਸਰਕਾਰ ਵਲੋਂ ਸੂਬੇ ਵਿਚ ਪੰਜਾਬੀ ਲਾਗੂ ਕਰਨ ਦੀਆਂ ਅਣਥੱਕ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜੇਕਰ ਇਹ ਕੀਬੋਰਡ ਪੰਜਾਬ ਦੇ ਸਕੂਲਾਂ, ਕਾਲਜਾਂ ਅਤੇ ਅਦਾਰਿਆਂ ਵਿਚ ਵਰਤਿਆ ਜਾਵੇਗਾ ਤਾਂ ਹੋਰ ਵੀ ਸਹਾਇਤਾ ਹੋਵੇਗੀ।
ਉਨ੍ਹਾਂ ਦੱਸਿਆ ਕਿ ਇਸ ਕੀ-ਬੋਰਡ ਦੀ ਵਰਤੋਂ ਕਿਵੇਂ ਕਰਨੀ ਹੈ, ਇਸ ਲਈ ਬਾ-ਕਾਇਦਾ ਉਨ੍ਹਾਂ ਵਲੋਂ ਵੱਖ-ਵੱਖ ਜਗ੍ਹਾ 'ਤੇ ਸੈਮੀਨਾਰ ਵੀ ਕੀਤੇ ਗਏ ਹਨ। ਸ਼ਿੰਦਰਪਾਲ ਸਿੰਘ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਵੀ ਅਪੀਲ ਕੀਤੀ ਕਿ ਅੱਜ ਦੇ ਯੁੱਗ ਵਿਚ ਹਰ ਚੀਜ਼ ਕੰਮਪਿਊਟਰ 'ਤੇ ਨਿਰਭਰ ਕਰਦੀ ਹੈ। ਇਸ ਲਈ ਮਾਂ ਬੋਲੀ ਦੇ ਪਾਸਾਰ ਲਈ ਪੰਜਾਬੀ ਭਾਸ਼ਾ 'ਚ ਬਣਿਆ ਇਹ ਮਿਆਰੀ ਕੀਬੋਰਡ ਅਪਣਾਇਆ ਜਾਵੇ।