
Mohali Mews: ਸਿਹਤ ਵਿਭਾਗ ਨੇ 5 ਥਾਵਾਂ ਤੋਂ ਲਏ ਪਾਣੀ ਦੇ ਨਮੂਨੇ, ਮੈਡੀਕਲ ਜਾਂਚ ਕੈਂਪ ਹੋਇਆ ਸ਼ੁਰੂ
ਮੋਹਾਲੀ, 25 ਅਪ੍ਰੈਲ (ਸਤਵਿੰਦਰ ਸਿੰਘ ਧੜਾਕ) ਮੋਹਾਲੀ ਸ਼ਹਿਰ ਵਿਚ ਫੇਜ਼ 3ਏ ਦੇ ਬਿਲਕੁੱਲ ਨੇੜੇ ਪਿੰਡ ਮਦਨਪੁਰਾ ਪਿੰਡ ਵਿਚ ਦਸਤ ਦੇ ਮਾਮਲੇ ਫੈਲਣ ਤੋਂ ਬਾਅਦ ਜ਼ਿਲ੍ਹ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਹਰਕਤ ਵਿਚ ਆ ਗਿਆ ਹੈ। ਹੁਣ ਤਕ ਪਿੰਡ ਵਿਚ ਕੁੱਲ 17 ਲੋਕ ਦਸਤ ਤੋਂ ਪੀੜਤ ਹੋ ਚੁੱਕੇ ਹਨ, ਜਿਨ੍ਹਾਂ ਵਿਚ 3 ਛੋਟੇ ਬੱਚੇ ਵੀ ਸ਼ਾਮਲ ਹਨ।
ਮੁੱਢਲੀ ਜਾਣਕਾਰੀ ਅਨੁਸਾਰ, ਪਿੰਡ ਵਿਚ ਪਿਛਲੇ ਦੋ ਦਿਨਾਂ ਤੋਂ ਪਾਣੀ ਦੀ ਕਿੱਲਤ ਸੀ, ਜਿਸ ਕਾਰਨ ਪਿੰਡ ਵਾਸੀ ਲਗਾਤਾਰ ਟੁੱਲੂ ਪੰਪਾਂ ਦੀ ਵਰਤੋਂ ਕਰ ਰਹੇ ਸਨ। ਇਹ ਖਦਸ਼ਾ ਹੈ ਕਿ ਇਨ੍ਹਾਂ ਟੁੱਲੂ ਪੰਪਾਂ ਤੋਂ ਪ੍ਰਦੂਸ਼ਿਤ ਪਾਣੀ ਪੀਣ ਕਾਰਨ ਲੋਕਾਂ ਨੂੰ ਪੇਟ ਦਰਦ, ਦਸਤ ਅਤੇ ਉਲਟੀਆਂ ਵਰਗੀਆਂ ਸਮੱਸਿਆਵਾਂ ਹੋਣ ਲੱਗ ਪਈਆਂ।
ਦਸਤ ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ, ਮੋਹਾਲੀ ਸਿਵਲ ਹਸਪਤਾਲ ਵਿੱਚ ਮਰੀਜ਼ਾਂ ਦੀ ਲਗਾਤਾਰ ਆਵਾਜਾਈ ਹੈ ਅਤੇ ਉਨ੍ਹਾਂ ਦਾ ਇਲਾਜ ਜਾਰੀ ਹੈ। ਸਿਹਤ ਵਿਭਾਗ ਨੇ ਤੇਜ਼ੀ ਨਾਲ ਕਾਰਵਾਈ ਕੀਤੀ ਹੈ ਅਤੇ ਪਿੰਡ ਵਿਚ ਇਕ ਮੈਡੀਕਲ ਜਾਂਚ ਕੈਂਪ ਸ਼ੁਰੂ ਕੀਤਾ ਹੈ ਤਾਂ ਜੋ ਹੋਰ ਮਾਮਲਿਆਂ ਦੀ ਪਛਾਣ ਕੀਤੀ ਜਾ ਸਕੇ ਅਤੇ ਸਮੇਂ ਸਿਰ ਇਲਾਜ ਦਿਤਾ ਜਾ ਸਕੇ।
ਵਿਭਾਗ ਦੀਆਂ ਟੀਮਾਂ ਨੇ ਪੰਜ ਵੱਖ—ਵੱਖ ਥਾਵਾਂ ਤੋਂ ਪਾਣੀ ਦੇ ਨਮੂਨੇ ਵੀ ਲਏ ਹਨ। ਇਨ੍ਹਾਂ ਨਮੂਨਿਆਂ ਦੀ ਰਿਪੋਰਟ ਸੋਮਵਾਰ ਤੱਕ ਆਉਣ ਦੀ ਸੰਭਾਵਨਾ ਹੈ, ਜਿਸ ਨਾਲ ਪਾਣੀ ਵਿਚ ਇਨਫੈਕਸ਼ਨ ਦੀ ਪੁਸ਼ਟੀ ਹੋਵੇਗੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਹਰਮਨ ਬਰਾੜ ਨੇ ਦੱਸਿਆ ਸਿਹਤ ਵਿਭਾਗ ਨੇ ਕੈਂਪ ਲਗਾਇਆ ਸੀ। ਇਸ ਵੇਲੇ ਪਿੰਡ ਵਿਚ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਲੋਕਾਂ ਨੂੰ ਉਬਾਲ ਕੇ ਜਾਂ ਸਾਫ਼ ਪਾਣੀ ਪੀਣ ਦੀ ਸਲਾਹ ਦਿੱਤੀ ਗਈ ਹੈ। ਸਿਹਤ ਵਿਭਾਗ ਦੀਆਂ ਟੀਮਾਂ ਘਰ—ਘਰ ਜਾ ਕੇ ਲੋਕਾਂ ਦੀ ਸਿਹਤ ਦੀ ਜਾਂਚ ਕਰ ਰਹੀਆਂ ਹਨ ਅਤੇ ਇਨਫੈਕਸ਼ਨ ਤੋਂ ਬਚਾਅ ਬਾਰੇ ਜਾਣਕਾਰੀ ਦੇ ਰਹੀਆਂ ਹਨ।