
ਈ.ਡੀ ਨੇ ਵੀਰਵਾਰ ਦੀ ਰਾਤ ਨੂੰ ਕੰਪਨੀ ਦੇ ਦਿੱਲੀ, ਗੁਰੂਗ੍ਰਾਮ ਅਤੇ ਅਹਿਮਦਾਬਾਦ ਸਥਿਤ ਦਫਤਰਾਂ ‘ਚ ਮਾਰੇ ਸੀ ਛਾਪੇ
ਲੁਧਿਆਣਾ: 262 ਕਰੋੜ ਰੁਪਏ ਦੀ ਹੇਰਾਫੇਰੀ ਦੇ ਇਲਜ਼ਾਮਾਂ ਦੇ ਚਲਦਿਆਂ ਇਨਫੋਰਸਮੈਂਟ ਡਾਇਰੇਕਟੋਰੇਟ (ਈ.ਡੀ) ਵੱਲੋਂ ਫੇਮਾ (ਵਿਦੇਸ਼ੀ ਮੁਦਰਾ ਨਿਯਮਾਂ) ਦੇ ਉਲੰਘਣ ਦੇ ਮਾਮਲੇ ਵਿੱਚ ਜੇਨਸੋਲ ਇੰਜੀਨਿਅਰਿੰਗ ਲਿਮਿਟਿਡ ਦੇ ਕੋ-ਫਾਉਂਡਰ ਪੁਨੀਤ ਸਿੰਘ ਜੱਗੀ ਅਤੇ ਅਨਮੋਲ ਸਿੰਘ ਜੱਗੀ ਖਿਲਾਫ ਲੁਕਆਊਟ ਸਰਕੁਲਰ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਈ.ਡੀ ਨੇ ਵੀਰਵਾਰ 24 ਅਪੈ੍ਰਲ ਦੀ ਰਾਤ ਨੂੰ ਕੰਪਨੀ ਦੇ ਦਿੱਲੀ, ਗੁਰੂਗ੍ਰਾਮ ਅਤੇ ਅਹਿਮਦਾਬਾਦ ਸਥਿਤ ਦਫਤਰਾਂ ‘ਚ ਛਾਪੇ ਮਾਰੇ ਸਨ। ਇਸ ਮੌਕੇ ਦਿੱਲੀ ਦੇ ਇੱਕ ਹੋਟਲ ਤੋਂ ਕੋ-ਫਾਉਂਡਰ ਪੁਨੀਤ ਸਿੰਘ ਜੱਗੀ ਨੂੰ ਹਿਰਾਸਤ ‘ਚ ਲੈ ਕੇ ਉਸਦੇ ਕੋਲੋਂ 7 ਘੰਟਿਆਂ ਤੱਕ ਪੁੱਛਗਿੱਛ ਵੀ ਕੀਤੀ ਸੀ। ਈ.ਡੀ ਨੇ ਇਹ ਕਾਰਵਾਈ ਸਕਿੳੇੁਰਿਟੀ ਐਕਸਚੇਂਜ ਬੋਰਡ ਆਫ ਇੰਡੀਆ (ਐਸ.ਈ.ਬੀ.ਆਈ ਜਾਂ ਸੇਬੀ) ਦੇ ਐਕਸ਼ਨ ਤੋਂ ਬਾਅਦ ਫੇਮਾ (ਫੋਰਨ ਐਕਚੇਂਜ ਮੈਨੇਜਮੈਂਟ ਐਕਟ) ਅਧੀਨ ਕੀਤੀ। ਸੇਬੀ ਨੇ ਦਾਅਵਾ ਕੀਤਾ ਸੀ ਕਿ ਜੱਗੀ ਬ੍ਰਦਰਜ਼ ਨੇ ਇਲੈਕਟ੍ਰਿਕ ਵਹੀਕਲ ਖਰੀਦਣ ਦੇ ਲਈ ਲਏ ਲੋਨ ਦਾ ਗਲਤ ਇਸਤੇਮਾਲ ਕੀਤਾ।
ਦੱਸਣਾ ਬਣਦਾ ਹੈ ਕਿ ਜੈਨਸੋਲ ਨੂੰ ਅਨਮੋਲ ਸਿੰਘ ਜੱਗੀ ਅਤੇ ਪੁਨੀਤ ਸਿੰਘ ਜੱਗੀ ਨੇ 2012 ‘ਚ ਸੋਲਰ ਅੇਨਰਜੀ ਕੰਸਲਟੈਂਸੀ ਅਤੇ ਇੰਜੀਨਿਅਰਿੰਗ, ਪ੍ਰੋਕਿਓਰਮੈਂਟ ਅਤੇ ਕੰਸਟ੍ਰਕਸ਼ਨ (ਈਪੀਸੀ) ਫਰਮ ਦੇ ਰੂਪ ‘ਚ ਜੇਨਸੋਲ ਇੰਜੀਨਿਅਰਿੰਗ ਲਿਮਿਟਿਡ ਦੀ ਸ਼ੁਰੂਆਤ ਕੀਤੀ ਸੀ। ਇਸਨੇ ਆਪਣੀ ਸਬਸਿਡਰੀ ਈਵੀ ਰਾਈਡ-ਹੇਲਿੰਗ ਪਲੇਟਫਾਰਮ ਬਲੂਸਮਾਰਟ ਮੋਬਿਲਿਟੀ ਰਾਹੀਂ ਈਵੀ ਲੀਜ਼ਿੰਗ ਅਤੇ ਮੈਨੂਫੈਕਚਰਿੰਗ ‘ਚ ਵਿਸਥਾਰ ਕੀਤਾ। ਜੈਨਸੋਲ ਈਵੀ ਰਾਈਡ-ਹੇਲਿੰਗ ਪਲੇਟਫਾਰਮ ਬਲੂ ਸਮਾਰਟ ਮੋਬਿਲਿਟੀ ਵੀ ਆਪ੍ਰੇਟ ਕਰਦੀ ਹੈ। 2019 ‘ਚ ਜੇਨਸੋਲ ਦੇ ਸ਼ੇਅਰਾਂ ਦੀ ਲਿਸਟਿੰਗ ਐਨਐਸਈ ਇਮਰਜ ਪਲੇਟਫਾਰਮ ‘ਤੇ ਹੋਈ ਅਤੇ 2023 ‘ਚ ਇਸਦੇ ਸ਼ੇਅਰ ਨੈਸ਼ਨਲ ਅਤੇ ਬੰਬੇ ਸਟਾਕ ਐਕਚੇਂਜ ‘ਤੇ ਲਿਸਟ ਹੋਏ। ਸੱਤ ਹਜ਼ਾਰ ਕਰੋੜ ਰੁਪਏ ਦੀ ਆਰਡਰ ਬੁੱਕ ਅਤੇ ਵਧਦੇ ਰੈਵੇਨਿਊ ਦੇ ਨਾਲ ਰਿਨਿਊਏਬਲ ਐਨਰਜੀ ਅਤੇ ਈਵੀ ਸੈਕਟਰ ‘ਚ ਲੋਕਾਂ ਦੇ ਜ਼ਬਰਦਸਤ ਰੁਝਾਨ ਨਾਲ ਸ਼ੇਅਰ 2022 ਤੋਂ 2024 ਦਰਮਿਆਨ 2600 ਫੀਸਦੀ ਚੜ੍ਹਿਆ।
ਜਾਣਕਾਰੀ ਮੁਤਾਬਕ ਕੰਪਨੀ ਨੇ ਇੰਡੀਅਨ ਰਿਨਿਊਏਬਲ ਐਨਰਜੀ ਡਿਪੈਵਪਮੈਂਟ ਏਜੰਸੀ (ਇਰੇਡਾ) ਅਤੇ ਪਾਵਰ ਫਾਈਨਾਂਸ ਕਾਰਪੋਰੇਸ਼ਨ (ਪੀਐਫਸੀ) ਵਰਗੀਆਂ ਸੰਸਥਾਵਾਂ ਤੋਂ 977.75 ਕਰੋੜ ਰੁਪਏ ਦਾ ਟਰਮ ਲੋਨ ਲਿਆ। ਇਸ ਵਿੱਚੋਂ 664 ਕਰੋੜ ਰੁਪਏ ਨਾਲ 6400 ਇਲੈਕਟ੍ਰਿਕ ਵਹੀਕਲ (ਈਵੀ) ਖ੍ਰੀਦਣੇ ਸੀ, ਜਿਨ੍ਹਾਂ ਨੂੰ ਬਲੂ ਸਮਾਰਟ ਨੂੰ ਲੀਜ਼ ‘ਤੇ ਦੇਣਾ ਸੀ। ਹਾਲਾਂਕਿ, ਫਰਵਰੀ 2025 ਤੱਕ 567.73 ਕਰੋੜ ਮੁੱਲ ਦੇ ਸਿਰਫ 4704 ਵਹੀਕਲ ਹੀ ਖ੍ਰੀਦੇ ਹਏ। 262.13 ਕਰੋੜ ਦਾ ਹਿਸਾਬ ਹੀ ਨਹੀਂ ਹੋ ਸਕਿਆ। ਸੇਬੀ ਦੀ ਤਫਤੀਸ਼ ‘ਚ ਪਤਾ ਲੱਗਿਆ ਕਿ ਜਦੋਂ ਵੀ ਈਵੀ ਖ੍ਰੀਦਣ ਦੇ ਲਈ ਜੇਨਸੋਲ ਤੋਂ ਗੋ-ਆਟੋ ‘ਚ ਫੰਡ ਟ੍ਰਾਂਸਫਰ ਕੀਤਾ ਗਿਆ, ਤਾਂ ਜ਼ਿਆਦਾ ਮਾਮਲਿਆਂ ‘ਚ ਜਾਂ ਤਾਂ ਇਹ ਫੰਡ ਕੰਪਨੀ ਨੂੰ ਵਾਪਸ ਟ੍ਰਾਂਸਫਰ ਕਰ ਦਿੱਤਾ ਗਿਆ ਅਤੇ ਜਾਂ ਉਨ੍ਹਾਂ ਸੰਸਥਾਵਾਂ ਨੂੰ ਭੇਜ ਦਿਤਾ ਗਿਆ ਜੋ ਸਿੱਧੇ ਜਾਂ ਅਸਿੱਧੇ ਤੌਰ ‘ਤੇ ਜੇਨਸੋਲ ਦੇ ਪ੍ਰਮੋਟਰਾਂ ਨਾਲ ਜੁੜੀਆਂ ਸੀ।