
ਪੰਜਾਬ 'ਚ ਪਿਛਲੇ 4-5 ਦਿਨਾਂ ਤੋਂ ਪੈ ਰਹੀ ਲੋਹੜੇ ਦੀ ਗਰਮੀ ਤੋਂ 28 ਮਈ ਤੋਂ ਬਾਅਦ ਕੁੱਝ ਰਾਹਤ ਮਿਲਣ ਦੀ ਸੰਭਾਵਨਾ
ਚੰਡੀਗੜ੍ਹ, 25 ਮਈ (ਐਸ.ਐਸ. ਬਰਾੜ) : ਪੰਜਾਬ 'ਚ ਪਿਛਲੇ 4-5 ਦਿਨਾਂ ਤੋਂ ਪੈ ਰਹੀ ਲੋਹੜੇ ਦੀ ਗਰਮੀ ਤੋਂ 28 ਮਈ ਤੋਂ ਬਾਅਦ ਕੁੱਝ ਰਾਹਤ ਮਿਲਣ ਦੀ ਸੰਭਾਵਨਾ ਹੈ। ਰਿਜ਼ਨਲ ਮੌਸਮ ਕੇਂਦਰ ਤੋਂ ਮਿਲੀ ਜਾਣਕਾਰੀ ਅਨੁਸਾਰ 28 ਮਈ ਤੋਂ ਬਾਅਦ ਪੂਰਬੀ ਹਵਾਵਾਂ ਚੱਲਣ ਨਾਲ ਇਸ ਸਮੇਂ ਚਲ ਰਹੀਆਂ ਗਰਮ ਹਵਾਵਾਂ ਤੋਂ ਰਾਹਤ ਮਿਲੇਗੀ। 29 ਮਈ ਨੂੰ ਮੀਂਹ ਅਤੇ ਹਨ੍ਹੇਰੀ ਚੱਲਣ ਦੀ ਭਵਿੱਖਬਾਣੀ ਵੀ ਕੀਤੀ ਗਈ ਹੈ।
ਮਾਲਵੇ ਦੇ ਇਲਾਕਿਆਂ 'ਚ ਪਿਛਲੇ 4 ਦਿਨਾਂ ਤੋਂ ਤਾਪਮਾਨ 43 ਡਿਗਰੀ ਨੂੰ ਵੀ ਪਾਰ ਕਰ ਗਿਆ ਅਤੇ ਦਿਨ ਦੇ ਸਮੇਂ ਲੂ ਅਤੇ ਗਰਮ ਹਵਾਵਾਂ ਕਾਰਨ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ। ਅੱਜ ਵੀ ਮਾਲਵੇ ਦੇ ਇਲਾਕਿਆਂ 'ਚ ਦਿਨ ਦਾ ਤਾਪਮਾਨ 43 ਡਿਗਰੀ ਤੋਂ ਉਪਰ ਪੁੱਜ ਗਿਆ ਸੀ। ਪ੍ਰੰਤੂ 29 ਮਈ ਨੂੰ ਹਨੇਰੀ ਅਤੇ ਬਾਰਸ਼ ਤੋਂ ਬਾਅਦ ਤਾਪਮਾਨ 40 ਡਿਗਰੀ ਤੋਂ ਵੀ ਹੇਠਾਂ ਆਉਣ ਦੀ ਸੰਭਾਵਨਾ ਹੈ। ਜਿਥੋਂ ਤਕ ਪੰਜਾਬ 'ਚ ਬਿਜਲੀ ਦੀ ਮੰਗ ਦਾ ਸਬੰਧ ਹੈ, ਇਹ ਪਿਛਲੇ ਚਾਰ ਦਿਨਾਂ ਤੋਂ 8 ਹਜ਼ਾਰ ਮੈਗਾਵਾਟ ਤੋਂ ਕਦੇ ਕੁੱਝ ਉਪਰ ਅਤੇ ਕਦੇ ਕੁੱਝ ਹੇਠਾਂ ਚਲ ਰਹੀ ਹੈ।
ਕੋਰੋਨਾ ਬੀਮਾਰੀ ਕਾਰਨ ਬੰਦ ਕੀਤੇ ਗਏ ਕਾਰੋਬਾਰ ਖੁਲ੍ਹਣ ਨਾਲ 18 ਮਈ ਨੂੰ ਇਕਦਮ ਰਾਜ 'ਚ ਬਿਜਲੀ ਦੀ ਮੰਗ ਲਗਭਗ ਦੋ ਹਜ਼ਾਰ ਮੈਗਾਵਾਟ ਵਧ ਕੇ 8319 ਮੈਗਾਵਾਟ ਤਕ ਪੁੱਜ ਗਈ ਸੀ। ਅੱਜ ਵੀ ਬਿਜਲੀ ਦੀ ਮੰਗ 7744 ਮੈਗਾਵਾਟ ਸੀ। ਪੰਜਾਬ 'ਚ ਬਿਜਲੀ ਦੀ ਮੰਗ 10 ਜੂਨ ਨੂੰ ਵਧ ਕੇ 13 ਹਜ਼ਾਰ ਮੈਗਾਵਾਟ ਦਾ ਅੰਕੜਾ ਵੀ ਪਾਰ ਕਰੇਗੀ। 10 ਜੂਨ ਤੋਂ ਝੋਨੇ ਦੀ ਲਵਾਈ ਲਈ ਰੋਜ਼ਾਨਾ 8 ਘੰਟੇ ਬਿਜਲੀ ਸਪਲਾਈ ਹੋਣ ਨਾਲ ਮੰਗ 4 ਤੋਂ 5 ਹਜ਼ਾਰ ਮੈਗਾਵਾਟ ਤਕ ਵਧੇਗੀ।