
ਬਲਾਕ ਸ਼ਹਿਣਾ ਦੇ ਪਿੰਡ ਉਗੋਕੇ ਵਿਖੇ 12 ਸਾਲ ਪਹਿਲਾਂ ਪੰਚਾਇਤੀ ਫ਼ੰਡ ’ਚ 4 ਲੱਖ 86 ਹਜ਼ਾਰ 930 ਰੁਪਏ ਦੇ
ਸ਼ਹਿਣਾ, 25 ਮਈ (ਨਰਿੰਦਰ ਸਿੰਗਲਾ) : ਬਲਾਕ ਸ਼ਹਿਣਾ ਦੇ ਪਿੰਡ ਉਗੋਕੇ ਵਿਖੇ 12 ਸਾਲ ਪਹਿਲਾਂ ਪੰਚਾਇਤੀ ਫ਼ੰਡ ’ਚ 4 ਲੱਖ 86 ਹਜ਼ਾਰ 930 ਰੁਪਏ ਦੇ ਗ਼ਬਨ ਮਾਮਲੇ ਵਿਚ ਉਸ ਸਮੇਂ ਦੇ ਬੀ.ਡੀ.ਪੀ.ਓ., ਪੰਚਾਇਤ ਸੈਕਟਰੀ ਅਤੇ ਸਾਬਕਾ ਸਰਪੰਚ ਵਿਰੁਧ ਥਾਣਾ ਸ਼ਹਿਣਾ ਪੁਲਿਸ ਵਲੋਂ ਨੰਬਰੀ ਦਰਖਾਸਤ ਦੇ ਆਧਾਰ ’ਤੇ ਪੜਤਾਲ ਉਪਰੰਤ ਗ਼ਬਨ ਦਾ ਪਰਚਾ ਦਰਜ ਕੀਤਾ ਗਿਆ ਹੈ। ਇਹ ਕੇਸ ਸਬੰਧੀ ਡੀ.ਸੀ. ਦੁਆਰਾ 54 ਦਿਨ ਪਹਿਲਾਂ ਮਨਜ਼ੂਰੀ ਦਿਤੀ ਗਈ ਸੀ।
ਥਾਣਾ ਸ਼ਹਿਣਾ ’ਚੋਂ ਮਿਲੀ ਜਾਣਕਾਰੀ ਅਨੁਸਾਰ ਜਗਤਾਰ ਸਿੰਘ ਪੁੱਤਰ ਭਾਗ ਸਿੰਘ ਵਾਸੀ ਉਗੋਕੇ ਵਲੋਂ ਉਕਤ ਗ਼ਬਨ ਦੇ ਮਾਮਲੇ ਵਿਚ ਸਿਵਲ ਰਿਟ ਪਟੀਸ਼ਨ ਦੇ ਆਧਾਰ ’ਤੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਸ਼ਹਿਣਾ ਦੇ ਪੱਤਰ ਨੰਬਰ 324/ ਮਿਤੀ 3 ਮਾਰਚ 2020 ਰਾਹੀਂ ਕੀਤੀ ਗਈ ਪੜਤਾਲ ਵਿਚ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਸ਼ਹਿਣਾ ਦੇ ਪੱਤਰ ਨੰਬਰ 175-77 ਮਿਤੀ 30 ਜਨਵਰੀ 2020 ਰਾਹੀਂ ਸ੍ਰੀਮਤੀ ਨਿਧੀ ਸਿਨਹਾ ਵਲੋਂ ਪੰਚਾਇਤੀ ਰਾਜ ਐਕਟ 1994 ਦੀ ਧਾਰਾ 216 ਦੀ ਵਰਤੋਂ ਕਰਦੇ ਹੋਏ 4 ਲੱਖ 86 ਹਜ਼ਾਰ 930 ਰੁਪਏ ਦੀ ਰਾਸ਼ੀ ਦਾ ਵਰਣਨ ਕੀਤਾ।
ਇਸ ਸਬੰਧੀ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਸ਼ਹਿਣਾ ਵਲੋਂ ਪੁਲਿਸ ਨੂੰ ਕਾਰਵਾਈ ਕਰਨ ਤੋਂ ਇਲਾਵਾ ਉਕਤ ਰਾਸ਼ੀ ਦੀ ਰਿਕਵਰੀ ਲਈ ਲੈਂਡ ਰੈਵੀਨਿਊ ਐਕਟ ਅਧੀਨ ਭੂ-ਮਾਲੀਆ ਘੋਸ਼ਿਤ ਕਰਨ ਲਈ ਵੀ ਲਿਖਿਆ ਗਿਆ ਸੀ। ਜਿਸ ਦੇ ਆਧਾਰ ’ਤੇ ਜਗਤਾਰ ਸਿੰਘ ਵਲੋਂ ਦਿਤੀ ਦਰਖਾਸਤ ਦੇ ਆਧਾਰ ’ਤੇ ਥਾਣਾ ਸ਼ਹਿਣਾ ਵਿਖੇ ਜਸਪ੍ਰੀਤ ਸਿੰਘ ਐਸ.ਈ.ਪੀ.ਓ. ਵਾਧੂ ਚਾਰਜ ਬੀ.ਡੀ.ਪੀ.ਓ. ਸ਼ਹਿਣਾ, ਹਰਪ੍ਰੀਤ ਸਿੰਘ ਬੀ.ਡੀ.ਓ. ਹੁਣ ਗ੍ਰਾਮ ਸੇਵਕ ਬੀ.ਡੀ.ਓ ਬਲਾਕ ਪੱਖੋਵਾਲ ਜ਼ਿਲ੍ਹਾ ਲੁਧਿਆਣਾ ਅਤੇ ਪਿੰਡ ਉਗੋਕੇ ਦੇ ਸਾਬਕਾ ਸਰਪੰਚ ਡੋਗਰ ਸਿੰਘ ਵਿਰੁੱਧ ਥਾਣਾ ਸ਼ਹਿਣਾ ਵਿਖੇ ਉਕਤ ਤਿੰਨਾਂ ਵਿਰੁਧ ਘਪਲਾ ਕਰਨ ਵਿਰੁਧ ਪਰਚਾ ਦਰਜ ਕੀਤਾ ਹੈ।
ਗ੍ਰਾਮ ਪੰਚਾਇਤ ਉੱਗੋਕੇ ਦੇ ਖਾਤੇ ਵਿੱਚੋਂ 4 ਲੱਖ 86 ਹਜਾਰ 930 ਰੁਪਏ ਰਾਸ਼ੀ ਸੈਲਫ਼ ਚੈੱਕ/ ਵਿਡਰਾਅ ਫਾਰਮ ਰਾਹੀਂ ਕਢਵਾ ਕੇ ਗ਼ਬਨ ਕਰਨ ਦੇ ਦੋਸ਼ ਵਿਚ ਮੁਕੱਦਮਾ ਨੰਬਰ 56 ਧਾਰਾ 420, 409, 120ਬੀ ਆਈ.ਪੀ.ਸੀ. ਤਹਿਤ ਦਰਜ ਕੀਤਾ ਗਿਆ ਹੈ।ਥਾਣਾ ਸ਼ਹਿਣਾ ਦੇ ਐਸ.ਐਚ.ਓ. ਅਜਾਇਬ ਸਿੰਘ ਨੇ ਦੱਸਿਆ ਕਿ ਕੇਸ ਦੀ ਤਫ਼ਤੀਸ਼ ਚਲ ਰਹੀ ਹੈ, ਕੇਸ ਨਾਲ ਸਬੰਧਤ ਰਿਕਾਰਡ ਵੀ ਇਕੱਠਾ ਕੀਤਾ ਜਾ ਰਿਹਾ ਹੈ। ਦੋਸ਼ੀਆਂ ਦੀ ਗ੍ਰਿਫਤਾਰੀ ਲਈ ਵੀ ਯਤਨ ਜਾਰੀ ਹਨ। ਜਲਦ ਹੀ ਉਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਇਹ ਗਬਨ ਸਾਲ 1/1/2008 ਤੋਂ 31/12/2013 ਦੇ ਦਰਮਿਆਨ ਹੋਇਆ ਦਸਿਆ ਜਾ ਰਿਹਾ ਹੈ।