
ਕਾਲੇ-ਦਿਨ ਮੌਕੇ ਕਾਲੇ ਝੰਡਿਆਂ ਨਾਲ ਪ੍ਰਦਰਸ਼ਨਾਂ ਸਮੇਤ ਕੇਂਦਰ ਸਰਕਾਰ ਵਿਰੁਧ ਹੋਣਗੇ ਪੁਤਲਾ ਫੂਕ ਪ੍ਰਦਰਸ਼ਨ
ਨਵੀਂ ਦਿੱਲੀ (ਸੁਖਰਾਜ ਸਿੰਘ) : ਦਿੱਲੀ ਸਮੇਤ ਦੇਸ਼-ਭਰ ’ਚ ਜਾਰੀ ਕਿਸਾਨ-ਅੰਦੋਲਨ ਨੇ 6 ਮਹੀਨੇ ਪੂਰੇ ਹੋਣ ਜਾ ਰਹੇ ਹਨ । 26 ਨਵੰਬਰ 2020 ਤੋਂ ਸ਼ੁਰੂ ਹੋਏ ਇਸ ਦੇਸ਼-ਵਿਆਪੀ ਅੰਦੋਲਨ ਦੌਰਾਨ ਕਿਸਾਨ ਕੇਂਦਰ-ਸਰਕਾਰ ਦੇ 3 ਖੇਤੀ-ਕਾਨੂੰਨ, ਬਿਜਲੀ ਸੋਧ ਬਿਲ-2020 ਅਤੇ ਪਰਾਲੀ ਆਰਡੀਨੈਂਸ ਰੱਦ ਕਰਵਾਉਣ ਅਤੇ ਐਮ.ਐਸ.ਪੀ ’ਤੇ ਕਾਨੂੰਨ ਬਣਵਾਉਣ ਲਈ ਲਗਾਤਾਰ ਡਟੇ ਹੋਏ ਹਨ।
Farmer protest
ਕਿਸਾਨ ਆਗੁ ਬਲਬੀਰ ਸਿੰਘ ਰਾਜੇਵਾਲ, ਡਾ. ਦਰਸ਼ਨ ਪਾਲ, ਗੁਰਨਾਮ ਸਿੰਘ ਚਢੂਨੀ, ਹਨਨ ਮੌਲਾ, ਜਗਜੀਤ ਸਿੰਘ ਡੱਲੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਯੁੱਧਵੀਰ ਸਿੰਘ, ਯੋਗੇਂਦਰ ਯਾਦਵ, ਅਭਿਮਨਿਉ ਕੋਹਾੜ ਨੇ ਕਿਹਾ ਕਿ ਅੱਜ ਕਿਸਾਨ ਬੁੱਧ ਪੂਰਨਿਮਾ ਦਾ ਪਵਿੱਤਰ ਦਿਹਾੜਾ ਮਨਾਉਣਗੇ। ਇਹ ਕਿਸਾਨ-ਅੰਦੋਲਨ ਸੱਚਾਈ ਅਤੇ ਅਹਿੰਸਾ ’ਤੇ ਚਲ ਰਿਹਾ ਹੈ। ਸੰਯੁਕਤ ਕਿਸਾਨ ਮੋਰਚਾ ਸਾਰੇ ਦੇਸ਼ ਵਾਸੀਆਂ ਨੂੰ ਬੁੱਧ ਪੂਰਨਿਮਾ ਮਨਾਉਣ ਲਈ ਅਪੀਲ ਕਰਦਾ ਹੈ, ਤਾਂ ਜੋ ਸਾਡੇ ਸਮਾਜ ਵਿਚ ਸੱਚਾਈ ਅਤੇ ਅਹਿੰਸਾ ਨੂੰ ਇਕ ਮਜ਼ਬੂਤ ਸਥਾਨ ਮਿਲੇ, ਅਜਿਹੇ ਸਮੇਂ ਜਦੋਂ ਸਾਡੇ ਸਮਾਜ ਵਿਚ ਇਨ੍ਹਾਂ ਬੁਨਿਆਦੀ ਕਦਰਾਂ-ਕੀਮਤਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Farmer Protest
ਅੰਦੋਲਨ ਨੂੰ ਹਿੰਸਕ ਵਜੋਂ ਦਰਸਾਉਣ ਲਈ ਭਾਜਪਾ ਸਰਕਾਰ ਦੀਆਂ ਵਾਰ-ਵਾਰ ਕੋਸ਼ਿਸ਼ਾਂ ਅਸਫ਼ਲ ਰਹੀਆਂ ਹਨ। ਇਸ ਸੰਘਰਸ਼ ਦੌਰਾਨ ਕਿਸਾਨਾਂ ਨੇ ਅਪਣੇ ਆਪ ਨੂੰ ਸ਼ਾਂਤੀ ਅਤੇ ਅਹਿੰਸਾ ਨਾਲ ਮਜ਼ਬੂਤ ਕੀਤਾ ਹੈ। 6 ਮਹੀਨਿਆਂ ਦੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਦੇ ਬਾਵਜੂਦ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨ ਵਿੱਚ ਕੇਂਦਰ-ਸਰਕਾਰ ਦੀ ਅਸਫ਼ਲਤਾ ਨੂੰ ਅੱਜ ਪੂਰੇ ਦੇਸ਼ ਵਿਚ ਕਾਲੇ-ਦਿਨ ਵਜੋਂ ਮਨਾਇਆ ਜਾਵੇਗਾ।
women in farmer protest
ਸੰਯੁਕਤ ਕਿਸਾਨ ਮੋਰਚਾ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਘਰਾਂ, ਵਾਹਨਾਂ ਅਤੇ ਹੋਰ ਥਾਵਾਂ ’ਤੇ ਕਾਲਾ ਝੰਡਾ ਲਹਿਰਾ ਕੇ ਕਾਲੇ ਦਿਵਸ ਨੂੰ ਮਨਾਉਣ, ਡੂੰਘੇ ਵਿਰੋਧ ਅਤੇ ਨਾਰਾਜ਼ਗੀ ਜ਼ਾਹਰ ਕਰਨ। ਮੋਦੀ ਸਰਕਾਰ ਦੇ ਪੁਤਲੇ ਫੂਕ ਕੇ ਅਪਣਾ ਵਿਰੋਧ ਦਿਖਾਉਣ। ਅੱਜ ਕਾਲੇ ਦਿਨ ਨੂੰ ਮਨਾਉਣ ਲਈ ਸੋਸ਼ਲ ਮੀਡੀਆ ਨੂੰ ਵੱਧ ਤੋਂ ਵੱਧ ਸੰਭਾਵਤ ਹੱਦ ਤਕ ਵਰਤਿਆ ਜਾਣਾ ਚਾਹੀਦਾ ਹੈ। ਆਰ.ਐਸ.ਐਸ ਨਾਲ ਜੁੜੇ ਭਾਰਤੀ ਕਿਸਾਨ ਸੰਘ (ਬੀ.ਕੇ.ਐਸ) ਨੇ ਅੱਜ ਪ੍ਰਸਤਾਵਤ ਕਾਲੇ ਦਿਵਸ ’ਤੇ ਇਤਰਾਜ਼ ਜਤਾਇਆ।