
ਜੇਕਰ ਪੰਜਾਬ ਦੇ ਲੀਡਰਾਂ ਦੀ ਗੱਲ ਕਰੀਏ ਤਾਂ ਟਵਿੱਟਰ 'ਤੇ ਕੈਪਟਨ ਅਮਰਿੰਦਰ ਸਿੰਘ ਦੇ ਸਭ ਤੋਂ ਵੱਧ ਫਾਲੋਅਰਜ਼ ਹਨ।
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੋਸ਼ਲ ਮੀਡੀਆ ਹੈਂਡਲ ਟਵਿੱਟਰ 'ਤੇ ਮਿਲੀਅਨ ਫਾਲੋਅਰਜ਼ ਕਲੱਬ 'ਚ ਸ਼ਾਮਲ ਹੋ ਗਏ ਹਨ। ਭਗਵੰਤ ਮਾਨ ਦੇ ਟਵਿੱਟਰ 'ਤੇ 10 ਲੱਖ ਤੋਂ ਵੱਧ ਫਾਲੋਅਰਜ਼ ਹੋ ਗਏ ਹਨ। ਇਸ ਤੋਂ ਪਹਿਲਾਂ ਟਵਿੱਟਰ ਦੇ ਮਿਲੀਅਨ ਫਾਲੋਅਰਜ਼ ਕਲੱਬ ਵਿਚ ਪੰਜਾਬ ਦੇ ਸਿਰਫ਼ ਦੋ ਆਗੂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਹੀ ਸ਼ਾਮਲ ਸਨ।
ਚੋਣਾਂ ਦੌਰਾਨ ਹੀ ਟਵਿੱਟਰ 'ਤੇ ਭਗਵੰਤ ਮਾਨ ਦੇ ਫਾਲੋਅਰਜ਼ ਵਧਣੇ ਸ਼ੁਰੂ ਹੋ ਗਏ ਸਨ, ਜਦੋਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਹਨਾਂ ਨੂੰ ਮੁੱਖ ਮੰਤਰੀ ਚਿਹਰਾ ਐਲਾਨ ਦਿੱਤਾ ਸੀ। ਇਸ ਵਿਚ ਉਛਾਲ ਉਦੋਂ ਆਇਆ ਜਦੋਂ ਆਮ ਆਦਮੀ ਪਾਰਟੀ ਸੱਤਾ ਵਿਚ ਆਈ ਅਤੇ ਭਗਵੰਤ ਸਿੰਘ ਮਾਨ ਸੂਬੇ ਦੇ ਮੁੱਖ ਮੰਤਰੀ ਬਣੇ। ਮੁੱਖ ਮੰਤਰੀ ਬਣਦਿਆਂ ਹੀ ਉਹਨਾਂ ਦੇ ਫਾਲੋਅਰਜ਼ 10 ਲੱਖ ਹੋ ਗਏ ਹਨ। ਜੇਕਰ ਪੰਜਾਬ ਦੇ ਲੀਡਰਾਂ ਦੀ ਗੱਲ ਕਰੀਏ ਤਾਂ ਟਵਿੱਟਰ 'ਤੇ ਕੈਪਟਨ ਅਮਰਿੰਦਰ ਸਿੰਘ ਦੇ ਸਭ ਤੋਂ ਵੱਧ ਫਾਲੋਅਰਜ਼ ਹਨ। ਹਾਲਾਂਕਿ ਹੁਣ ਉਹ ਨਾ ਤਾਂ ਮੁੱਖ ਮੰਤਰੀ ਹਨ ਅਤੇ ਨਾ ਹੀ ਵਿਧਾਇਕ ਹਨ। ਕਾਂਗਰਸ ਪਾਰਟੀ ਤੋਂ ਵੱਖ ਹੋ ਕੇ ਆਪਣੀ ਪੰਜਾਬ ਲੋਕ ਕਾਂਗਰਸ ਬਣਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਦੇ 1.1 ਮਿਲੀਅਨ (10 ਲੱਖ 10 ਹਜ਼ਾਰ) ਫਾਲੋਅਰਜ਼ ਹਨ।
ਜਦਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਇਕ ਸਾਲ ਦੀ ਸਜ਼ਾ ਕੱਟ ਰਹੇ ਨਵਜੋਤ ਸਿੰਘ ਸਿੱਧੂ ਪਿਛਲੇ ਮਹੀਨੇ ਹੀ ਮਿਲੀਅਨ ਕਲੱਬ ਵਿਚ ਸ਼ਾਮਲ ਹੋ ਗਏ ਸਨ। ਉਹਨਾਂ ਦੇ ਪੂਰੇ ਮਿਲੀਅਨ ਫਾਲੋਅਰਸ ਹਨ। ਹੁਣ ਭਗਵੰਤ ਮਾਨ ਵੀ ਇਸ ਕਲੱਬ ਦਾ ਹਿੱਸਾ ਬਣ ਗਏ ਹਨ ਪਰ ਕੁਝ ਹੀ ਦਿਨਾਂ 'ਚ ਭਗਵੰਤ ਮਾਨ ਦੋਵਾਂ ਨੂੰ ਪਿੱਛੇ ਛੱਡ ਦੇਣਗੇ। ਜਿਸ ਰਫ਼ਤਾਰ ਨਾਲ ਟਵਿੱਟਰ 'ਤੇ ਭਗਵੰਤ ਮਾਨ ਦੇ ਫਾਲੋਅਰਜ਼ ਵੱਧ ਰਹੇ ਹਨ, ਉਹ ਜਲਦੀ ਹੀ ਨੰਬਰ ਵਨ ਬਣ ਜਾਣਗੇ।
ਟਵਿੱਟਰ 'ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਗ੍ਰਾਫ ਵੀ ਇਕਦਮ ਵਧਿਆ ਸੀ। ਜਦੋਂ ਉਹ ਥੋੜ੍ਹੇ ਸਮੇਂ ਲਈ ਮੁੱਖ ਮੰਤਰੀ ਬਣੇ ਤਾਂ ਟਵਿੱਟਰ ਹੈਂਡਲ 'ਤੇ ਕਾਫੀ ਸਰਗਰਮ ਹੋ ਗਏ। ਚੰਨੀ ਦੇ ਫਿਲਹਾਲ ਟਵਿੱਟਰ 'ਤੇ 2.51 ਲੱਖ ਫਾਲੋਅਰਜ਼ ਹਨ। ਇਸੇ ਤਰ੍ਹਾਂ ਅਕਾਲੀ ਦਲ ਦੇ ਮੁਖੀ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਟਵਿੱਟਰ ਹੈਂਡਲ 'ਤੇ ਮਿਲੀਅਨ ਕਲੱਬ ਦੇ ਨੇੜੇ ਹਨ। ਸੁਖਬੀਰ ਸਿੰਘ ਬਾਦਲ ਦੇ ਟਵਿੱਟਰ 'ਤੇ 4.25 ਲੱਖ ਫਾਲੋਅਰਜ਼ ਹਨ, ਜਦਕਿ ਉਹਨਾਂ ਦੀ ਸੰਸਦ ਮੈਂਬਰ ਪਤਨੀ ਹਰਸਿਮਰਤ ਬਾਦਲ ਦੇ 2.72 ਲੱਖ ਫਾਲੋਅਰਜ਼ ਹਨ।