
29 ਮਈ ਨੂੰ ਪੇਸ਼ ਹੋਣ ਲਈ ਕਿਹਾ
ਮੋਹਾਲੀ :ਜੰਗ-ਏ-ਆਜ਼ਾਦੀ ਸਮਾਰਕ ਦੀ ਉਸਾਰੀ ਵੇਲੇ ਹੋਏ ਵੱਡੇ ਘੁਟਾਲੇ ਦੇ ਮਾਮਲੇ ਦੀ ਜਾਂਚ ਹੋ ਰਹੀ ਹੈ ਅਤੇ ਇਸ ਵਿਚ ਵਿਜੀਲੈਂਸ ਵਲੋਂ ਬਰਜਿੰਦਰ ਸਿੰਘ ਹਮਦਰਦ ਨੂੰ ਤਲਬ ਕੀਤਾ ਗਿਆ ਹੈ। ਵਿਜੀਲੈਂਸ ਨੇ ਚੇਅਰਮੈਨ ਬਰਜਿੰਦਰ ਸਿੰਘ ਹਮਦਰਦ ਨੂੰ ਨੋਟਿਸ ਭੇਜਿਆ ਹੈ ਅਤੇ 29 ਮਈ ਨੂੰ ਪੇਸ਼ ਹੋਣ ਲਈ ਕਿਹਾ ਹੈ।
ਦੱਸ ਦੇਈਏ ਕਿ ਵਿਜੀਲੈਂਸ ਵਲੋਂ ਬੀਤੇ ਸਮੇਂ ਵਿਚ ਇਸ ਮਾਮਲੇ ਸਬੰਧੀ ਕੁਝ ਦਸਤਾਵੇਜ਼ ਖੰਘਾਲੇ ਗਏ ਸਨ ਜਿਨ੍ਹਾਂ ਵਿਚ ਇਹ ਸਾਹਮਣੇ ਆਇਆ ਸੀ ਕਿ 200 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਈ ਇਸ ਸਮਾਰਕ ਦੀ ਉਸਾਰੀ ਵੇਲੇ ਭ੍ਰਿਸ਼ਟਾਚਾਰੀ ਹੋਈ ਹੈ। ਦਸਿਆ ਜਾ ਰਿਹਾ ਹੈ ਕਿ ਇਸ ਵਿਚ ਵਰਤੇ ਗਏ ਲੱਕੜ ਦੇ ਸਮਾਨ 'ਚ ਘਪਲੇਬਾਜ਼ੀ ਕੀਤੀ ਗਈ ਹੈ।
ਇਹ ਵੀ ਪੜ੍ਹੋ: 140 ਕਰੋੜ 'ਚ ਵਿਕੀ ਟੀਪੂ ਸੁਲਤਾਨ ਦੀ ਤਲਵਾਰ, ਤੋੜੇ ਨਿਲਾਮੀ ਦੇ ਸਾਰੇ ਰਿਕਾਰਡ
ਇਸ ਮਾਮਲੇ ਵਿਚ ਹੁਣ ਜੰਗ-ਏ-ਆਜ਼ਾਦੀ ਸਮਾਰਕ ਦੇ ਚੇਅਰਮੈਨ ਬਰਜਿੰਦਰ ਸਿੰਘ ਹਮਦਰਦ ਨੂੰ ਵਿਜੀਲੈਂਸ ਨੇ ਪੁੱਛਗਿੱਛ ਲਈ ਬੁਲਾਇਆ ਹੈ। ਦੱਸ ਦੇਈਏ ਕਿ ਬਰਜਿੰਦਰ ਸਿੰਘ ਹਮਦਰਦ ਜਲੰਧਰ ਤੋਂ ਛਪਦੇ ਇਕ ਅਖ਼ਬਾਰ ਦੇ ਸੰਪਾਦਕ ਹਨ। ਹੁਣ ਵਿਜੀਲੈਂਸ ਵਲੋਂ ਉਨ੍ਹਾਂ ਤੋਂ ਇਸ ਪੂਰੇ ਮਾਮਲੇ ਬਾਰੇ ਸਵਾਲ ਕੀਤੇ ਜਾਣਗੇ।
ਜ਼ਿਕਯਰੋਗ ਹੈ ਕਿ ਅਕਾਲੀ ਸਰਕਾਰ ਨੇ ਬਰਜਿੰਦਰ ਸਿੰਘ ਹਮਦਰਦ ਨੂੰ ਤਾ-ਉਮਰ ਲਈ ਇਸ ਸਮਾਰਕ ਦਾ ਚੇਅਰਮੈਨ ਥਾਪਿਆ ਸੀ। ਉਨ੍ਹਾਂ ਦੀ ਦੇਖਰੇਖ ਵਿਚ ਹੀ ਇਸ ਸਮਾਰਕ ਦੀ ਉਸਾਰੀ ਹੋਈ ਹੈ। ਸ਼ਹੀਦਾਂ ਦੇ ਨਾਮ 'ਤੇ ਹੋਏ ਇਸ ਭ੍ਰਿਸ਼ਟਾਚਾਰ ਤੋਂ ਪਰਦਾ ਚੁੱਕਣ ਲਈ ਵਿਜੀਲੈਂਸ ਵਲੋਂ ਇਸ ਤੋਂ ਪਹਿਲਾਂ ਵਾਰ ਮੈਮੋਰੀਅਲ ਦੇ ਸਕੱਤਰ ਲਖਵਿੰਦਰ ਸਿੰਘ ਜੌਹਲ ਕੋਲੋਂ ਕਰੀਬ ਢਾਈ ਘੰਟੇ ਪੁੱਛਗਿੱਛ ਕੀਤੀ ਗਈ ਹੈ। ਇਹ ਪੁੱਛ ਪੜਤਾਲ ਵਿਜੀਲੈਂਸ ਬਿਊਰੋ, ਜਲੰਧਰ ਜ਼ੋਨ ਦੇ ਐਸਐਸਪੀ ਰਾਜੇਸ਼ਵਰ ਸਿੰਘ ਸਿੱਧੂ ਅਤੇ ਡੀਐਸਪੀ ਜਤਿੰਦਰਜੀਤ ਸਿੰਘ ਵਲੋਂ ਕੀਤੀ ਗਈ ਹੈ।
ਦੱਸ ਦੇਈਏ ਕਿ ਇਹ ਯਾਦਗਾਰ ਜਲੰਧਰ ਤੋਂ ਕੁਝ ਦੂਰੀ 'ਤੇ ਕਰਤਾਰਪੁਰ ਵਿਖੇ ਸ਼ਹੀਦਾਂ ਦੀ ਯਾਦ ਵਿਚ ਬਣਾਈ ਗਈ ਸੀ। ਇੰਡੀਅਨ ਇੰਸਟੀਟਿਊਟ ਆਫ਼ ਆਰਕੀਟੈਕਟ ਤੋਂ 1989 'ਚ ਸੋਨ ਤਮਗ਼ਾ ਹਾਸਲ ਕਰਨ ਵਾਲੇ ਰਾਜ ਰਵੇਲ ਨੇ ਇਸ ਬਿਲਡਿੰਗ ਨੂੰ ਡਿਜ਼ਾਈਨ ਕੀਤਾ ਹੈ। 25 ਏਕੜ 'ਚ ਬਣਾਉਣ ਦਾ ਦਾਅਵਾ ਕੀਤਾ ਗਿਆ ਸੀ। ਦੱਸ ਦੇਈਏ ਕਿ ਇਸ ਪੂਰੀ ਇਮਾਰਤ ਵਿਚ ਛੋਟੇ ਅਤੇ ਵੱਡੇ ਕਮਲ ਦੇ ਫੁੱਲ ਬਣਾਏ ਗਏ ਹਨ। ਜੇਕਰ ਅਸਮਾਨ ਤੋਂ ਦੇਖਿਆ ਜਾਵੇ ਤਾਂ ਇਹ ਇੱਕ ਫੁਲਕਾਰੀ ਵਰਗਾ ਨਜ਼ਰ ਆਉਂਦਾ ਹੈ।