ਅਜਿਹੇ ਵਿਦਿਆਰਥੀਆਂ ਨੂੰ ਨਹੀਂ ਮਿਲੇਗੀ ਸਾਲਾਨਾ ਪ੍ਰੀਖਿਆ 'ਚ ਹਾਜ਼ਰ ਹੋਣ ਦੀ ਆਗਿਆ, ਸਕੂਲ ਵਿਰੁਧ ਵੀ ਹੋਵੇਗੀ ਕਾਰਵਾਈ
ਦਾਖ਼ਲੇ ਦਾ ਸ਼ਡਿਊਲ ਖ਼ਤਮ ਹੋਣ ਮਗਰੋਂ ਵੀ ਚਲਦੀ ਹੈ ਦਾਖ਼ਲਾ ਪ੍ਰਕਿਰਿਆ
ਮੋਹਾਲੀ : ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਬਣਾਏ ਦਾਖ਼ਲਾ ਨਿਯਮਾਂ ਤੋਂ ਉਲਟ ਚਲਣ ਵਾਲੇ ਸਕੂਲਾਂ ਨੂੰ ਬੋਰਡ ਵਲੋਂ ਚਿਤਾਵਨੀ ਦਿਤੀ ਗਈ ਹੈ। ਬੋਰਡ ਦੇ ਧਿਆਨ ਵਿਚ ਆਇਆ ਹੈ ਕਿ ਕੁਝ ਸਕੂਲ ਨਿਰਧਾਰਤ ਨਿਯਮਾਂ ਨੂੰ ਅੱਖੋਂ ਪਰੋਖੇ ਕਰ ਕੇ ਜ਼ਿਆਦਾ ਵਿਦਿਆਰਥੀਆਂ ਨੂੰ ਸਕੂਲ ਵਿਚ ਦਾਖ਼ਲ ਕਰਦੇ ਹਨ। ਅਜਿਹੇ ਨਿਜੀ ਸਕੂਲਾਂ ਨੂੰ ਬੋਰਡ ਨੇ ਇਕ ਪੱਤਰ ਜਾਰੀ ਕਰਦਿਆਂ ਸਪਸ਼ਟ ਕੀਤਾ ਹੈ ਕਿ ਜੇਕਰ ਭਵਿੱਖ ਵਿਚ ਵੀ ਇਨ੍ਹਾਂ ਸਕੂਲਾਂ ਵਲੋਂ ਬੁਨਿਆਦੀ ਢਾਂਚੇ ਅਤੇ ਨਿਰਧਾਰਤ ਸ਼ਰਤਾਂ ਪੂਰੀਆਂ ਕੀਤੇ ਬਗ਼ੈਰ ਹੀ ਵਿਦਿਆਰਥੀ ਲਏ ਜਾਂਦੇ ਹਨ ਤਾਂ ਉਨ੍ਹਾਂ ਦੇ ਦਾਖ਼ਲੇ ਨੂੰ ਖ਼ਾਰਜ ਕਰ ਦਿਤਾ ਜਾਵੇਗਾ।
ਇੰਨਾ ਹੀ ਨਹੀਂ ਸਗੋਂ ਸਬੰਧਤ ਸਕੂਲ ਦੇ ਵਿਰੁਧ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ। ਕੁੱਝ ਮਾਨਤਾ ਪ੍ਰਾਪਤ ਸਕੂਲਾਂ ਅਤੇ ਐਸੋਸੀਏਟ ਸੰਸਥਾਵਾਂ ਵਲੋਂ ਕੀਤੀ ਜਾ ਰਹੀ ਨਿਯਮਾਂ ਦੀ ਉਲੰਘਣਾ ਨੂੰ ਗੰਭੀਰਤਾ ਨਾਲ ਲੈਂਦਿਆਂ ਬੋਰਡ ਨੇ ਨਿਰਦੇਸ਼ ਦਿਤੇ ਹਨ ਕਿ ਨਿਯਮਾਂ ਦਾ ਪਾਲਣ ਯਕੀਨੀ ਬਣਾਇਆ ਜਾਵੇ।
ਬੋਰਡ ਵਲੋਂ ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ਆਮ ਤੌਰ 'ਤੇ ਮਾਮਲੇ ਸਾਹਮਣੇ ਆਉਂਦੇ ਹਨ ਕਿ ਸਕੂਲਾਂ ਵਿਚ ਵਿਦਿਆਰਥੀਆਂ ਦਾ ਦਾਖ਼ਲਾ ਸ਼ਡਿਊਲ ਖ਼ਤਮ ਹੋਣ ਮਗਰੋਂ ਵੀ ਇਹ ਸੰਸਥਾਵਾਂ ਮਾਨਤਾ ਪ੍ਰਾਪਤ ਨਿਯਮਾਂ ਦੀ ਉਲੰਘਣਾ ਕਰ ਕੇ ਮਨਜ਼ੂਰ ਗਿਣਤੀ ਤੋਂ ਵੱਧ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਦੇ ਭਵਿੱਖ ਦਾ ਹਵਾਲਾ ਦਿੰਦਿਆਂ ਬੋਰਡ ਤੋਂ ਇਕ ਵਾਧੂ ਸੈਕਸ਼ਨ ਦੀ ਮੰਗ ਕਰਦੇ ਹਨ, ਜਦੋਂ ਕਿ ਦਸਵੀਂ, ਗਿਆਰਵੀਂ ਤੇ ਬਾਰਵੀਂ ਜਮਾਤ 'ਚ ਨਾਮਜ਼ਦ ਵਿਦਿਆਰਥੀਆਂ ਦੀ ਗਿਣਤੀ ਹੇਠਲੀਆਂ ਸ਼੍ਰੇਣੀਆਂ ਦੇ ਮੁਕਾਬਲੇ ਘੱਟ ਹੁੰਦੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਹੀ ਬੁਨਿਆਦੀ ਢਾਂਚੇ ਅਤੇ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਫਿਰ ਵੀ ਸੰਸਥਾਵਾਂ ਵਾਧੂ ਸੈਕਸ਼ਨ ਲਈ ਅਪਲਾਈ ਕਰਦੀਆਂ ਹਨ ਜੋ ਤਰਕਸੰਗਤ ਨਹੀਂ ਹੈ।
ਇਹ ਵੀ ਪੜ੍ਹੋ: ਭਾਰਤ ਵਿਚ ਦੁਨੀਆਂ ਦੇ ਸਭ ਤੋਂ ਵੱਧ ਆਧੁਨਿਕ ਗ਼ੁਲਾਮ, ਰਿਪੋਰਟ 'ਚ ਹੋਇਆ ਖ਼ੁਲਾਸਾ
ਇਸ ਬਾਰੇ ਬੋਰਡ ਦੇ ਚੇਅਰਪਰਸਨ ਸਤਬੀਰ ਬੇਦੀ ਨੇ ਕਿਹਾ ਕਿ ਜਿਨ੍ਹਾਂ ਸੰਸਥਾਵਾਂ ਦੇ ਵਿਦਿਅਕ ਸੈਸ਼ਨ 2023-24 ਦੌਰਾਨ ਵਾਧੂ ਸੈਕਸ਼ਨ ਲਈ ਕੇਸ ਪ੍ਰਾਪਤ ਹੋਣਗੇ ਉਨ੍ਹਾਂ ਨੂੰ ਮਾਤਾ ਪ੍ਰਾਪਤ ਨਿਯਮਾਂ ਮੁਤਾਬਕ ਹੀ ਮੰਨਿਆ ਜਾਵੇਗਾ ਅਤੇ ਬੁਨਿਆਦੀ ਢਾਂਚੇ ਤੇ ਸ਼ਰਤਾਂ ਨੂੰ ਪੂਰਾ ਨਾ ਕਰਨ ਵਾਲੇ ਸਕੂਲਾਂ ਨੂੰ ਬਗ਼ੈਰ ਵਿਚਾਰੇ ਹੀ ਖ਼ਾਰਜ ਕਰ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਕਿਸੇ ਵੀ ਜੁਰਮਾਨੇ ਜਾਂ ਹੋਰ ਛੋਟ ਦੇ ਨਾਲ ਸਾਲਾਨਾ ਪ੍ਰੀਖਿਆ 'ਚ ਹਾਜ਼ਰ ਹੋਣ ਦੀ ਆਗਿਆ ਨਹੀਂ ਦਿਤੀ ਜਾਵੇਗੀ।
ਉਨ੍ਹਾਂ ਦਸਿਆ ਕਿ ਪੰਜਾਬ ਸਕੂਲ ਸਿਖਿਆ ਬੋਰਡ ਨਾਲ ਮਾਨਤਾ ਪ੍ਰਾਪਤ ਤੇ ਐਸੋਸੀਏਟ ਸੰਸਥਾਵਾਂ ਨੂੰ ਉਨ੍ਹਾਂ ਦੀ ਲਾਗਇਨ ਆਈ.ਡੀ. ਜ਼ਰੀਏ ਇਸ ਸਬੰਧੀ ਜਾਣਕਾਰੀ ਭੇਜ ਦਿਤੀ ਗਈ ਹੈ।ਇਸ ਤੋਂ ਇਲਾਵਾ ਬੋਰਡ ਦੀ ਅਧਿਕਾਰਤ ਵੈਬਸਾਈਟ ਜ਼ਰੀਏ ਵੀ ਸੂਚਿਤ ਕੀਤਾ ਜਾ ਰਿਹਾ ਹੈ।