
ਮੋਹਾਲੀ ਨਗਰ ਨਿਗਮ ਵਲੋਂ ਬਰਸਾਤਾਂ ਦੇ ਮੌਸਮ ਨੂੰ ਦੇਖਦੇ ਹੋਏ ਪਾਣੀ ਦੀ ਨਿਕਾਸੀ ਲਈ ਸ਼ਹਿਰ ਵਿਚ ਬਣਾਏ ਜਾਣ ਵਾਲੇ ਕਾਜ਼ਵੇਅ 'ਚੋਂ......
ਐਸ.ਏ.ਐਸ. ਨਗਰ : ਮੋਹਾਲੀ ਨਗਰ ਨਿਗਮ ਵਲੋਂ ਬਰਸਾਤਾਂ ਦੇ ਮੌਸਮ ਨੂੰ ਦੇਖਦੇ ਹੋਏ ਪਾਣੀ ਦੀ ਨਿਕਾਸੀ ਲਈ ਸ਼ਹਿਰ ਵਿਚ ਬਣਾਏ ਜਾਣ ਵਾਲੇ ਕਾਜ਼ਵੇਅ 'ਚੋਂ ਫ਼ੇਜ਼-4 ਦੇ ਕਾਜ਼ਵੇਅ ਦਾ ਕੰਮ ਅੱਜ ਸ਼ੁਰੂ ਹੋਣ ਤੋਂ ਕੁੱਝ ਸਮੇਂ ਬਾਅਦ ਹੀ ਫ਼ੇਜ਼-5 ਦੇ ਵਸਨੀਕਾਂ ਦੇ ਵਿਰੋਧ ਉਪਰੰਤ ਰੋਕ ਦਿਤਾ ਗਿਆ। ਜ਼ਿਕਰਯੋਗ ਹੈ ਕਿ ਫ਼ੇਜ਼-4 ਤੋਂ ਫ਼ੇਜ਼ 3-5 ਦੀਆਂ ਲਾਈਟਾਂ ਵਲ ਐਚ.ਐਮ. ਕੁਆਟਰਾਂ ਦੇ ਨਾਲ ਪੈਂਦੀ ਸੜਕ 'ਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਸੜਕ ਦੀ ਪੁਟਾਈ ਕਰ ਕੇ ਪਹਿਲਾਂ ਬਣੇ ਕਾਜ਼ਵੇਅ ਨੂੰ ਚੌੜਾ ਕੀਤਾ ਜਾ ਰਿਹਾ ਸੀ। ਇਸ ਦੀ ਡੇਢ ਤੋਂ ਦੋ ਫ਼ੁਟ ਡੂੰਘੀ ਪੁਟਾਈ ਹੋਣੀ ਹੈ।
ਇਸ ਦੌਰਾਨ ਫ਼ੇਜ਼-5 ਦੇ ਕੌਂਸਲਰਾਂ ਅਰੁਣ ਸ਼ਰਮਾ ਅਤੇ ਅਸ਼ੋਕ ਝਾ ਦੀ ਅਗਵਾਈ ਹੇਠ ਫ਼ੇਜ਼ ਦੇ ਵਸਨੀਕਾਂ ਨੇ ਇਸ ਕੰਮ ਦਾ ਵਿਰੋਧ ਕਰਦਿਆਂ ਕਿਹਾ ਕਿ ਇਸ ਨਾਲ ਸਾਡੇ ਫ਼ੇਜ਼ ਵਿਚ ਪਾਣੀ ਦਾਖ਼ਲ ਹੋਵੇਗਾ, ਜਿਸ ਨਾਲ ਲੋਕਾਂ ਦਾ ਨੁਕਸਾਨ ਹੋਵੇਗਾ। ਕੌਂਸਲਰ ਅਸ਼ੋਕ ਝਾ ਦਾ ਕਹਿਣਾ ਸੀ ਕਿ ਪਹਿਲਾਂ ਫ਼ੇਜ਼-5 ਦਾ ਕਾਜ਼ਵੇਅ ਬਣਾਇਆ ਜਾਣਾ ਜ਼ਰੂਰੀ ਹੈ ਕਿਉਂਕਿ ਪਿਛਲੇ ਸਾਲ ਦੀਆਂ ਬਰਸਾਤਾਂ ਦੌਰਾਨ ਹਲਾਤ ਫ਼ੇਜ਼ 5 ਵਿਚ ਜ਼ਿਆਦਾ ਖ਼ਰਾਬ ਹੋਏ ਸਨ ਕਿਉਂਕਿ ਉਥੇ 4 ਤੋਂ 5 ਫੁਟ ਪਾਣੀ ਦਾਖਿਲ ਹੋ ਗਿਆ ਸੀ।
ਕੌਂਸਲਰਾਂ ਨੇ ਕਿਹਾ ਕਿ ਬਰਸਾਤਾਂ ਸਿਰ 'ਤੇ ਆ ਗਈਆਂ ਹਨ ਅਤੇ ਨਗਰ ਨਿਗਮ ਨੇ ਹੁਣ ਜਾ ਕੇ ਇਹ ਕੰਮ ਸ਼ੁਰੂ ਕਰਵਾਇਆ ਹੈ ਪਰ ਫੇਜ਼ 5 ਦਾ ਕੰਮ ਹਾਲੇ ਵੀ ਸ਼ੁਰੂ ਨਹੀਂ ਹੋਇਆ। ਇਸ ਮੌਕੇ ਉਥੇ ਫ਼ੇਜ਼-4 ਦੇ ਕੁੱਝ ਵਸਨੀਕ ਵੀ ਇਕੱਤਰ ਹੋ ਗਏ ਜਿਨ੍ਹਾਂ ਦੀ ਮੰਗ ਸੀ ਕਿ ਇਹ ਕੰਮ ਸ਼ੁਰੂ ਕਰਵਾਇਆ ਜਾਵੇ ਤਾਂ ਜੋ ਆਉਣ ਵਾਲੀ ਬਰਸਾਤ ਦੌਰਾਨ ਇਥੇ ਕਿਸੇ ਨੁਕਸਾਨ ਤੋਂ ਬਚਿਆ ਜਾ ਸਕੇ। ਇਸ ਮੌਕੇ ਫ਼ੇਜ਼ 5 ਦੇ ਵਸਨੀਕ ਰਾਜਵਿੰਦਰ ਸਿੰਘ, ਸੁਰਿੰਦਰ ਸਿੰਘ, ਤਰੁਣ ਸ਼ਰਮਾ, ਲਵ ਕੁਮਾਰ ਅਤੇ ਹੋਰ ਵਸਨੀਕ ਹਾਜ਼ਰ ਸਨ।
ਇਸ ਮੌਕੇ ਮੌਜੂਦ ਪੁੱਡਾ ਦੇ ਰਿਟਾ. ਇੰਜਨੀਅਰ ਐਨ.ਐਸ. ਕਲਸੀ ਜਨ. ਸਕੱਤਰ ਮੋਹਾਲੀ ਰੈਜ਼ੀਡੈਂਟਸ ਵੈਲਫੇਅਰ ਕਨਫੈਡਰੇਸ਼ਨ ਅਤੇ ਪ੍ਰਧਾਨ ਸੀ.ਐਲ. ਗਰਗ ਨੇ ਕਿਹਾ ਕਿ ਨਿਗਮ ਨੂੰ ਫ਼ੇਜ਼ 4 ਅਤੇ ਫ਼ੇਜ਼ 5 ਦੇ ਕਾਜ਼ਵੇਅ ਦਾ ਕੰਮ ਇਕੱਠਾ ਅਰੰਭ ਕਰਨਾ ਚਾਹੀਦਾ ਸੀ ਤਾਂ ਜੋ ਕੋਈ ਰੇੜਕਾ ਪੈਦਾ ਨਾ ਹੁੰਦਾ। ਉਨ੍ਹਾਂ ਕਿਹਾ ਕਿ ਇਹ ਕਾਜ਼ਵੇ ਬਣਨ ਨਾਲ ਫੇਜ਼ 4 ਤੋਂ ਪਾਣੀ ਹੁੰਦਾ ਹੋਇਆ ਫੇਜ਼ 5 ਦੇ ਗੁਰਦੁਆਰਾ ਸਾਹਿਬ ਨੇੜੇ ਬਣਨ ਵਾਲੇ ਕਾਜ਼ਵੇਅ ਤੋਂ ਅੱਗੇ ਨਿਕਲ ਜਾਵੇਗਾ ਜਿਸ ਨਾਲ ਪਾਣੀ ਲੋਕਾਂ ਦੇ ਘਰਾਂ ਅੰਦਰ ਨਹੀਂ ਵੜੇਗਾ।
ਮੌਕੇ 'ਤੇ ਪੁੱਜੇ ਮੋਹਾਲੀ ਨਗਰ ਨਿਗਮ ਦੇ ਐਕਸੀਅਨ ਨਰਿੰਦਰ ਦਾਲਮ ਨੇ ਲੋਕਾਂ ਦੇ ਵਿਰੋਧ ਨੂੰ ਵੇਖਦੇ ਹੋਏ ਇਹ ਕੰਮ ਬੰਦ ਕਰਵਾ ਦਿਤਾ। ਉਨ੍ਹਾਂ ਕਿਹਾ ਕਿ ਫ਼ੇਜ਼ 5 ਵਿਚ ਬਣਾਏ ਜਾਣ ਵਾਲੇ ਕਾਜ਼ਵੇਅ ਲਈ ਵੀ ਕੰਮ ਅਲਾਟ ਕੀਤਾ ਜਾ ਚੁਕਿਆ ਹੈ ਅਤੇ ਉਥੇ ਵੀ ਕੰਮ ਫੌਰੀ ਤੌਰ 'ਤੇ ਸ਼ੁਰੂ ਕਰਵਾਇਆ ਜਾ ਰਿਹਾ ਹੈ ਤਾਂ ਜੋ ਇਸ ਵਾਰ ਬਰਸਾਤੀ ਪਾਣੀ ਦੀ ਨਿਕਾਸੀ ਠੀਕ ਢੰਗ ਨਾਲ ਹੋ ਸਕੇ ਅਤੇ ਲੋਕਾਂ ਦਾ ਪਿਛਲੀ ਵਾਰ ਵਾਂਗ ਨੁਕਸਾਨ ਨਾ ਹੋਵੇ।