
ਬੇਅਦਬੀ ਦੇ ਦਾਗ ਛੁਪਾਉਣ ਲਈ ਅਕਾਲੀ ਦਲ ਬਾਦਲ ਹੱਲਾ ਗੁੱਲਾ ਕਰਕੇ ਲੋਕਾਂ ਦਾ ਇਸ ਮਸਲੇ ਤੋਂ ਧਿਆਨ ਭਟਕਾਉਣਾ ਚਾਹੁੰਦਾ
ਚੰਡੀਗੜ: ਕੋਟਕਪੂਰਾ ਗੋਲੀ ਕਾਂਡ ਲਈ ਨਵੀਂ ਵਿਸ਼ੇਸ਼ ਜਾਂਚ ਕਮੇਟੀ ਐਸ.ਆਈ.ਟੀ ਵੱਲੋਂ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੁੱਛ ਪੜਤਾਲ ਲਈ ਸੱਦਣ ਦੇ ਮਾਮਲੇ ਉਤੇ ਹੋ ਹੱਲਾ ਕਰਨ 'ਤੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਆਮ ਅਦਾਮੀ ਪਾਰਟੀ ਆਪ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਬਾਦਲ ਨੂੰ ਨਾ ਤਾਂ ਭਾਰਤ ਦੇ ਸੰਵਿਧਾਨ ਵਿੱਚ ਅਤੇ ਨਾ ਹੀ ਕਿਸੇ ਹੋਰ ਏਜੰਸੀ ਉਤੇ ਵਿਸ਼ਵਾਸ਼ ਹੈ।
Sukhbir Badal
ਚੰਡੀਗੜ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਦਾਗ ਛੁਪਾਉਣ ਲਈ ਅਕਾਲੀ ਬਾਦਲ ਹੱਲਾ ਗੁੱਲਾ ਕਰਕੇ ਲੋਕਾਂ ਦਾ ਇਸ ਮਾਮਲੇ ਤੋਂ ਧਿਆਨ ਭਟਕਾਉਣਾ ਚਾਹੁੰਦਾ ਹੈ। ਉਨਾਂ ਕਿਹਾ ਕਿ ਅਕਾਲੀ ਦਲ ਬਾਦਲ ਆਗੂ ਗੁਰੂ ਦੇ ਗੁਨਾਹਗਾਰ ਹਨ ਅਤੇ ਉਨਾਂ ਨੂੰ ਸਜ਼ਾ ਮਿਲ ਕੇ ਹੀ ਰਹੇਗੀ। ਉਨਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ ਬਾਦਲ ਦੇ ਦਬਾਅ ਵਿੱਚ ਕੰਮ ਕਰ ਰਹੇ ਹਨ, ਇਸੇ ਲਈ ਬਾਦਲਾਂ ਦੇ ਕਹਿਣ 'ਤੇ ਆਪਣੀ ਹੀ ਜਾਂਚ ਕਮੇਟੀ ਦੇ ਮੈਂਬਰਾਂ ਨੂੰ ਬਾਰ ਬਾਰ ਬਦਲ ਰਹੇ ਹਨ। ਅਸਲ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਇੱਕ ਫ਼ੇਲ ਸਰਕਾਰ ਹੈ, ਜਿਹੜੀ ਆਪਣੇ ਹੀ ਅਧਿਕਾਰੀਆਂ ਦੀ ਸੁਰੱਖਿਆ ਕਰਨ ਵਿੱਚ ਅਸਫ਼ਲ ਰਹੀ ਹੈ।
Harpal cheema
ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਇਆ ਕਿ ਅਕਾਲੀ ਦਲ ਬਾਦਲ ਦਾ ਪੁਰਾਣਾ ਰਿਕਾਰਡ ਰਿਹਾ ਹੈ ਕਿ ਉਹ ਹਰ ਕੇਸ ਵਿੱਚ ਆਪਣੇ ਖ਼ਿਲਾਫ਼ ਆਏ ਗਵਾਹਾਂ ਨੂੰ ਡਰਾ ਧਮਕਾ ਕੇ ਕੇਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਹੋ ਕੁੱਝ ਹੁਣ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਮਾਮਲੇ ਵਿੱਚ ਹੋ ਰਿਹਾ ਹੈ। ਉਨਾਂ ਕਿਹਾ ਕਿ ਅਕਾਲੀ ਦਲ ਬਾਦਲ ਚਾਹੁੰਦਾ ਹੈ ਕਿ ਬਾਦਲ ਪਰਿਵਾਰ ਆਪਣੇ ਹੀ ਘਰ ਦੀ ਇੱਕ ਜਾਂਚ ਕਮੇਟੀ ਬਣਾਵੇ ਅਤੇ ਇਸ ਕਮੇਟੀ ਵਿੱਚ ਹਰਸਿਮਰਤ ਕੌਰ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਮਜੀਠੀਆ ਨੂੰ ਮੈਂਬਰ ਬਣਾ ਕੇ ਬਾਦਲ ਪਰਿਵਾਰ ਨੂੰ ਕਲੀਨ ਚਿੱਟ ਦੇ ਦਿੱਤੀ ਜਾਵੇ।
Sukhbir Badal
ਪਰ ਪੰਜਾਬ ਦੇ ਬੱਚੇ ਬੱਚੇ ਨੂੰ ਪਤਾ ਹੈ ਕਿ ਜਦੋਂ ਪੰਜਾਬ ਵਿੱਚ ਅਕਾਲੀ ਦਲ ਬਾਦਲ ਦੀ ਸਰਕਾਰ ਸੀ ਉਸੇ ਸਮੇਂ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਹੋਈ ਅਤੇ ਬੇਅਦਬੀ ਵਿਰੁੱਧ ਇਨਸਾਫ਼ ਮੰਗ ਰਹੇ ਸਿੱਖਾਂ ਉਤੇ ਪੁਲਸ ਨੇ ਗੋਲੀਆਂ ਚਲਾ ਕੇ ਦੋ ਨਿਰਦੋਸ਼ ਸਿੱਖਾਂ ਨੂੰ ਮਾਰ ਦਿੱਤਾ ਸੀ। ਚੀਮਾ ਨੇ ਕਿਹਾ ਕਿ ਇਸ ਦੁਖਦ ਕਾਂਡ ਲਈ ਬਾਦਲ ਪਰਿਵਾਰ ਜ਼ਿੰਮੇਵਾਰ ਹੈ, ਪਰ ਅਕਾਲੀ ਦਲ ਬਾਦਲ ਦੇ ਆਗੂ ਝੂਠੀਆਂ ਅਫ਼ਵਾਹਾਂ ਫਲਾਅ ਕੇ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ ਕਰ ਰਹੇ ਹਨ।
kotkapura Golikand
ਆਪ ਆਗੂ ਨੇ ਕਿਹਾ ਕਿ ਕੋਟਕਪੂਰਾ ਗੋਲੀ ਕਾਂਡ ਲਈ ਤਤਕਾਲੀ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਪੂਰੀ ਤਰਾਂ ਨੇ ਜ਼ਿੰਮੇਵਾਰ ਹਨ, ਪਰ ਜਾਂਚ ਪ੍ਰਕ੍ਰਿਆ ਨੂੰ ਪਟਰੀ ਤੋਂ ਉਤਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਪ੍ਰਕਾਸ਼ ਸਿੰਘ ਬਾਦਲ ਨਾਲ ਰਿਸਤਾ ਬਰਕਰਾਰ ਹੈ ਅਤੇ ਦੋਵਾਂ ਦੀ ਮਿਲੀਭੁਗਤ ਨਾਲ ਜਾਂਚ ਕਮੇਟੀਆਂ ਦੀ ਪ੍ਰਕ੍ਰਿਆ ਰਾਹੀਂ ਬਾਦਲ ਪਰਿਵਾਰ ਨੂੰ ਕਾਨੂੰਨੀ ਸੰਕਟ ਤੋਂ ਬਚਾਉਣ ਦੀ ਕੋਸ਼ਿਸ਼ ਹੋ ਰਹੀ ਹੈ