
ਕੰਟਰੋਲ ਲਾਈਨ ਕੋਲ ਸਿਖਲਾਈ ਕੈਂਪਾਂ ’ਚ 500-700 ਅਤਿਵਾਦੀ ਮੌਜੂਦ, 150 ਘੁਸਪੈਠ ਦੇ ਉਡੀਕ ’ਚ : ਫ਼ੌਜ ਅਧਿਕਾਰੀ
ਸ਼੍ਰੀਨਗਰ, 25 ਜੂਨ : ਫ਼ੌਜ ਨੇ ਸਨਿਚਰਵਾਰ ਨੂੰ ਕਿਹਾ ਕਿ ਕੰਟਰੋਲ ਲਾਈਨ ’ਤੇ ਜੰਗਬੰਦੀ ਦੇ ਬਾਵਜੂਦ ਪਾਕਿਸਤਾਨ ਦ ਕਬਜੇ ਵਾਲੇ ਕਸ਼ਮੀਰ ’ਚ ਸਿਖਲਾਈ ਕੈਂਪਾਂ ’ਚ 500-700 ਅਤਿਵਾਦੀ ਮੌਜੂਦ ਹਨ ਅਤੇ ਕਸ਼ਮੀਰ ’ਚ ਘੁਸਪੈਠ ਕਰਨ ਲਈ ਲਗਭਗ 150 ਅਤਿਵਾਦੀ ਲਾਂਚਪੈਡ ’ਤੇ ਇੰਤਜ਼ਾਰ ਕਰ ਰਹੇ ਹਨ। ਕਸ਼ਮੀਰ ’ਚ ਫ਼ੌਜ ਦੇ ਇਕ ਅਧਿਕਾਰੀ ਨੇ ਕਿਹਾ ਕਿ ਕੰਟਰੋਲ ਰੇਖਾ ਦੇ ਪਾਰ ਮਨਸ਼ੇਰਾ, ਕੋਟਲੀ ਅਤੇ ਮੁਜੱਫਰਾਬਾਦ 3 ਕੈਂਪਾਂ ’ਚ 500 ਤੋਂ 700 ਅਤਿਵਾਦੀ ਮੌਜੂਦ ਹਨ। ਫ਼ੌਜ ਦੇ ਅਧਿਕਾਰੀ ਨੇ ਕਿਹਾ,‘‘ਲਾਂਚਪੈਡਸ ’ਤੇ ਘਾਟੀ ਦੇ ਸਾਹਮਣੇ ਤੋਂ ਕਰੀਬ 150 ਲੋਕ ਘੁਸਪੈਠ ਲਈ ਤਿਆਰ ਹਨ।’’ ਫ਼ੌਜ ਦੇ ਅਧਿਕਾਰੀ ਨੇ ਕਿਹਾ ਕਿ ਕਸ਼ਮੀਰ ’ਚ ਮਈ ਦੇ ਅੰਤ ਤਕ ਕੋਈ ਘੁਸਪੈਠ ਸਫਲ ਨਹੀਂ ਹੋਈ ਹੈ। ਇਸ ਤੋਂ ਬਾਅਦ ਅਤਿਵਾਦੀ ਭਾਰਤੀ ਸਰਹੱਦ ’ਚ ਦਾਖ਼ਲ ਹੋਣ ਲਈ ਬਦਲਵੇਂ ਰਸਤਿਆਂ ਦਾ ਇਸਤੇਮਾਲ ਕਰ ਰਹੇ ਹਨ।
ਉਨ੍ਹਾਂ ਕਿਹਾ,‘‘ਘੁਸਪੈਠ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਹੁਣ ਕਾਫੀ ਹੱਦ ਤਕ ਪੀਰ ਪੰਜਾਲ ਦੇ ਦਖਣ ’ਚ ਧਿਆਨ ਦਿਤਾ ਜਾ ਰਿਹਾ ਹੈ ਅਤੇ ਅਜਿਹੀਆਂ ਹੀ ਖਬਰਾਂ ਮਿਲ ਰਹੀਆਂ ਹਨ ਕਿ ਕੁੱਝ ਲੋਕ ਨੇਪਾਲ ਦੇ ਰਸਤੇ ਵੀ ਘੁਸਪੈਠ ਕਰ ਸਕਦੇ ਹਨ।’’ ਅਧਿਕਾਰੀ ਨੇ ਕਿਹਾ ਕਿ ਹਾਲਾਂਕਿ ਘੁਸਪੈਠ ਦੀ ਸੰਭਾਵਨਾ ਬਣੀ ਹੋਈ ਹੈ ਪਰ ਕੰਟਰੋਲ ਰੇਖਾ ’ਤੇ ਬਾੜ, ਸੁਰੱਖਿਆ ਬਲਾਂ ਦੀ ਤਾਇਨਾਤੀ ਅਤੇ ਨਿਗਰਾਨੀ ਉਪਕਰਣਾਂ ਨੇ ਘੁਸਪੈਠ ਕਰਨ ਦੀਆਂ ਘਟਨਾਵਾਂ ਘੱਟ ਕਰ ਦਿਤੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਜਿਸ ਤਰ੍ਹਾਂ ਦੇ ਕੰਡੀਲੇ ਬਾੜ ਲਗਾਏ ਹਨ ਅਤੇ ਸੁਰੱਖਿਆ ਬਲਾਂ ਦੀ ਤਾਇਨਾਤੀ ਕੀਤੀ ਹੈ ਅਤੇ ਸਰਹੱਦ ’ਤੇ ਨਿਗਰਾਨੀ ਉਪਕਰਣ ਲਗਾਉਣ ਨਾਲ ਘੁਸਪੈਠ ਦੇ ਮਾਮਲਿਆਂ ’ਚ ਕਮੀ ਆਈ ਹੈ। ਉਨ੍ਹਾਂ ਕਿਹਾ ਕਿ ਕੰਟਰੋਲ ਰੇਖਾ ’ਤੇ ਕੀਤੇ ਗਏ ਉਪਾਵਾਂ ਅਤੇ ਸਰਗਰਮੀ ਕਾਰਨ ਅਤਿਵਾਦੀ ਘੁਸਪੈਠ ਲਈ ਬਦਲਵੇਂ ਰਸਤੇ ਤਲਾਸ਼ ਰਹੇ ਹਨ। ਅਧਿਕਾਰੀ ਨੇ ਕਿਹਾ ਕਿ ਮਈ ਦੇ ਅੰਤ ਤਕ ਕੋਈ ਸਫਲ ਘੁਸਪੈਠ ਨਹੀਂ ਹੋਈ ਹੈ। ਟਾਰਗੇਟ ਕਤਲਾਂ ’ਤੇ ਅਧਿਕਾਰੀ ਨੇ ਕਿਹਾ ਕਿ ਅਤਿਵਾਦੀਆਂ ਦਾ ਮਕਸਦ ਜਾਂ ਤਾਂ ਸੁਰੱਖਿਆ ਬਲਾਂ ਨੂੰ ਭੜਕਾਉਣਾ ਹੁੰਦਾ ਹੈ ਜਾਂ ਫਿਰ ਲੋਕਾਂ ਦਰਮਿਆਨ ਇਕ ਡਰ ਪੈਦਾ ਕਰਨਾ ਹੈ। (ਏਜੰਸੀ)