
ਆਮ ਆਦਮੀ ਪਾਰਟੀ ਦੇੇ ਇਕ ਹੋਰ ਵਿਧਾਇਕ ਤੋਂ ਬਵਾਨਾ ਗੈਂਗ ਨੇ ਮੰਗੇ ਪੈਸੇ, ਜਾਨੋਂ ਮਾਰਨ ਦੀ ਦਿਤੀ ਧਮਕੀ
ਨਵੀਂ ਦਿੱਲੀ, 25 ਜੂਨ : ਆਮ ਆਦਮੀ ਪਾਰਟੀ ਨੇ ਸਨਿਚਰਵਾਰ ਨੂੰ ਕਿਹਾ ਕਿ ਬੁਰਾੜੀ ਤੋਂ ਉਸ ਦੇ ਵਿਧਾਇਕ ਸੰਜੀਵ ਝਾਅ ਨੂੰ ਫ਼ੋਨ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਅਤੇ ਜਬਰੀ ਵਸੂਲੀ ਦੀਆਂ ਕਾਲਾਂ ਆਉਣ ਦੇ ਬਾਅਦ ਇਕ ਹੋਰ ਵਿਧਾਇਕ ਅਜੈ ਦੱਤ ਨੂੰ ਵੀ ਅਜਿਹਾ ਹੀ ਫੋਨ ਆਇਆ ਹੈ। ਪਾਰਟੀ ਨੇ ਇਸ ਸਬੰਧੀ ਦਿੱਲੀ ਪੁਲਿਸ ਤੋਂ ਜਲਦੀ ਕਾਰਵਾਈ ਦੀ ਮੰਗ ਕੀਤੀ ਹੈ।
ਆਮ ਆਦਮੀ ਪਾਰਟੀ ਦੇ ਕੌਮੀ ਬੁਲਾਰੇ ਸੰਜੇ ਸਿੰਘ ਨੇ ਦੋਵਾਂ ਵਿਧਾਇਕਾਂ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਦਿੱਲੀ ਵਿਚ ਅਮਨ-ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਨਾਲ ਢਹਿ-ਢੇਰੀ ਹੋ ਚੁਕੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਆਮ ਲੋਕਾਂ ਦੀ ਸੁਰੱਖਿਆ ਲਈ ਦਖ਼ਲ ਦੇਣਾ ਚਾਹੀਦਾ ਹੈ। ਰਾਜ ਸਭਾ ਮੈਂਬਰ ਨੇ ਦਾਅਵਾ ਕੀਤਾ ਕਿ ਦੱਤ ਅਤੇ ਝਾਅ ਨੂੰ ਇਕੋ ਵਿਅਕਤੀ ਨੇ ਫ਼ੋਨ ਕੀਤਾ ਸੀ। ਸਿੰਘ ਨੇ ਕਿਹਾ, “ਸਾਡੇ ਵਿਧਾਇਕ ਸੰਜੀਵ ਝਾਅ ਨੂੰ 20 ਜੂਨ ਨੂੰ ਧਮਕੀ ਭਰੀ ਕਾਲ ਆਈ ਸੀ, ਜਿਸ ਤੋਂ ਬਾਅਦ ਅਸੀਂ 21 ਜੂਨ ਨੂੰ ਐਫ਼ਆਈਆਰ ਦਰਜ ਕਰਵਾਈ ਸੀ ਅਤੇ ਮਾਮਲਾ ਦਿੱਲੀ ਪੁਲਿਸ ਦੇ ਸਪੈਸਲ ਸੈੱਲ ਨੂੰ ਸੌਂਪ ਦਿਤਾ ਗਿਆ ਸੀ। ਇਸ ਤੋਂ ਬਾਅਦ ਵੀ ਝਾਅ ਨੂੰ ਹੁਣ ਤਕ ਫਿਰੌਤੀ ਲਈ 24 ਕਾਲਾਂ ਆ ਚੁਕੀਆਂ ਹਨ। ਹੁਣ ਵਿਧਾਇਕ ਅਜੈ ਦੱਤ ਨੂੰ ਵਸੂਲੀ ਅਤੇ ਜਾਨੋਂ ਮਾਰਨ ਦੀ ਧਮਕੀ ਵਾਲਾ ਫੋਨ ਆਇਆ ਹੈ। ਮਾਫੀਆ ਦੀ ਹਿੰਮਤ ਤਾਂ ਦੇਖੋ।’’ ਉਨ੍ਹਾਂ ਕਿਹਾ, “ਇਹ ਦਿੱਲੀ ਦੀ ਹਾਲਤ ਹੈ। ਰਾਸ਼ਟਰੀ ਰਾਜਧਾਨੀ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਨਾਲ ਢਹਿ ਗਈ ਹੈ।’’
ਪ੍ਰੈੱਸ ਕਾਨਫਰੰਸ ’ਚ ਸਿੰਘ ਨੇ 20 ਜੂਨ ਨੂੰ ਝਾਅ ਨੂੰ ਕੀਤੀ ਕਾਲ ਦੀ ਆਡੀਉ ਰਿਕਾਰਡਿੰਗ ਸੁਣਾਈ, ਜਿਸ ’ਚ ਫ਼ੋਨ ਕਰਨ ਵਾਲਾ ਵਿਅਕਤੀ ਵਿਧਾਇਕ ਤੋਂ 10 ਲੱਖ ਰੁਪਏ ਦੀ ਮੰਗ ਕਰ ਰਿਹਾ ਹੈ। ਫੋਨ ਕਰਨ ਵਾਲੇ ਨੇ ਅਪਣੀ ਪਛਾਣ ਵਿੱਕੀ ਕੋਬਰਾ ਅਤੇ ਗੈਂਗਸਟਰ ਨੀਰਜ ਬਵਾਨਾ ਦੇ ਸਾਥੀ ਵਜੋਂ ਦਸੀ ਅਤੇ ਕਿਹਾ ਕਿ ਜੇ ਝਾਅ ਨੇ ਪੈਸੇ ਨਾ ਦਿਤੇ ਤਾਂ ਉਸਦਾ ਅਤੇ ਉਸਦੇ ਪਰਵਾਰ ਦਾ ਕਤਲ ਕਰ ਦਿਤਾ ਜਾਵੇਗਾ। ਪ੍ਰੈੱਸ ਕਾਨਫਰੰਸ ’ਚ ਦੱਤ ਨੇ ਦਸਿਆ ਕਿ ਉਨ੍ਹਾਂ ਨੂੰ 22 ਜੂਨ ਨੂੰ ਫ਼ੋਨ ਆਇਆ ਸੀ। ਬਵਾਨਾ ਇਸ ਸਮੇਂ ਦਿੱਲੀ ਦੀ ਤਿਹਾੜ ਜੇਲ ਵਿਚ ਬੰਦ ਹੈ।
ਅੰਬੇਡਕਰ ਨਗਰ ਦੇ ਵਿਧਾਇਕ ਨੇ ਕਿਹਾ, ‘‘ਵਟਸਐਪ ’ਤੇ ਫ਼ੋਨ ਕਰਨ ਵਾਲੇ ਨੇ ਮੈਨੂੰ ਕਿਹਾ ਕਿ ‘ਪ੍ਰੋਟੈਕਸ਼ਨ ਮਨੀ’ ਵਜੋਂ 5 ਲੱਖ ਰੁਪਏ ਦਿਉ ਨਹੀਂ ਤਾਂ ਉਹ ਮੈਨੂੰ ਗੋਲੀ ਮਾਰ ਦੇਵੇਗਾ। ਬਾਅਦ ਵਿਚ ਉਸ ਨੇ ਮੈਨੂੰ ਇਕ ਵੀਡੀਉ ਭੇਜਿਆ ਜਿਸ ਵਿਚ ਦਿਖਾਇਆ ਗਿਆ ਕਿ ਮੈਨੂੰ ਮਾਰਨ ਲਈ ਪਿਸਤੌਲ ਨਾਲ ਗੋਲੀ ਕਿਵੇਂ ਚਲਾਈ ਜਾਵੇਗੀ।’’ (ਏਜੰਸੀ)