
ਇਸ ਹਾਰ ਨਾਲ ਆਮ ਆਦਮੀ ਪਾਰਟੀ ਦਾ ਹੁਣ ਲੋਕ ਸਭਾ ਵਿਚ ਕੋਈ ਸੰਸਦ ਮੈਂਬਰ ਨਹੀਂ ਰਿਹਾ ਹੈ।
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਸੰਗਰੂਰ ਲੋਕ ਸਭਾ ਸੀਟ ਤੋਂ ਜਿੱਤ ਗਏ ਹਨ। ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਨੂੰ 5822 ਵੋਟਾਂ ਦੇ ਫ਼ਰਕ ਨਾਲ ਹਰਾਇਆ। ਸਿਮਰਨਜੀਤ ਸਿੰਘ ਮਾਨ ਨੇ 253154 ਵੋਟਾਂ ਹਾਸਲ ਕੀਤੀਆਂ, ਜਦਕਿ ਗੁਰਮੇਲ ਸਿੰਘ ਘਰਾਚੋਂ ਨੂੰ 247332 ਵੋਟਾਂ ਹੀ ਹਾਸਲ ਹੋਈਆਂ। ਸਿਮਰਨਜੀਤ ਮਾਨ ਦੀ ਜਿੱਤ ਨਾਲ ਸੰਗਰੂਰ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਿਲ੍ਹਾ ਢਹਿ ਗਿਆ। ਉਹ ਇੱਥੋਂ ਲਗਾਤਾਰ ਦੋ ਵਾਰ ਲੋਕ ਸਭਾ ਮੈਂਬਰ ਚੁਣੇ ਗਏ। ਹਾਲਾਂਕਿ ਹੁਣ ਉਹ ਇਹ ਸੀਟ ਨਹੀਂ ਬਚਾ ਸਕੇ। ਇਸ ਹਾਰ ਨਾਲ ਆਮ ਆਦਮੀ ਪਾਰਟੀ ਦਾ ਹੁਣ ਲੋਕ ਸਭਾ ਵਿਚ ਕੋਈ ਸੰਸਦ ਮੈਂਬਰ ਨਹੀਂ ਰਿਹਾ ਹੈ।
ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਵੋਟਰਾਂ ਦਾ ਕੀਤਾ ਧੰਨਵਾਦ
ਚੋਣ ਨਤੀਜਿਆਂ ਮਗਰੋਂ ਸਿਮਰਨਜੀਤ ਮਾਨ ਨੇ ਟਵੀਟ ਕਰਦਿਆਂ ਲਿਖਿਆ, ''ਮੈਂ ਸੰਗਰੂਰ ਦੇ ਵੋਟਰਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਪਾਰਲੀਮੈਂਟ 'ਚ ਆਪਣਾ ਨੁਮਾਇੰਦਾ ਚੁਣਿਆ। ਮੈਂ ਆਪਣੇ ਹਲਕੇ ਦੇ ਕਿਸਾਨਾਂ, ਖੇਤ ਮਜ਼ਦੂਰਾਂ, ਵਪਾਰੀਆਂ ਅਤੇ ਹਰ ਕਿਸੇ ਦੇ ਦੁੱਖਾਂ ਨੂੰ ਦੂਰ ਕਰਨ ਲਈ ਸਖ਼ਤ ਮਿਹਨਤ ਕਰਾਂਗਾ।''
ਰਾਜਾ ਵੜਿੰਗ ਨੇ ਸਿਮਰਨਜੀਤ ਸਿੰਘ ਨੂੰ ਦਿਤੀ ਵਧਾਈ
ਸਿਮਰਨਜੀਤ ਸਿੰਘ ਮਾਨ ਦੀ ਜਿੱਤ ਮਗਰੋਂ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਟਵੀਟ ਕਰਦਿਆਂ ਉਹਨਾਂ ਨੂੰ ਵਧਾਈ ਦਿੱਤੀ। ਰਾਜਾ ਵੜਿੰਗ ਨੇ ਲਿਖਿਆ, ''ਲੋਕਾਂ ਦੇ ਫੈਸਲੇ ਨੂੰ ਨਿਮਰਤਾ ਨਾਲ ਸਵੀਕਾਰ ਕਰੋ। ਸਿਮਰਨਜੀਤ ਸਿੰਘ ਮਾਨ ਜੀ ਨੂੰ ਜਿੱਤ ਲਈ ਮੇਰੀਆਂ ਬਹੁਤ-ਬਹੁਤ ਮੁਬਾਰਕਾਂ। ਮੈਨੂੰ ਯਕੀਨ ਹੈ ਕਿ ਉਹ ਆਪਣੀ ਨਵੀਂ ਭੂਮਿਕਾ 'ਚ ਪੰਜਾਬ ਦੀ ਆਵਾਜ਼ ਬੁਲੰਦ ਕਰਦੇ ਰਹਿਣਗੇ। ਇਹ ਨਤੀਜਾ ਜਨਤਾ ਦੀ 'ਆਪ' ਪ੍ਰਤੀ ਨਾਰਾਜ਼ਗੀ ਨੂੰ ਦਰਸਾਉਂਦਾ ਹੈ”।
ਸੰਗਰੂਰ ਨਤੀਜਿਆਂ ਨੂੰ ਲੈ ਕੇ ਮਨਜਿੰਦਰ ਸਿਰਸਾ ਦਾ ਟਵੀਟ
ਚੋਣ ਨਤੀਜਿਆਂ ਨੂੰ ਲੈ ਕੇ ਭਾਜਪਾ ਆਗੂ ਮਨਜਿੰਦਰ ਸਿਰਸਾ ਨੇ ਕਿਹਾ ਕਿ ਸੰਗਰੂਰ ਨੇ ਕੇਜਰੀਵਾਲ ਦਾ ਗਰੂਰ ਤੋੜਿਆ ਹੈ।
ਸੰਗਰੂਰ ਜ਼ਿਮਨੀ ਚੋਣ ਦੇ ਨਤੀਜਿਆਂ ਨੂੰ ਲੈ ਕੇ ਪਰਮਿੰਦਰ ਬਰਾੜ ਦਾ ਟਵੀਟ
ਭਾਜਪਾ ਆਗੂ ਪਰਮਿੰਦਰ ਬਰਾੜ ਨੇ ਲਿਖਿਆ, ''ਸੰਗਰੂਰ ਜ਼ਿਮਨੀ ਚੋਣ ਦਾ ਨਤੀਜਾ ਹੈਰਾਨ ਕਰਨ ਵਾਲਾ ਨਹੀਂ ਹੈ ਕਿਉਂਕਿ AAP ਦੀ ਹਾਰ ਪਹਿਲਾਂ ਤੋਂ ਹੀ ਤੈਅ ਸੀ'' ''ਭਗਵੰਤ ਮਾਨ ਸਾਬ੍ਹ, ਪੰਜਾਬ ਨੇ ਤੁਹਾਨੂੰ ਵਿਧਾਨ ਸਭਾ ਚੋਣਾਂ 'ਚ ਇੰਨਾ ਵੱਡਾ ਫ਼ਤਵਾ ਦਿੱਤਾ। ਅਰਵਿੰਦ ਕੇਜਰੀਵਾਲ ਦੇ ਮਗਰ ਲੱਗ ਕੇ ਪੰਜਾਬੀਆਂ ਦਾ ਵਿਸ਼ਵਾਸ ਨਾ ਤੋੜੋ। ਪੰਜਾਬੀਆਂ ਨੇ ਕੇਜਰੀਵਾਲ ਨੂੰ ਨਹੀਂ ਸਗੋਂ ਤੁਹਾਡਾ ਸਮਰਥਨ ਕੀਤਾ ਹੈ। ਕ੍ਰਿਪਾ ਕਰਕੇ ਮੁੱਖ ਮੰਤਰੀ ਵਾਂਗ ਕੰਮ ਕਰਨਾ ਸ਼ੁਰੂ ਕਰੋ।''
ਸੁਖਬੀਰ ਬਾਦਲ ਨੇ ਦਿੱਤੀ ਸਿਮਰਨਜੀਤ ਸਿੰਘ ਮਾਨ ਨੂੰ ਵਧਾਈ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਲਿਖਿਆ, ''ਮੈਂ ਸਰਦਾਰ ਸਿਮਰਨਜੀਤ ਸਿੰਘ ਮਾਨ ਅਤੇ ਉਹਨਾਂ ਦੀ ਪਾਰਟੀ ਨੂੰ ਸੰਗਰੂਰ ਤੋਂ ਪਾਰਲੀਮੈਂਟਰੀ ਚੋਣਾਂ ਵਿਚ ਜਿੱਤ ਲਈ ਦਿਲੋਂ ਵਧਾਈ ਦਿੰਦਾ ਹਾਂ ਅਤੇ ਉਹਨਾਂ ਨੂੰ ਸਹਿਯੋਗ ਦਿੰਦਾ ਹਾਂ। ਅਸੀਂ ਲੋਕਾਂ ਦੇ ਫ਼ਤਵੇ ਅੱਗੇ ਸਿਰ ਝੁਕਾਉਂਦੇ ਹਾਂ।''