
ਮ੍ਰਿਤਕ ਦੇ ਪਿਤਾ ਬੂਟਾ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ 174 ਦੀ ਕਾਰਵਾਈ ਕਰ ਕੇ ਪੋਸਟ ਮਾਰਟਮ ਉਪਰੰਤ ਲਾਸ਼ ਪ੍ਰਵਾਰ ਨੂੰ ਦੇ ਦਿਤੀ ਗਈ ਹੈ
ਸੁਲਤਾਨਪੁਰ ਲੋਧੀ : ਪੰਜਾਬ ਪੁਲਿਸ ਦੇ ਜਵਾਨ ਦੀ ਲੋਹੀਆਂ ਦੇ ਟੀ.ਪੁਆਇੰਟ 'ਤੇ ਬਣੇ ਇੱਕ ਪਬਲਿਕ ਬਾਥਰੂਮ ਦੇ ਅੰਦਰੋਂ ਬਰਾਮਦ ਹੋਈ ਹੈ।
ਐਤਵਾਰ ਸਵੇਰੇ 7 ਵਜੇ ਦੇ ਕਰੀਬ ਲੋਹੀਆਂ ਦੇ ਟੀ.ਪੁਆਇੰਟ 'ਤੇ ਬਣੇ ਇੱਕ ਪਬਲਿਕ ਬਾਥਰੂਮ ਦੀ ਅੰਦਰੋਂ ਕੁੰਡੀ ਬੰਦ ਹੋਣ ਕਾਰਨ ਜਦੋਂ ਕਰਮਚਾਰੀਆਂ ਨੇ ਰੌਸ਼ਨ ਦਾਨ ਰਾਹੀਂ ਦੇਖਿਆ ਤਾਂ ਅੰਦਰੋਂ ਬਦਬੂ ਆ ਰਹੀ ਸੀ। ਅੰਦਰ ਇੱਕ ਨੌਜੁਆਨ ਦੀ ਲਾਸ਼ ਪਈ ਸੀ, ਜਿਸ ਦੀ ਸੂਚਨਾ ਲੋਹੀਆਂ ਪੁਲਿਸ ਨੂੰ ਦਿਤੀ ਗਈ ਅਤੇ ਦਰਵਾਜ਼ਾ ਖੋਲ੍ਹ ਕੇ ਅੰਦਰੋਂ ਕੱਢੀ ਮ੍ਰਿਤਕ ਨੌਜੁਆਨ ਦੀ ਲਾਸ਼ ਇੰਨੀ ਖਰਾਬ ਹੋ ਚੁੱਕੀ ਸੀ ਕਿ ਉਹ ਪਹਿਚਾਣ 'ਚ ਨਹੀਂ ਆ ਰਿਹਾ ਸੀ |
ਇਸੇ ਦੌਰਾਨ ਪੁਲਿਸ ਵਲੋਂ ਲਾਸ਼ ਨੂੰ ਪੋਸਟ ਮਾਰਟਮ ਲਈ ਨਕੋਦਰ ਲਿਜਾਣ ਦੀਆਂ ਤਿਆਰੀਆਂ ਸਨ ਕਿ ਸੂਚਨਾ ਮਿਲਣ 'ਤੇ ਨੇੜਲੇ ਪਿੰਡ ਦੀਪੇਵਾਲ (ਥਾਣਾ ਸੁਲਤਾਨਪੁਰ ਲੋਧੀ) ਤੋਂ ਬੂਟਾ ਸਿੰਘ ਆਏ ਜਿਨ੍ਹਾਂ ਨੇ ਪਹਿਚਾਣ ਕੀਤੀ ਕਿ ਇਹ ਉਹਨਾਂ ਦੇ ਪੁੱਤਰ ਅਮਰਿੰਦਰ ਸਿੰਘ (30) ਦੀ ਮ੍ਰਿਤਕ ਦੇਹ ਹੈ, ਜੋ ਪੰਜਾਬ ਪੁਲਿਸ ਦਾ ਸਿਪਾਹੀ ਹੈ|
ਲੋਹੀਆਂ ਥਾਣੇ ਦੇ ਇੰਚਾਰਜ ਸਬ-ਇੰਸਪੈਕਟਰ ਗੋਵਿੰਦਰ ਸਿੰਘ ਨੇ ਦਸਿਆ ਕਿ ਮ੍ਰਿਤਕ ਦੇ ਪਿਤਾ ਬੂਟਾ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ 174 ਦੀ ਕਾਰਵਾਈ ਕਰ ਕੇ ਪੋਸਟ ਮਾਰਟਮ ਉਪਰੰਤ ਲਾਸ਼ ਪ੍ਰਵਾਰ ਨੂੰ ਦੇ ਦਿਤੀ ਗਈ ਹੈ | ਉਨ੍ਹਾਂ ਕਿਹਾ ਕਿ ਪਰਿਵਾਰ ਵਲੋਂ ਆਪਣੇ ਪਿੰਡ ਦੀਪੇਵਾਲ ਦੇ ਸ਼ਮਸ਼ਾਨਘਾਟ ਵਿਖੇ ਮ੍ਰਿਤਕ ਦਾ ਅੰਤਿਮ ਸਸਕਾਰ ਕਰ ਦਿਤਾ ਹੈ |
ਜ਼ਿਕਰਯੋਗ ਹੈ ਕਿ ਉਕਤ ਪੰਜਾਬ ਪੁਲਿਸ ਦਾ ਜਵਾਨ ਕੁਆਰਾ ਸੀ ਅਤੇ ਉਹ ਆਪਣੀਆਂ 2 ਭੈਣਾਂ ਦਾ ਇੱਕਲੌਤਾ ਭਰਾ ਅਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ|