
ਇਲਾਕੇ ਵਿਚ ਫਾਈਬਰ ਦੀ ਤਾਰ ਨਾ ਹੋਣ ਦਾ ਬਣਾਇਆ ਬਹਾਨਾ
ਚੰਡੀਗੜ੍ਹ - ਜ਼ਿਲ੍ਹਾ ਖਪਤਕਾਰ ਕਮਿਸ਼ਨ ਨੇ ਇੰਟਰਨੈਟ ਪ੍ਰਦਾਤਾ ਕੰਪਨੀ ਭਾਰਤੀ ਏਅਰਟੈੱਲ ਲਿਮਟਿਡ ਨੂੰ ਸੇਵਾ ਵਿਚ ਲਾਪਰਵਾਹੀ ਲਈ 20,000 ਰੁਪਏ ਦਾ ਜੁਰਮਾਨਾ ਲਗਾਇਆ ਹੈ। ਪਟੀਸ਼ਨ 'ਚ ਸੈਕਟਰ-63 ਦੇ ਪੁਸ਼ਕਰ ਭਾਰਦਵਾਜ ਨੇ ਦੱਸਿਆ ਕਿ ਉਹ ਸੈਕਟਰ-46 'ਚ ਰਹਿੰਦਾ ਸੀ। ਉਸ ਨੇ 30 ਮਈ 2020 ਨੂੰ ਏਅਰਟੈੱਲ ਐਕਸਸਟ੍ਰੀਮ ਫਾਈਬਰ ਕਨੈਕਸ਼ਨ ਲਿਆ। ਉਸ ਨੇ ਤਿੰਨ ਮਹੀਨਿਆਂ ਲਈ 2828 ਰੁਪਏ ਭਰੇ ਸਨ। ਕੰਪਨੀ ਨੇ ਕਿਹਾ ਕਿ ਜੇਕਰ ਉਹ ਕਿਸੇ ਹੋਰ ਥਾਂ 'ਤੇ ਸ਼ਿਫਟ ਹੋ ਜਾਂਦੇ ਹਨ ਤਾਂ ਉਨ੍ਹਾਂ ਦਾ ਉਹੀ ਕੁਨੈਕਸ਼ਨ ਨਵੇਂ ਪਤੇ 'ਤੇ ਮੁਫਤ 'ਚ ਸ਼ਿਫਟ ਕਰ ਦਿੱਤਾ ਜਾਵੇਗਾ। ਨਵਾਂ ਕਨੈਕਸ਼ਨ ਲੈਣ ਦੀ ਜ਼ਰੂਰਤ ਨਹੀਂ ਹੋਵੇਗੀ।
ਜਦੋਂ ਉਹ ਨਵੇਂ ਪਤੇ 'ਤੇ ਸ਼ਿਫਟ ਹੋ ਗਏ ਤਾਂ ਕੰਪਨੀ ਨੇ ਕੁਨੈਕਸ਼ਨ ਸ਼ਿਫਟ ਨਹੀਂ ਕੀਤਾ। ਕੰਪਨੀ ਨੇ ਬਹਾਨਾ ਬਣਾਇਆ ਕਿ ਉਸ ਇਲਾਕੇ ਵਿਚ ਫਾਈਬਰ ਦੀ ਤਾਰ ਨਹੀਂ ਹੈ, ਇਸ ਲਈ ਉੱਥੇ ਉਹਨਾਂ ਨੂੰ ਇਹ ਕਨੇਕਸ਼ਨ ਨਹੀਂ ਮਿਲ ਸਕੇਗਾ। ਕੰਪਨੀ ਨੇ ਖਪਤਕਾਰ ਕਮਿਸ਼ਨ ਵਿੱਚ ਵੀ ਇਹੀ ਦਲੀਲ ਦਿੱਤੀ ਸੀ। ਪਰ ਭਾਰਦਵਾਜ ਨੇ ਦੱਸਿਆ ਕਿ ਜੁਲਾਈ 2020 ਵਿਚ ਹੀ ਕੰਪਨੀ ਨੇ ਉਨ੍ਹਾਂ ਦੇ ਨਵੇਂ ਪਤੇ 'ਤੇ ਨਵਾਂ ਕੁਨੈਕਸ਼ਨ ਦਿੱਤਾ ਸੀ, ਜਦਕਿ ਪਹਿਲਾਂ ਉਹ ਇਸ ਗੱਲ ਤੋਂ ਇਨਕਾਰ ਕਰ ਰਹੇ ਸਨ ਕਿ ਇਸ ਖੇਤਰ ਵਿਚ ਕੋਈ ਫਾਈਬਰ ਕੇਬਲ ਨਹੀਂ ਹੈ।
ਅਜਿਹੇ 'ਚ ਕਮਿਸ਼ਨ ਨੇ ਕਿਹਾ ਕਿ ਜੂਨ-2020 'ਚ ਕੰਪਨੀ ਨੇ ਗਾਹਕ ਦੇ ਪੁਰਾਣੇ ਕੁਨੈਕਸ਼ਨ ਨੂੰ ਨਾਨ-ਵਾਇਰ ਏਰੀਆ ਦੱਸ ਕੇ ਸ਼ਿਫਟ ਨਹੀਂ ਕੀਤਾ ਤਾਂ ਅਗਲੇ ਮਹੀਨੇ ਉਸੇ ਖੇਤਰ 'ਚ ਨਵਾਂ ਕੁਨੈਕਸ਼ਨ ਕਿਵੇਂ ਲਗਾ ਦਿੱਤਾ ਗਿਆ। ਕੰਪਨੀ ਨੇ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਜਿਸ ਕਾਰਨ ਖਪਤਕਾਰ ਕਮਿਸ਼ਨ ਨੇ ਕੰਪਨੀ 'ਤੇ 20,000 ਰੁਪਏ ਦਾ ਜੁਰਮਾਨਾ ਲਗਾਇਆ ਹੈ।