
Jalandhar Rape News : ਪੁਲਿਸ ਨੇ 3 ਨੌਜਵਾਨਾਂ ਨੂੰ ਕੀਤਾ ਗ੍ਰਿਫ਼ਤਾਰ
Jalandhar Rape News : ਉੜੀਸਾ ਦੀ ਰਹਿਣ ਵਾਲੀ 22 ਸਾਲਾ ਵਿਦਿਆਰਥਣ ਨੂੰ ਰਸਤੇ ’ਚ ਘੇਰ ਕੇ ਉਸ ਨਾਲ ਜ਼ਬਰ-ਜਨਾਹ ਕਰਨ ਦਾ ਮਾਮਲੇ ਸਾਹਮਣੇ ਆਇਆ ਹੈ। ਇਸ ਮਾਮਲੇ ’ਚ ਥਾਣਾ ਪਤਾਰਾ ਪੁਲਿਸ ਨੇ ਥਾਣਾ ਰਾਮਾ ਮੰਡੀ ਅਧੀਨ ਪੈਂਦੇ ਇਲਾਕੇ ਲੱਧੇਵਾਲੀ ਦੇ 3 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ SHO ਪਤਾਰਾ ਬਲਜੀਤ ਸਿੰਘ ਹੁੰਦਲ ਨੇ ਦੱਸਿਆ ਕਿ ਮਾਮਲਾ ਦਰਜ ਹੋਣ ਦੇ 3 ਘੰਟਿਆਂ ’ਚ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ। ਉਕਤ ਦੋਸ਼ੀਆਂ ਦੀ ਪਛਾਣ ਅਮਨਜੋਤ ਸਿੰਘ ਉਰਫ਼ ਅਮਨ (22) ਪੁੱਤਰ ਰਾਜ ਕੁਮਾਰ ਵਾਸੀ ਮਕਾਨ ਨੰ. 231 ਪੰਜਾਬ ਐਵੀਨਿਊ, ਲੱਧੇਵਾਲੀ ਹਾਲ ਵਾਸੀ ਕਿਰਾਏਦਾਰ ਪਿੰਡ ਲਾਲੇਵਾਲੀ ਜਲੰਧਰ, ਮਨਜੀਤ ਸਿੰਘ ਸ਼ੇਰਾ (26) ਪੁੱਤਰ ਮਹਿੰਦਰ ਸਿੰਘ ਤੇ ਰਣਵੀਰ ਸਿੰਘ ਇੰਦੀ (18) ਪੁੱਤਰ ਜੁਝਾਰ ਸਿੰਘ ਦੋਵੇਂ ਵਾਸੀ ਨਜ਼ਦੀਕੀ ਪ੍ਰਾਇਮਰੀ ਸਕੂਲ ਲੁਹਾਰਾਂ ਮੁਹੱਲਾ ਲੱਧੇਵਾਲੀ ਜਲੰਧਰ ਵਜੋਂ ਹੋਈ ਹੈ।
ਇਸ ਮੌਕੇ ਪਤਾਰਾ ਥਾਣਾ ਮੁਖੀ ਨੇ ਦੱਸਿਆ ਕਿ ਪਤਾਰਾ ਥਾਣੇ ’ਚ ਪੀੜਤ ਲੜਕੀ ਦੇ ਬਿਆਨਾਂ ਦੇ ਆਧਾਰ ’ਤੇ ਦੋਸ਼ੀਆਂ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 376, 366, 506, 120ਬੀ ਤਹਿਤ ਥਾਣਾ ਪਤਾਰਾ ’ਚ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਪਤਾਰਾ ਦੀ ਹਿਰਾਸਤ ’ਚ ਰੱਖੇ ਤਿੰਨਾਂ ਦੋਸ਼ੀਆਂ ਨੂੰ ਬੁੱਧਵਾਰ ਸਵੇਰੇ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ’ਚ ਉੜੀਸਾ ਦੀ ਰਹਿਣ ਵਾਲੀ ਪੀੜਤ ਲੜਕੀ ਨੇ ਦੱਸਿਆ ਹੈ ਕਿ ਉਹ ਸੋਮਵਾਰ ਦੇਰ ਸ਼ਾਮ ਉਹ ਆਪਣੇ ਇਕ ਦੋਸਤ ਨਾਲ ਮੋਟਰਸਾਈਕਲ ’ਤੇ ਦਕੋਹਾ ’ਚ ਰਹਿੰਦੇ ਆਪਣੇ ਇਕ ਹੋਰ ਦੋਸਤ ਨੂੰ ਮਿਲਣ ਗਈ ਸੀ। ਇਹ ਤਿੰਨੋਂ ਜਣੇ ਤੱਲ੍ਹਣ ਰੋਡ ’ਤੇ ਘੁੰਮ ਕੇ ਵਾਪਸ ਦਕੋਹਾ ਵੱਲ ਜਾ ਰਹੇ ਸਨ ਤਾਂ ਇਕ ਦੀ ਮੋਟਰਸਾਈਕਲ ’ਤੇ ਸਵਾਰ 3 ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ ਤੇ ਉਨ੍ਹਾਂ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ’ਚੋਂ 2 ਨੌਜਵਾਨਾਂ ਨੇ ਉਸ ਨੂੰ ਡਰਾ ਧਮਕਾ ਕੇ ਆਪਣੇ ਮੋਟਰਸਾਈਕਲ ’ਤੇ ਬਿਠਾ ਲਿਆ। ਇਕ ਨੌਜਵਾਨ ਉਸ ਦੇ ਦੋਸਤਾਂ ਨਾਲ ਤੱਲ੍ਹਣ ਰੋਡ ’ਤੇ ਹੀ ਖੜ੍ਹਾ ਰਿਹਾ। ਦੋਵੇਂ ਨੌਜਵਾਨ ਉਸ ਨੂੰ ਢਿੱਲਵਾਂ ਰੇਲਵੇ ਲਾਈਨਾਂ ਨੇੜੇ ਇਕ ਸੁੰਨਸਾਨ ਜਗ੍ਹਾ ’ਤੇ ਲੈ ਗਏ। ਉੱਥੇ ਜਾ ਕੇ ਇਕ ਨੌਜਵਾਨ ਨੇ ਉਸ ਨਾਲ ਜ਼ਬਰ-ਜਨਾਹ ਕੀਤਾ ਤੇ ਦੂਜੇ ਨੇ ਉਸ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਬਾਅਦ ’ਚ ਉਹ ਉਸ ਦੀ ਅਸ਼ਲੀਲ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੰਦੇ ਹੋਏ ਉਸ ਨੂੰ ਉੱਥੇ ਹੀ ਛੱਡ ਕੇ ਭੱਜ ਗਏ।
ਲੜਕੀ ਨੇ ਦੱਸਿਆ ਕਿ ਉਨ੍ਹਾਂ ਦੇ ਫ਼ਰਾਰ ਹੋਣ ਤੋਂ ਬਾਅਦ ਉਹ ਆਪਣੇ ਨਾਲ ਪੜ੍ਹਦੇ ਨੌਜਵਾਨਾਂ ਦੀ ਮਦਦ ਨਾਲ ਪਤਾਰਾ ਥਾਣੇ ਪਹੁੰਚੀ। ਪੁਲਿਸ ਜਾਂਚ ’ਚ ਸਾਹਮਣੇ ਆਇਆ ਹੈ ਕਿ ਲੜਕੀ ਨਾਲ ਅਮਨਜੋਤ ਸਿੰਘ ਅਮਨ ਨੇ ਜ਼ਬਰ-ਜਨਾਹ ਕੀਤਾ ਅਤੇ ਇਸ ਦੌਰਾਨ ਮਨਜੀਤ ਸਿੰਘ ਸ਼ੇਰਾ ਨੇ ਅਸ਼ਲੀਲ ਵੀਡੀਓ ਬਣਾਈ ਸੀ।
ਜਾਣਕਾਰੀ ਅਨੁਸਾਰ ਦੋਸ਼ੀ ਨੌਜਵਾਨ ਦੇ ਬਚਾਅ ’ਚ ਖੁਦ ਨੂੰ ਕੌਂਸਲਰ ਦੱਸਣ ਵਾਲੇ ਰਾਮਾ ਮੰਡੀ ਨਿਵਾਸੀ ਇਕ ਨੇਤਾ ਵੀ ਥਾਣਾ ਪਤਾਰਾ ਪਹੁੰਚੇ ਸਨ, ਪਰ ਪੁਲਿਸ ਨੇ ਉਨ੍ਹਾਂ ਦੀ ਇਕ ਨਾ ਸੁਣੀ ਤੇ ਦੋਸ਼ੀ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਬਾਅਦ ’ਚ ਪੁਲਿਸ ਨੂੰ ਇਹ ਵੀ ਪਤਾ ਲੱਗਾ ਕਿ ਜੋ ਆਗੂ ਉਨ੍ਹਾਂ ਕੋਲ ਆਇਆ ਸੀ, ਉਹ ਕੌਂਸਲਰ ਨਹੀਂ ਸੀ ਤੇ ਨਾ ਹੀ ਉਸ ਨੇ ਹੁਣ ਤੱਕ ਕੋਈ ਕੌਂਸਲਰ ਦੀ ਚੋਣ ਲੜੀ ਹੈ।
(For more news apart from Rape with student in Odisha, Indecent video was made News in Punjabi, stay tuned to Rozana Spokesman)