
ਜਨਰਲ ਆਬਜ਼ਰਵਰ ਤੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਸ਼ਿਕਾਇਤ ਸੈੱਲ ਅਤੇ ਸੀ-ਵਿਜਿਲ ਸੈੱਲ ਦਾ ਦੌਰਾ
Jalandhar West by-election : ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੀ ਉਪ ਚੋਣ ਲਈ ਅੱਜ ਚੋਣ ਅਮਲੇ ਦੀ ਦੂਜੀ ਰੈਂਡਮਾਈਜ਼ੇਸ਼ਨ ਕਰਵਾਈ ਗਈ। ਸਮੁੱਚੀ ਪ੍ਰਕਿਰਿਆ ਜਨਰਲ ਆਬਜ਼ਰਵਰ ਉੱਤਮ ਕੁਮਾਰ ਪਾਤਰਾ ਅਤੇ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਮੇਜਰ ਡਾ. ਅਮਿਤ ਮਹਾਜਨ ਦੀ ਨਿਗਰਾਨੀ ਹੇਠ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਨੇਪਰੇ ਚਾੜ੍ਹੀ ਗਈ।
ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਪ ਚੋਣ ਲਈ ਪੋਲਿੰਗ ਪਾਰਟੀਆਂ ਦੇ ਗਠਨ ਲਈ ਰੈਂਡਮਾਈਜ਼ੇਸ਼ਨ ਦੀ ਪ੍ਰਕਿਰਿਆ ਅਮਲ ਵਿੱਚ ਲਿਆਂਦੀ ਗਈ ਹੈ ਅਤੇ ਸਮੁੱਚੇ 181 ਪੋਲਿੰਗ ਬੂਥਾਂ ਲਈ 228 ਪੋਲਿੰਗ ਪਾਰਟੀਆਂ ਗਠਿਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ 25 ਫੀਸਦੀ ਵਾਧੂ ਸਟਾਫ਼ ਨਾਲ ਪੋਲਿੰਗ ਪਾਰਟੀਆਂ ਦਾ ਗਠਨ ਕੀਤਾ ਗਿਆ ਹੈ ਅਤੇ ਹਰੇਕ ਪੋਲਿੰਗ ਪਾਰਟੀ ਵਿੱਚ ਇਕ ਪ੍ਰੀਜ਼ਾਈਡਿੰਗ ਅਫ਼ਸਰ, ਇਕ ਆਲਟਰਨੇਟਿਵ ਪ੍ਰੀਜ਼ਾਈਡਿੰਗ ਅਫ਼ਸਰ ਅਤੇ ਦੋ ਪੋਲਿੰਗ ਅਫ਼ਸਰ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਜਿਮਨੀ ਚੋਣ ਨਿਰਵਿਘਨ ਅਤੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਚੋਣ ਅਮਲੇ ਨੂੰ ਵਿਸਥਾਰਪੂਰਵਕ ਸਿਖ਼ਲਾਈ ਪ੍ਰਦਾਨ ਕੀਤੀ ਜਾਵੇਗੀ, ਜਿਸ ਦੇ ਲਈ ਪੋਲਿੰਗ ਸਟਾਫ਼ ਦੀ ਪਹਿਲੀ ਰਿਹਰਸਲ 30 ਜੂਨ ਨੂੰ ਹੋਵੇਗੀ ਜਦਕਿ ਦੂਜੀ ਰਿਹਰਸਲ 6 ਜੁਲਾਈ ਨੂੰ ਅਤੇ 9 ਜੁਲਾਈ ਨੂੰ ਪੋਲਿੰਗ ਪਾਰਟੀਆਂ ਬੂਥਾਂ ਲਈ ਰਵਾਨਾ ਕੀਤੀਆਂ ਜਾਣਗੀਆਂ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਿਧਾਨ ਸਭਾ ਹਲਕੇ ਦੀ ਉਪ ਚੋਣ ਲਈ 10 ਜੁਲਾਈ ਨੂੰ ਵੋਟਾਂ ਪੈਣਗੀਆਂ ਅਤੇ 13 ਜੁਲਾਈ ਵੋਟਾਂ ਦੀ ਗਿਣਤੀ ਹੋਵੇਗੀ। ਉਨ੍ਹਾਂ ਇਸ ਮੌਕੇ ਸਮੁੱਚੀ ਚੋਣ ਪ੍ਰਕਿਰਿਆ ਅਮਨ-ਅਮਾਨ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਵਚਨਬੱਧਤਾ ਵੀ ਦੁਹਰਾਈ।
ਉਪਰੰਤ ਜਨਰਲ ਆਬਜ਼ਰਵਰ ਉੱਤਮ ਕੁਮਾਰ ਪਾਤਰਾ ਨੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਮੇਜਰ ਡਾ. ਅਮਿਤ ਮਹਾਜਨ ਸਮੇਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਸ਼ਿਕਾਇਤ ਸੈੱਲ ਅਤੇ ਸੀ ਵਿਜਿਲ ਸੈੱਲ ਦਾ ਦੌਰਾ ਕੀਤਾ ਅਤੇ ਸਬੰਧਤ ਸਟਾਫ਼ ਤੋਂ ਸ਼ਿਕਾਇਤਾਂ ਦੇ ਨਿਪਟਾਰੇ ਸਬੰਧੀ ਵੇਰਵੇ ਹਾਸਲ ਕੀਤੇ। ਉਨ੍ਹਾਂ ਸਟਾਫ਼ ਨੂੰ ਕਿਹਾ ਕਿ ਚੋਣਾਂ ਨਾਲ ਸਬੰਧਤ ਵੱਖ-ਵੱਖ ਮਾਧਿਅਮਾਂ ਰਾਹੀਂ ਪ੍ਰਾਪਤ ਸ਼ਿਕਾਇਤਾਂ ਦਾ ਨਿਪਟਾਰਾ ਨਿਰਧਾਰਿਤ ਸਮੇਂ ਦੇ ਅੰਦਰ ਕੀਤੇ ਜਾਣ ਨੂੰ ਯਕੀਨੀ ਬਣਾਇਆ ਜਾਵੇ।
ਇਸ ਮੌਕੇ ਡੀ.ਆਈ.ਓ. ਰਣਜੀਤ ਸਿੰਘ, ਡਿਪਟੀ ਡੀ.ਈ.ਓ. ਰਾਜੀਵ ਜੋਸ਼ੀ, ਚੋਣ ਤਹਿਸੀਲਦਾਰ ਸੁਖਦੇਵ ਸਿੰਘ, ਚੋਣ ਕਾਨੂੰਨਗੋ ਰਾਕੇਸ਼ ਕੁਮਾਰ ਆਦਿ ਵੀ ਮੌਜੂਦ ਸਨ।