
ਬਾਲੀਵੁਡ ਅਦਾਕਾਰ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ਼ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਮੁੰਬਈ, 25 ਜੁਲਾਈ : ਬਾਲੀਵੁਡ ਅਦਾਕਾਰ ਵਿੱਕੀ ਕੌਸ਼ਲ ਅਤੇ ਉਨ੍ਹਾਂ ਦੀ ਪਤਨੀ ਕੈਟਰੀਨਾ ਕੈਫ਼ ਨੂੰ ਸੋਸ਼ਲ ਮੀਡੀਆ 'ਤੇ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ | ਇਸ ਮਾਮਲੇ 'ਚ ਵਿੱਕੀ ਨੇ ਮੁੰਬਈ ਦੇ ਸਾਂਤਾਕਰੂਜ਼ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ | ਆਦਿਤਿਆ ਰਾਜਪੂਤ ਨਾਂ ਦੇ ਵਿਅਕਤੀ 'ਤੇ ਸੋਸ਼ਲ ਮੀਡੀਆ 'ਤੇ ਧਮਕੀਆਂ ਦੇਣ ਦਾ ਦੋਸ਼ ਹੈ | ਵਿੱਕੀ ਕੌਸ਼ਲ ਦੀ ਸ਼ਿਕਾਇਤ 'ਤੇ ਪੁਲਿਸ ਨੇ ਆਈਪੀਸੀ ਦੀ ਧਾਰਾ 506 (2), 354 (ਡੀ) ਆਈਪੀਸੀ ਦੀ ਧਾਰਾ 67 ਆਈਟੀ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ | ਵਿੱਕੀ ਨੇ ਦੋਸ਼ ਲਗਾਇਆ ਹੈ ਕਿ ਇਕ ਵਿਅਕਤੀ ਉਸ ਨੂੰ ਇੰਸਟਾਗ੍ਰਾਮ 'ਤੇ ਮੈਸੇਜ ਰਾਹੀਂ ਧਮਕੀਆਂ ਦੇ ਰਿਹਾ ਹੈ | ਉਸ ਨੇ ਇਹ ਵੀ ਦੋਸ਼ ਲਗਾਇਆ ਕਿ ਦੋਸ਼ੀ ਉਸ ਦੀ ਪਤਨੀ ਕੈਟਰੀਨਾ ਕੈਫ਼ 'ਤੇ ਵੀ ਨਜ਼ਰ ਰੱਖ ਰਿਹਾ ਹੈ ਅਤੇ ਉਸ ਨੂੰ ਧਮਕੀਆਂ ਦੇ ਰਿਹਾ ਹੈ | (ਏਜੰਸੀ)