
ਚੈਕਿੰਗ ਦੌਰਾਨ ਹੋਇਆ ਖ਼ੁਲਾਸਾ, ਹੁਣ ਹੋਵੇਗੀ ਕਾਰਵਾਈ
ਬਠਿੰਡਾ : ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਜ਼ਿਲ੍ਹੇ ਭਰ ਵਿਚ ਇਮੀਗਰੇਸ਼ਨ ਕੰਸਲਟੰਸੀ/ਆਈਲੈਟਸ/ਟਿਕਟਿੰਗ ਏਜੰਟਾਂ ਦੀ ਮਾਲ ਅਤੇ ਪੁਲਿਸ ਵਿਭਾਗ ਦੀਆਂ ਜੁਆਇੰਟ ਟੀਮਾਂ ਵੱਲੋਂ ਚੈਕਿੰਗ ਕੀਤੀ ਗਈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ।
ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦਸਿਆ ਕਿ ਪੜ੍ਹਤਾਲ ਦੌਰਾਨ ਜ਼ਿਲ੍ਹੇ ਭਰ ਵਿਚ 90 ਸੈਂਟਰ ਅਣ-ਅਧਿਕਾਰਿਤ ਤੌਰ ਤੇ ਚਲਦੇ ਪਾਏ ਗਏ, ਜਿੰਨ੍ਹਾਂ ਵਿਚੋਂ 74 ਸੈਂਟਰ ਬਿਨ੍ਹਾ ਲਾਇਸੰਸ ਅਤੇ 16 ਸੈਂਟਰ ਜਿੰਨ੍ਹਾ ਵਲੋਂ ਜ਼ਿਲ੍ਹਾ ਬਠਿੰਡਾ ਵਿਚ ਬਰਾਂਚ ਖੋਲ੍ਹਣ ਦੀ ਸੂਚਨਾ ਦਫ਼ਤਰ ਡਿਪਟੀ ਕਮਿਸ਼ਨਰ ਨੂੰ ਹੀ ਨਹੀਂ ਦਿਤੀ ਗਈ ਸੀ, ਅਣ-ਅਧਿਕਾਰਿਤ ਪਾਏ ਗਏ। ਉਨ੍ਹਾ ਦਸਿਆ ਕਿ ਇਨ੍ਹਾਂ ਸੈਂਟਰਾਂ ਵਿਰੁਧ The Punjab Prevention of Human Smuggling Act 2012 ਅਤੇ ਰੂਲ The Punjab Travel Professional Regulation Rules, 2014 ਤਹਿਤ ਪੁਲਿਸ ਨੂੰ ਕਾਰਵਾਈ ਕਰਨ ਲਈ ਲਿਖਿਆ ਗਿਆ ਹੈ ਅਤੇ ਪੁਲਿਸ ਵਿਭਾਗ ਵਲੋਂ ਹੁਣ ਤਕ ਨਿਯਮਾਂ ਅਨੁਸਾਰ ਕਾਰਵਾਈ ਕਰਦਿਆਂ 5 ਸੈਂਟਰਾਂ ਦੇ ਵਿਰੁਧ ਐਫ.ਆਈ.ਆਰ ਦਰਜ ਕੀਤੀ ਜਾ ਚੁੱਕੀ ਹੈ।
ਡਿਪਟੀ ਕਮਿਸ਼ਨਰ ਨੇ ਦਸਿਆ ਕਿ ਆਉਣ ਵਾਲੇ ਸਮੇਂ ਵਿਚ ਵੀ ਇਹ ਚੈਕਿੰਗ ਚਲਦੀ ਰਹੇਗੀ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਿਰਫ਼ ਲਾਇਸੰਸਸ਼ੁਦਾ ਟਰੈਵਲ ਏਜੰਟਾਂ ਪਾਸੋਂ ਹੀ ਸੇਵਾਵਾਂ ਪ੍ਰਾਪਤ ਕਰਨ ਤਾਂ ਜੋ ਧੋਖਾਧੜੀ ਤੋਂ ਬਚਿਆ ਜਾ ਸਕੇ।