
Punjab News: ਕੇਂਦਰ ਸਰਕਾਰ ਕੋਲ ਸਾਂਝੇ ਤੌਰ 'ਤੇ ਇਹ ਮੁੱਦਾ ਉਠਾਉਣ ਦਾ ਫੈਸਲਾ ਕੀਤਾ।
Punjab and Kerala Join Hands to Address NRI Concerns: ਇੱਕ ਮਹੱਤਵਪੂਰਨ ਪਹਿਲਕਦਮੀ ਕਰਦਿਆਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਦੋਵਾਂ ਸੂਬਿਆਂ ਦੇ ਐਨ.ਆਰ.ਆਈਜ਼ ਨਾਲ ਸਬੰਧਤ ਮੁੱਖ ਮੁੱਦਿਆਂ 'ਤੇ ਵਿਚਾਰ ਚਰਚਾ ਕੀਤੀ। ਪੰਜਾਬ ਦੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਪਰਵਾਸੀ ਭਾਰਤੀਆਂ ਨੂੰ ਖੇਤੀਬਾੜੀ ਵਾਲੀ ਜ਼ਮੀਨ ਖਰੀਦਣ ਦੀ ਇਜਾਜ਼ਤ ਦੇਣ ਬਾਰੇ ਵਿਚਾਰ-ਵਟਾਂਦਰਾ ਕੀਤਾ, ਜੋ ਮੌਜੂਦਾ ਸਮੇਂ ਸਿਰਫ਼ ਵਪਾਰਕ ਜ਼ਮੀਨ ਖਰੀਦਣ ਤੱਕ ਸੀਮਤ ਹੈ। ਉਨ੍ਹਾਂ ਨੇ ਪਰਵਾਸੀ ਭਾਰਤੀਆਂ ਨੂੰ ਲਾਭ ਪਹੁੰਚਾਉਣ ਲਈ ਨੀਤੀ ਵਿੱਚ ਬਦਲਾਅ ਦੀ ਮੰਗ ਕਰਦਿਆਂ ਕੇਂਦਰ ਸਰਕਾਰ ਕੋਲ ਸਾਂਝੇ ਤੌਰ 'ਤੇ ਇਹ ਮੁੱਦਾ ਉਠਾਉਣ ਦਾ ਫੈਸਲਾ ਕੀਤਾ।
ਇਸ ਤੋਂ ਇਲਾਵਾ, ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਕਿ ਵਿਸ਼ਵ ਭਰ ਦੇ ਭਾਰਤੀ ਦੂਤਾਵਾਸਾਂ ਕੋਲ ਅਜਿਹਾ ਸਟਾਫ਼ ਮੌਜੂਦ ਹੋਵੇ ਜੋ ਪੰਜਾਬ ਅਤੇ ਕੇਰਲਾ ਦੀਆਂ ਮੂਲ ਭਾਸ਼ਾਵਾਂ ਤੋਂ ਚੰਗੀ ਤਰ੍ਹਾਂ ਜਾਣੂ ਹੋਵੇ ਤਾਂ ਜੋ ਇਨ੍ਹਾਂ ਸੂਬਿਆਂ ਦੇ ਪਰਵਾਸੀ ਭਾਰਤੀਆਂ ਨੂੰ ਬਿਹਤਰ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ। ਇਹ ਸਹਿਯੋਗ ਦੋਵਾਂ ਸੂਬਾ ਸਰਕਾਰਾਂ ਵੱਲੋਂ ਆਪਣੇ ਪਰਵਾਸੀ ਭਾਈਚਾਰੇ ਨੂੰ ਦਰਪੇਸ਼ ਸਮੱਸਿਆਂ ਦੇ ਹੱਲ ਪ੍ਰਤੀ ਦ੍ਰਿੜ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਪੰਜਾਬ ਦੇ ਵਫ਼ਦ ਵਿੱਚ ਪ੍ਰਮੁੱਖ ਸਕੱਤਰ ਪ੍ਰਵਾਸੀ ਭਾਰਤੀ ਮਾਮਲੇ ਵਿਭਾਗ ਪੰਜਾਬ ਸ੍ਰੀ ਦਲੀਪ ਕੁਮਾਰ, ਏ.ਡੀ.ਜੀ.ਪੀ. ਐਨ.ਆਰ.ਆਈ. ਵਿੰਗ ਪੰਜਾਬ ਪ੍ਰਵੀਨ ਕੁਮਾਰ ਸਿਨਹਾ, ਵਧੀਕ ਸਕੱਤਰ ਪ੍ਰਵਾਸੀ ਭਾਰਤੀ ਮਾਮਲੇ ਵਿਭਾਗ ਪੰਜਾਬ ਪਰਮਜੀਤ ਸਿੰਘ ਅਤੇ ਕਾਰਜਕਾਰੀ ਡਾਇਰੈਕਟਰ ਐਨ.ਆਰ.ਆਈ. ਸਭਾ ਦਰਬਾਰਾ ਸਿੰਘ ਰੰਧਾਵਾ ਸ਼ਾਮਲ ਸਨ।