
ਦਮਦਮੀ ਟਕਸਾਲ ਮੁੱਖੀ ਨੇ ਸੁਖਬੀਰ ਦੇ ਸਪਸ਼ਟੀਕਰਨ ਨੂੰ ਡਰਾਮਾ ਕਰਾਰ ਦਿਤਾ
ਅੰਮ੍ਰਿਤਸਰ: ਦਮਦਮੀ ਟਕਸਾਲ ਅਜਨਾਲਾ ਦੇ ਮੁੱਖੀ ਭਾਈ ਅਮਰੀਕ ਸਿੰਘ ਅਜਨਾਲਾ ਨੇ ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਬਚਾਉਣ ਵਾਲਿਆਂ ਗ਼ਲਤੀ ਨਹੀਂ, ਬਜਰ ਪਾਪ ਕੀਤਾ ਹੈ ਤੇ ਉਨ੍ਹਾਂ ਨੂੰ ਮਾਫ਼ੀ ਦੀ ਵੱਡੀ ਸਜ਼ਾ ਦੇਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿਚ ਕੋਈ ਅਜਿਹੀ ਹਰਕਤ ਕਰਨ ਤੋਂ ਬਾਜ਼ ਆ ਸਕੇ। ਉਨ੍ਹਾਂ ਸਪੱਸ਼ਟ ਕੀਤਾ ਕਿ ਸੁਖਬੀਰ ਸਿੰਘ ਬਾਦਲ ਨੂੰ ਮਾਫ਼ੀ ਦੇਣ ਵਾਲਿਆਂ ਨੂੰ ਬੜੀ ਸੂਝ-ਬੂਝ ਅਤੇ ਦੂਰਅੰਦੇਸ਼ੀ ਨਾਲ ਫ਼ੈਸਲਾ ਲੈਣਾ ਹੋਵੇਗਾ।
ਅਮਰੀਕ ਸਿੰਘ ਅਜਨਾਲਾ ਨੇ ਸਿੱਧੇ-ਅਸਿੱਧੇ ਰੂਪ ’ਚ ਜਥੇਦਾਰਾਂ ਨੂੰ ਚਿਤਾਵਨੀ ਦਿਤੀ ਕਿ ਉਹ ਕਿਸੇ ਵੀ ਤਰ੍ਹਾਂ ਬਾਦਲ ਪ੍ਰਵਾਰ ਨੂੰ ਰਾਹਤ ਦੇਣ ਦੇ ਪੱਖ ਵਿਚ ਨਹੀਂ, ਜੇਕਰ ਉਹ ਅਜਿਹਾ ਕਰਦੇ ਹਨ ਤਾਂ ਉਹ ਇਸ ਤੋਂ ਨਿਕਲਣ ਵਾਲੇ ਨਤੀਜਿਆਂ ਲਈ ਖ਼ੁਦ ਜ਼ਿੰਮੇਵਾਰ ਹੋਣਗੇ। ਉਨ੍ਹਾਂ ਨਾਲ ਹੀ ਕਿਹਾ ਕਿ ਸੁਖਬੀਰ ਬਾਦਲ ਨੂੰ ਬਚਾਉਣ ਲਈ ਇਹ ਸੱਭ ਡਰਾਮਾ ਹੋ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦਾ ਬਾਗ਼ੀ ਗਰੁੱਪ ਵੀ ਸੱਤਾ ਦਾ ਬਰਾਬਰ ਅਨੰਦ ਮਾਣਦੇ ਰਹੇ ਹਨ ਤੇ ਹੁਣ ਲੋਕਾਂ ਨੇ ਚੋਣਾਂ ਵਿਚ ਲਾਗੇ ਨਹੀਂ ਲਾਇਆ ਤੇ ਉਹ ਗੁਰੂ ਦੇ ਦਰ ’ਤੇ ਆ ਕੇ ਭੁੱਲਾਂ ਬਖ਼ਸ਼ਾ ਰਹੇ ਹਨ।
ਉਨ੍ਹਾਂ ਬਰਗਾੜੀ ਕਾਂਡ ਦਾ ਜ਼ਿਕਰ ਕਰਦਿਆ ਕਿਹਾ ਕਿ ਅਮਨ ਸ਼ਾਂਤੀ ਨਾਲ ਰੋਸ ਕਰ ਰਹੀ ਸੰਗਤ ਉਤੇ ਬਾਦਲ ਸਰਕਾਰ ਦੀ ਪੁਲਿਸ ਨੇ ਅੰਨ੍ਹੇਵਾਹ ਫ਼ਾਇਰਿੰਗ ਕਰ ਕੇ ਹਜ਼ਾਰਾਂ ਸਿੱਖ ਜ਼ਖ਼ਮੀਂ ਕਰ ਦਿਤੇ ਤੇ ਦੋ ਸਿੱਖ ਸ਼ਹੀਦ ਹੋ ਗਏ, ਉਸ ਵੇਲੇ ਵਿਵਾਦਤ ਡੀਜੀਪੀ ਸੁਮੇਧ ਸੈਣੀ ਮੌਕੇ ’ਤੇ ਹਾਜ਼ਰ ਸੀ। ਕੀ ਸੁਖਬੀਰ ਬਾਦਲ ਮਾਫ਼ੀ ਦੇ ਯੋਗ ਹੈ?