
2019-20 ਵਿਚ ਰਿਜ਼ਰਵ ਬੈਂਕ ਨੇ ਦੋ ਹਜ਼ਾਰ ਰੁਪਏ ਦੇ ਨੋਟ ਨਹੀਂ ਛਾਪੇ
2019-20 ਵਿਚ ਰਿਜ਼ਰਵ ਬੈਂਕ ਨੇ ਦੋ ਹਜ਼ਾਰ ਰੁਪਏ ਦੇ ਨੋਟ ਨਹੀਂ ਛਾਪੇ
2019-20 ਵਿਚ ਤਿੰਨ ਲੱਖ ਦੇ ਕਰੀਬ ਫੜੇ ਗਏ ਨਕਲੀ ਨੋਟ
ਨਵੀਂ ਦਿੱਲੀ, 25 ਅਗੱਸਤ: ਭਾਰਤੀ ਰਿਜ਼ਰਵ ਬੈਂਕ ਨੇ 2019-20 ਵਿਚ ਦੋ ਹਜ਼ਾਰ ਰੁਪਏ ਦੇ ਨੋਟਾਂ ਦੀ ਛਪਾਈ ਨਹੀਂ ਕੀਤੀ। ਇਸ ਦੌਰਾਨ ਦੋ ਹਜ਼ਾਰ ਰੁਪਏ ਦੇ ਨੋਟਾਂ ਦਾ ਪ੍ਰਸਾਰ ਵੀ ਘੱਟ ਹੋਇਆ ਹੈ। ਆਰ.ਬੀ.ਆਈ ਨੇ ਇਹ ਜਾਣਕਾਰੀ ਅਪਣੀ ਸਾਲਾਨਾ ਰੀਪੋਰਟ ਵਿਚ ਦਿਤੀ ਹੈ। ਆਰ.ਬੀ.ਆਈ.ਨੇ ਰੀਪੋਰਟ ਵਿਚ ਕਿਹਾ ਕਿ ਮਾਰਚ 2018 ਤਕ ਬਾਜ਼ਾਰ ਵਿਚ 2 ਹਜ਼ਾਰ ਰੁਪਏ ਦੇ ਨੋਟਾਂ ਦੀ ਗਿਣਤੀ 33,632 ਲੱਖ ਸੀ, ਜੋ ਮਾਰਚ 2019 ਦੇ ਖ਼ਤਮ ਹੋਣ ਤਕ 32,910 ਲੱਖ ਰਹਿ ਗਈ ਤੇ ਮਾਰਚ 2020 ਦੇ ਅੰਤ ਤਕ ਹੋਰ ਘੱਟ ਕੇ 27,398 ਲੱਖ ਰਹਿ ਗਈ। ਸਿਸਟਮ ਵਿਚ ਚਲ ਰਹੇ ਕੁਲ ਨੋਟਾਂ ਦੀ ਗਿਣਤੀ ਵਿਚ 2000 ਰੁਪਏ ਦੇ ਨੋਟਾਂ ਦੀ ਹਿੱਸੇਦਾਰੀ ਮਾਰਚ 2020 ਦੇ ਅਖ਼ੀਰ ਤਕ ਘੱਟ ਕੇ 2.4 ਫ਼ੀ ਸਦੀ 'ਤੇ ਆ ਗਈ। ਮਾਰਚ 2019 ਦੇ ਅੰਤ ਤਕ ਕੁਲ ਨੋਟਾਂ ਦੀ ਗਿਣਤੀ ਵਿਚ ਇਨ੍ਹਾਂ ਦਾ ਹਿੱਸਾ 3 ਫ਼ੀ ਸਦੀ ਤੇ ਮਾਰਚ 2018 ਵਿਚ 3.3 ਫ਼ੀ ਸਦੀ ਸੀ। ਮੁਲ ਦੇ ਹਿਸਾਬ ਨਾਲ ਵੀ 2000 ਰੁਪਏ ਦੇ ਨੋਟਾਂ ਦੀ ਹਿੱਸੇਦਾਰੀ ਘਟੀ ਹੈ। 500 ਰੁਪਏ ਦੇ ਬੈਂਕ ਨੋਟਾਂ ਦੀ ਹਿੱਸੇਦਾਰੀ ਵਿਚ ਤੇਜ਼ ਵਾਧੇ ਨਾਲ ਮੁਲ ਅਤੇ ਗਿਣਤੀ ਦੇ ਸੰਦਰਭ ਵਿਚ 500 ਤੇ 200 ਰੁਪਏ ਦੇ ਨੋਟਾਂ ਦੀ ਹਿੱਸੇਦਾਰੀ ਕੁਲ ਬੈਂਕ ਨੋਟਾਂ ਵਿਚ ਮਾਰਚ 2020 ਤਕ 83.4 ਫ਼ੀ ਸਦੀ ਹੋ ਗਈ। ਵਿੱਤੀ ਸਾਲ 2018 ਤੋਂ 500 ਅਤੇ 200 imageਰੁਪਏ ਦੇ ਨੋਟਾਂ ਦੀ ਛਪਾਈ ਵਧੀ ਹੈ।
ਰੀਪੋਰਟ ਮੁਤਾਬਕ 2019-20 ਵਿਚ ਬੈਂਕਿੰਗ ਖੇਤਰ ਵਿਚ ਫੜੇ ਗਏ ਨਕਲੀ ਨੋਟਾਂ ਵਿਚੋਂ 4.6 ਫ਼ੀ ਸਦੀ ਰਿਜ਼ਰਵ ਬੈਂਕ ਨੇ ਫੜੇ ਜਦਕਿ 95.4 ਫ਼ੀ ਸਦੀ ਨਕਲੀ ਨੋਟ ਹੋਰ ਬੈਂਕਾਂ ਦੇ ਫੜੇ ਗਏ। ਕੁਲ ਮਿਲਾ ਕੇ ਸਾਲ ਵਿਚ 2,96,695 ਨਕਲੀ ਨੋਟ ਫੜੇ ਗਏ। (ਪੀ.ਟੀ.ਆਈ)