
ਹਰੀਕੇ ਦੇ ਮੰਡ ਖੇਤਰ ਵਿਚੋਂ ਲਾਹਣ, ਡਰੰਮ, ਤਰਪਾਲਾਂ ਕਿਸ਼ਤੀਆਂ ਬਰਾਮਦ
ਹਰੀਕੇ ਪੱਤਣ, 26 ਅਗੱਸਤ (ਬਲਦੇਵ ਸਿੰਘ ਸੰਧੂ): ਪੰਜਾਬ ਦੇ ਵੱਖ ਵੱਖ ਪਿੰਡਾਂ ਵਿਚ ਬੀਤੇ ਦਿਨੀਂ ਨਕਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਵਿਰੁਧ ਨਕਲੀ ਸ਼ਰਾਬ ਮਾਫ਼ੀਆਂ ਨੂੰ ਨਕੇਲ ਪਾਉਦੇ ਮੰਤਵ ਨਾਲ ਐਕਸਾਇਜ਼ ਵਿਭਾਗ ਤਰਨ ਤਾਰਨ ਨੇ ਜੰਗਲੀ ਜੀਵ ਅਤੇ ਵਣ ਸੁਰੱਖਿਆ ਵਿਭਾਗ ਨੇ ਸਾਂਝੇ ਤੌਰ ਉਤੇ ਸ਼ਰਾਬ ਮਾਫ਼ੀਏ ਵਿਰੁਧ ਕਾਰਵਾਈ ਕਰਦਿਆਂ ਪਿੰਡ ਕਿੜੀਆਂ ਅਤੇ ਮਰੜ੍ਹ ਦੇ ਮੰਡ ਖੇਤਰ ਵਿਚੋਂ ਲਾਹਣ, ਡਰੰਮ, ਤਰਪਾਲਾਂ ਤੇ ਕਿਸ਼ਤੀਆਂ ਬਰਾਮਦ ਕੀਤੀਆਂ। ਇਸ ਮੌਕੇ ਪੰਜਾਬ ਪੁਲਿਸ ਦੇ 150 ਦੇ ਕਰੀਬ ਜਵਾਨਾਂ ਨੇ ਮੰਡ ਦਾ ਚੱਪਾ-ਚੱਪਾ ਛਾਣਿਆ, ਜਿਨ੍ਹਾਂ ਦੀ ਅਗਵਾਈ ਐਸ.ਪੀ. ਬਲਜੀਤ ਸਿੰਘ ਵਲੋਂ ਕੀਤੀ ਗਈ।
ਹਰੀਕੇ ਪੁਲਿਸ ਸਾਰਾ ਸਮਾਨ ਕਬਜ਼ੇ ਵਿਚ ਲੈ ਕੇ ਕਾਨੂੰਨੀ ਪ੍ਰਕ੍ਰਿਆ ਅਮਲ ਵਿਚ ਲਿਆਉਦਿਆਂ ਅਣਪਛਾਤੇ ਵਿਅਕਤੀਆਂ ਵਿਰੁਧ ਕੇਸ ਦਰਜ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਪੀ. ਬਲਜੀਤ ਸਿੰਘ ਨੇ ਦਸਿਆ ਕਿ ਨਾਜਾਇਜ਼ ਸ਼ਰਾਬ ਕਸੀਦਣ ਦਾ ਧੰਦਾ ਬੰਦ ਕਰਾਉਣ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸ਼ੱਕੀ ਟਿਕਾਣਿਆਂ ਤੇ ਛਾਪੇਮਾਰੀ ਤੋਂ ਇਲਾਵਾ ਡਰੋਨ ਦੀ ਮਦਦ ਨਾਲ ਮੰਡ ਖੇਤਰ ਵਿਚ ਵੱਖ-ਵੱਖ ਥਾਵਾਂ ਉਤੇ ਸ਼ਰਾਬ ਕੱਢਣ ਵਾਲੇ ਲੋਕਾਂ ਵਿਰੁਧ ਕਾਰਵਾਈ ਕਰਦਿਆਂ ਅੱਜ 7000 ਲੀਟਰ ਲਾਹਣ ਦੇ ਨਾਲ ਨਾਲ ਤਰਪਾਲਾਂ, ਡਰੰਮ ਅਤੇ ਕਿਸ਼ਤੀਆਂ ਬਰਾਮਦ ਕੀਤੀਆਂ ਜਿਸ ਨੂੰ ਕਬਜ਼ੇ ਵਿਚ ਲੈ ਕੇ ਅਣਪਛਾਤੇ ਲੋਕਾਂ ਵਿਰੁਧ ਥਾਣਾ ਹਰੀਕੇ ਦੇ ਸਹਾਇਕ ਥਾਣੇਦਾਰ ਜਤਿੰਦਰ ਸਿੰਘ ਵਲੋਂ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਿਹਤ ਦੇ ਤਕਾਜੇ ਦੇ ਮੱਦੇਨਜ਼ਰ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਪੁਲਿਸ ਪ੍ਰਸ਼ਾਸ਼ਨ ਦਾ ਸਾਥ ਦੇ ਕੇ ਸ਼ਰਾਬ ਮਾਫ਼ੀਏ ਨੂੰ ਜੜ੍ਹ ਤੋਂ ਪੁੱਟਣ ਲਈ ਮਦਦਗਾਰ ਸਿੱਧ ਹੋਣ। ਇਸ ਮੌਕੇ ਥਾਣਾ ਹਰੀਕੇ ਦੇ ਮੁੱਖ ਅਫ਼ਸਰ ਇੰਸਪੈਕਟਰ ਜਰਨੈਲ ਸਿੰਘ, ਈਟੀਉ ਤਰਨ ਤਾਰਨ ਨਵਜੋਤ ਸਿੰਘ ਵਣ ਰੇਂਜ ਅਫ਼ਸਰ ਕਮਲਜੀਤ ਸਿੰਘ ਸਿੱਧੂ, ਡਰਾਈਵਰ ਜਸਪਾਲ ਸਿੰਘ ਦੇ ਨਾਲ-ਨਾਲ ਵੱਡੀ ਗਿਣਤੀ ਪੁਲਿਸ ਕਰਮਚਾਰੀ ਹਾਜ਼ਰ ਸਨ।
image
05 ਟੀ ਆਰ ਐਨ 02
ਫੋਟੋ ਕੈਪਸ਼ਨ ਸਮੇਤ: ਨਜਾਇਜ ਸ਼ਰਾਬ ਤਿਆਰ ਕਰਨ ਵਾਲਾ ਸਮਾਨ ਜਬਤ ਕਰਨ ਸਮੇ ਐਕਸਾਈਜ ਵਿਭਾਗ ਤੇ ਪੁਲਿਸ ਕਰਮਚਾਰੀ।