
ਲੈਫਟੀਨੈਂਟ ਜਨਰਲ ਮਨੋਜ ਕੁਮਾਰ ਮਾਗੋ ਬਣੇ ਚੇਤਕ ਕੋਰ ਦੇ ਕਮਾਂਡਰ
ਬਠਿੰਡਾ, 26 ਅਗੱਸਤ (ਸੁਖਜਿੰਦਰ ਮਾਨ) : ਭਾਰਤੀ ਫ਼ੌਜ ਦੇ ਸੀਨੀਅਰ ਜਰਨੈਲ ਲੈਫ਼ਟੀਨੈਂਟ ਜਨਰਲ ਮਨੋਜ ਕੁਮਾਰ ਮਾਗੋ ਨੇ ਅੱਜ ਬਠਿੰਡਾ ਸਥਿਤ 'ਚੇਤਕ ਕੋਰ' ਦੀ ਕਮਾਂਡ ਸੰਭਾਲ ਲਈ ਹੈ। ਉਨ੍ਹਾਂ ਲੈਫ਼ਟੀਨੇਟ ਜਨਰਲ ਅਜੈ ਸਿੰਘ ਦੀ ਥਾਂ ਇਹ ਅਹੁਦਾ ਸੰਭਾਲਿਆ ਹੈ, ਜਿਨ੍ਹਾਂ ਦੀ ਬਦਲੀ ਆਰਮੀ ਹੈਡਕੁਆਟਰ ਵਿਖੇ ਹੋ ਗਈ ਸੀ। ਭਾਰਤੀ ਮਿਲਟਰੀ ਅਕੈਡਮੀ ਦੇਹਰਾਦੂਨ ਦੇ ਸਾਬਕਾ ਵਿਦਿਆਰਥੀ ਜਨਰਲ ਮਾਗੋ ਨੂੰ 'ਗਾਰਡਜ਼ ਦਾ ਬ੍ਰਿਗੇਡ' ਵਿਚ ਕਮਿਸ਼ਨ ਮਿਲਿਆ ਸੀ। ਉਨ੍ਹਾਂ ਦੀਆਂ ਵਿਲੱਖਣ ਸੇਵਾਵਾਂ ਲਈ ਯੁੱਧਸੇਵਾ ਮੈਡਲ ਅਤੇ ਸੈਨਾ ਮੈਡਲ (ਦੋ ਵਾਰ) ਨਾਲ ਸਨਮਾਨਤ ਕੀਤਾ ਗਿਆ ਹੈ। ਭਾਰਤੀ ਫ਼ੌਜ ਦੇ ਬੁਲਾਰੇ ਨੇ ਦਸਿਆ ਕਿ ਅਪਣੇ 35 ਸਾਲਾਂ ਦੇ ਫ਼ੌਜੀ ਕੈਰੀਅਰ ਦੌਰਾਨ ਜਨਰਲ ਮਾਗੋ ਨੂੰ ਸਾਰੇ ਖੇਤਰਾਂ ਵਿਚ ਕਾਰਜਸ਼ੀਲ ਤਜਰਬੇ ਦਾ ਵਧੀਆ ਅਨੁਭਵ ਹੈ। ਇਸਤੋਂ ਇਲਾਵਾ ਉਨ੍ਹਾਂ ਨੇ ਸੋਮਾਲੀਆ ਅਤੇ ਕਾਂਗੋ ਵਿਖੇ ਦੋ ਮੌਕਿਆਂ ਤੇ ਸੰਯੁਕਤ ਰਾਸ਼ਟਰ ਸ਼ਾਂਤੀ ਨਿਗਰਾਨੀ ਕਾਰਜਾਂ ਵਿਚ ਵੀ ਦੇਸ਼ ਦੀ ਸੇਵਾ ਕੀਤੀ ਹੈ।