
ਮੋਗਾ ਦੀ ਜੰਮਪਲ ਕੁੜੀ ਕੈਨੇਡਾ ਪੁਲਿਸ 'ਚ ਭਰਤੀ
ਮੋਗਾ, 26 ਅਗੱਸਤ (ਅਮਜ਼ਦ ਖ਼ਾਨ) : ਘਰ 'ਚ ਪੁੱਤਰ ਪੈਦਾ ਕਰਨ ਦੀ ਚਾਹਤ 'ਚ ਕਈ ਪਰਵਾਰ ਪੇਟ 'ਚ ਹੀ ਧੀਆਂ ਦਾ ਕਤਲ ਕਰਵਾ ਦਿੰਦੇ ਹਨ ਕਿਉਂਕਿ ਪੁੱਤਰ ਦੀ ਚਾਹਤ ਹੁੰਦੀ ਹੈ ਅਤੇ ਉਮੀਦ ਕਰਦੇ ਹਨ ਕਿ ਘਰ 'ਚ ਜੇਕਰ ਪੁੱਤਰ ਹੋਵੇਗਾ ਤਾਂ ਉਹ ਘਰ ਦਾ ਨਾਂ ਰੋਸ਼ਨ ਕਰੇਗਾ ਅਤੇ ਅੱਗੇ ਵੰਸ਼ ਵਧਾਏਗਾ ਪਰ ਇਹ ਨਹੀਂ ਸੋਚਦੇ ਕਿ ਧੀਆਂ 2 ਕੁੱਲਾਂ ਦਾ ਨਾਂ ਰੋਸ਼ਨ ਕਰਦੀਆਂ ਹਨ।
ਅਜਿਹਾ ਹੀ ਇਕ ਮਾਮਲਾ ਮੋਗਾ ਜ਼ਿਲ੍ਹਾ ਦੇ ਪਿੰਡ ਦੋਧਰ ਦਾ ਸਾਹਮਣੇ ਆਇਆ ਹੈ, ਜਿਥੇ ਦੋਧਰ ਦੇ ਮਾਸਟਰ ਹਰਚੰਦ ਸਿੰਘ ਦੀ ਧੀ ਪਰਮਦੀਪ ਕੌਰ ਵਿਆਹ ਕਰਵਾ ਕੇ 2003 'ਚ ਪੜ੍ਹਾਈ ਕਰਨ ਲਈ ਕੈਨੇਡਾ ਗਈ, ਜਿਥੇ ਉਸ ਨੇ ਅਪਣੇ ਪੜ੍ਹਾਈ ਦੇ ਨਾਲ-ਨਾਲ ਪਹਿਲਾਂ ਬੈਕਰੀ, ਫਿਰ ਬੈਂਕ ਅਤੇ ਏ.ਟੀ.ਐਮ. 'ਚ ਨੌਕਰੀ ਕੀਤੀ ਅਤੇ ਨਾਲ ਹੀ ਨਾਲ ਅਪਣੀ ਪੜ੍ਹਾਈ ਜਾਰੀ ਰੱਖੀ ਅਤੇ ਅੱਜ ਉਹ ਕੈਨੇਡਾ ਦੀ ਪੁਲਿਸ 'ਚ ਇਕ ਪੁਲਿਸ ਮੁਲਾਜ਼ਮ ਦੇ ਤੌਰ 'ਤੇ ਚੁਣੀ ਗਈ ਹੈ, ਜਿਸ ਨੂੰ ਲੈ ਕੇ ਅੱਜ ਉਸ ਦੇ ਪਰਵਾਰ 'ਚ ਖ਼ੁਸ਼ੀ ਦਾ ਮਾਹੌਲ ਹੈ।
ਉਥੇ ਹੀ ਪਰਵਾਰ ਵਾਲਿਆਂ ਨੂੰ ਪਿੰਡ ਵਾਸੀ ਅਤੇ ਰਿਸ਼ਤੇਦਾਰ ਉਨ੍ਹਾਂ ਨੂੰ ਵਧਾਈ ਦੇਣ ਆ ਰਹੇ ਹਨ। ਪਰਮਦੀਪ ਦੀ ਮਾਤਾ ਵਲੋਂ ਸੱਭ ਦਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ, ਉਥੇ ਇਕ ਮੌਕੇ ਪਰਮਦੀਪ ਦੇ ਪਰਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਦਸਿਆ ਕਿ ਅੱਜ ਉਨ੍ਹਾਂ ਦੇ ਘਰ 'ਚ ਖ਼ੁਸ਼ੀ ਦਾ ਮਾਹੌਲ ਹੈ। ਅੱਜ ਉਨ੍ਹਾਂ ਦੀ ਧੀ ਇਸ ਮੁਕਾਮ 'ਤੇ ਪਹੁੰਚੀ ਅਤੇ ਉਸ ਨੇ ਅਪਣੇ ਮੋਗਾ ਦਾ ਹੀ ਨਹੀਂ ਸਗੋਂ ਪੰਜਾਬ ਅਤੇ ਦੇਸ਼ ਦਾ ਨਾਂ ਵੀ ਰੋਸ਼ਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਪਰਮਦੀਪ ਨੂੰ ਬਚਪਨ ਤੋਂ ਹੀ ਫ਼ੌਜ 'ਚ ਭਰਤੀ ਹੋਣ ਦਾ ਸ਼ੌਕ ਸੀ ਅਤੇ ਉਹ ਖੇਡਾਂ 'ਚ ਖ਼ੂਬ ਅੱਗੇ ਰਹੀ ਅਤੇ ਪੜ੍ਹਾਈ 'ਚ ਹਰ ਕਲਾਸ 'ਚ ਵਧੀਆ ਨੰਬਰ ਲੈ ਕੇ ਉਸ ਨੇ ਅਪਣੀ ਪੜ੍ਹਾਈ ਪੂਰੀ ਕੀਤੀ।
ਉਸ ਦੀ ਲਗਨ ਅਤੇ ਮਿਹਨਤ ਦੇ ਕਾਰਨ ਹੀ ਉਹ ਅੱਜ ਇਸ ਮੁਕਾਮ ਤਕ ਪਹੁੰਚੀ ਹੈ ਅਤੇ ਸਹੁਰੇ ਅਤੇ ਪੇਕੇ ਦੋਵਾਂ ਦਾ ਨਾਂ ਰੌਸ਼ਨ ਕਰ ਰਹੀ ਹੈ।