
ਗਾਂਧੀ ਪ੍ਰਵਾਰ ਜਾਂ ਸੋਨੀਆ-ਰਾਹੁਲ ਦੀ ਲੀਡਰਸ਼ਿਪ ਨੂੰ ਚੁਨੌਤੀ ਦੇਣ ਦਾ ਸਵਾਲ ਹੀ ਨਹੀਂ : ਭੱਠਲ
ਕਾਂਗਰਸ 'ਚ ਹੀ ਜਨਮੇ ਹਾਂ ਤੇ ਆਖ਼ਰੀ ਸਾਹ ਵੀ ਕਾਂਗਰਸ 'ਚ ਹੀ ਲਵਾਂਗੇ
ਚੰਡੀਗੜ੍ਹ, 26 ਅਗੱਸਤ (ਗੁਰਉਪਦੇਸ਼ ਭੁੱਲਰ): ਪੰਜਾਬ ਦੀ ਸਾਬਕਾ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸੀ ਨੇਤਾ ਬੀਬੀ ਰਜਿੰਦਰ ਕੌਰ ਭੱਠਲ ਨੇ ਪਿਛਲੇ ਦਿਨੀਂ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਲਿਖੇ 23 ਮੁੱਖ ਆਗੂਆਂ ਵਲੋਂ ਪੱਤਰ ਬਾਰੇ ਕਿਹਾ ਕਿ ਇਸ ਨੂੰ ਤੱਥਾਂ ਦੇ ਉਲਟ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਗਿਆ।
ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਇਸ ਵਿਚ ਗਾਂਧੀ ਪ੍ਰਵਾਰ ਦਾ ਕਿਤੇ ਵੀ ਵਿਰੋਧ ਨਹੀਂ ਕੀਤਾ ਗਿਆ ਸੀ ਤੇ ਨਾ ਹੀ ਸੋਨੀਆ ਜਾਂ ਰਾਹੁਲ ਗਾਂਧੀ ਦੀ ਲੀਡਰਸ਼ਿਪ ਨੂੰ ਹੀ ਕੋਈ ਚੁਨੌਤੀ ਦਿਤੀ ਗਈ ਸੀ। ਉਨ੍ਹਾਂ ਕਾ ਕਿ ਇਸ ਪੱਤਰ ਬਾਰੇ ਕਾਂਗਰਸ ਦੇ ਕੁੱਝ ਆਗੂ ਹਾਲੇ ਵੀ ਗ਼ਲਤ ਸਵਾਲ ਉਠਾ ਰਹੇ ਹਨ ਜਦਕਿ ਇਸ ਪੱਤਰ ਦਾ ਮਕਸਦ ਸਿਰਫ਼ ਦੇਸ਼ ਵਿਚ ਮੋਦੀ ਸਰਕਾਰ ਦੇ ਚਲਦੇ ਦਰਪੇਸ਼ ਵੱਡੀਆਂ ਚੁਨੌਤੀਆਂ ਦੇ ਮੱਦੇਨਜ਼ਰ ਪਾਰਟੀ ਨੂੰ ਭਵਿੱਖ ਵਿਚ ਮਜ਼ਬੂਤ ਕਰਨ ਦੇ ਸੁਝਾਅ ਦੇਣਾ ਹੀ ਸੀ। ਉਨ੍ਹਾਂ ਕਿਹਾ ਕਿ ਮੇਰੀ ਗਾਂਧੀ ਪ੍ਰਵਾਰ ਪ੍ਰਤੀ ਵਫ਼ਾਦਾਰੀ ਕਿਸੇ ਤੋਂ ਛਿਪੀ ਨਹੀਂ ਤੇ ਸਵਰਗੀ ਇੰਦਰਾ ਗਾਂਧੀ ਸਮੇਂ ਮੈਂ ਪ੍ਰਵਾਰ ਸਮੇਤ ਉਨ੍ਹਾਂ ਨਾਲ ਜੇਲ ਕੱਟੀ ਹੈ। ਇਸ ਕਰ ਕੇ ਸੋਨੀਆ ਗਾਂਧੀ ਦੀ ਲੀਡਰਸ਼ਿਪ ਨੂੰ ਚੁਨੌਤੀ ਦਾ ਤਾਂ ਸਵਾਲ ਹੀ ਨਹੀਂ। ਉਨ੍ਹਾਂ ਹੋਰ ਸਪਸ਼ਟ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਪ੍ਰਧਾਨਗੀ ਸੰਭਾਲਣ ਤੋਂ ਇਨਕਾਰ ਕਰ ਰਹੇ ਸਨ ਤੇ ਸੋਨੀਆ ਗਾਂਧੀ ਅਪਣਾ ਕਾਰਜਕਾਰੀ ਪ੍ਰਧਾਨ ਦਾ ਸਮਾਂ ਪੂਰਾ ਹੋਣ 'ਤੇ ਹੋਰ ਪ੍ਰਧਾਨ ਬਣਾਉਣ ਦਾ ਵਿਚਾਰ ਰੱਖ ਰਹੇ ਸਨ। ਇਸੇ ਕਰ ਕੇ ਸਾਨੂੰ ਡਰ ਸੀ ਅਤੇ ਇਸ ਕਰ ਕੇ ਸੋਨੀਆ ਗਾਂਧੀ ਦੀ ਰਹਿਨੁਮਾਈ ਵਿਚ ਹੀ ਪਾਰਟੀ ਦੀ ਅਗਵਾਈ ਲਈ ਮਜ਼ਬੂਤ ਆਗੂ ਗਰੁਪ ਕਾਇਮ ਕਰਨ ਤੇ ਪਾਰਟੀ ਨੂੰ ਹੇਠਲੇ ਪੱਧਰ ਤਕ ਨਵਾਂ ਰੂਪ ਦੇਣ ਦੇ ਇਰਾਦੇ ਨਾਲ ਹੀ ਪੱਤਰ ਲਿਖਿਆ ਗਿਆ ਸੀ।
ਭੱਠਲ ਨੇ ਇਹ ਵੀ ਸਾਫ਼ ਕਰ ਦਿਤਾ ਕਿ ਉਹ ਕਾਂਗਰਸ ਵਿਚ ਹੀ ਜਨਮੇ ਹਨ ਤੇ ਆਖ਼ਰੀ ਸਾਹ ਵੀ ਕਾਂਗਰਸ ਵਿਚ ਹੀ ਲੈਣਗੇ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਕਾਂਗਰਸ ਹੀ ਅਜਿਹੀ ਪਾਰਟੀ ਹੈ ਜੋ ਦੇਸ਼ ਨੂੰ ਇਕਜੁਟ ਰੱਖ ਕੇ ਫ਼ਿਰਕੂ ਤੇ ਵੰਡ ਪਾਊ ਸ਼ਕਤੀਆਂ ਵਿਰੁਧ ਲੜਾਈ ਦੇ ਸਕਦੀ ਹੈ, ਜੋ ਸਮੇਂ ਦੀ ਲੋੜ ਵੀ ਹੈ।