
ਕਿਹਾ : ਲੋਕਾਂ ਦੀ ਸੇਵਾ ਕਰ ਰਿਹਾ ਹਾਂ ਅਤੇ ਕਰਦਾ ਰਹਾਂਗਾ, ਟਿਕਟ ਸਬੰਧੀ ਹਾਈ ਕਮਾਂਡ ਨੇ ਕਰਨਾ ਹੈ ਫੈਸਲਾ
ਵਿਦਿਆਰਥੀ ਰਾਜਨੀਤੀ ਤੋਂ ਸਰਗਰਮ ਰਾਜਨੀਤੀ ’ਚ ਆਏ ਦਲਬੀਰ ਸਿੰਘ ਗੋਲਡੀ ਨਾਲ ਰੋਜ਼ਾਨਾ ਸਪੋਕਸਮੈਨ ਵੱਲੋਂ ਗੱਲਬਾਤ ਕੀਤੀ ਗਈ। ਉਨ੍ਹਾਂ ਗੱਲਬਾਤ ਦੌਰਾਨ ਦੱਸਿਆ ਕਿ ਆਮ ਆਦਮੀ ਪਾਰਟੀ ’ਚ ਜਾਣਾ ਉਨ੍ਹਾਂ ਦਾ ਸਿਰਫ਼ ਇਕ ਦਿਨ ਦਾ ਗੁੱਸਾ ਸੀ ਅਤੇ ਹੁਣ ਮੈਂ ਸਾਰਾ ਕੁੱਝ ਭੁਲਾ ਕੇ ਕਾਂਗਰਸ ਪਾਰਟੀ ਲਈ ਦਿਲੋਂ ਕੰਮ ਕਰ ਰਿਹਾ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ 2027 ਦੀ ਵਿਧਾਨ ਸਭਾ ਚੋਣ ਧੂਰੀ ਤੋਂ ਲੜੋਗੇ ਤਾਂ ਉਨ੍ਹਾਂ ਕਿਹਾ ਕਿ ਮੈਂ ਚੋਣ ਲੜਨ ਦੀ ਤਿਆਰੀ ਪਾਰਟੀ ਨੂੰ ਮੁੜ ਤੋਂ ਜੁਆਇਨ ਕਰਨ ਵਾਲੇ ਦਿਨ ਤੋਂ ਹੀ ਸ਼ੁਰੂ ਕਰ ਦਿੱਤੀ ਸੀ, ਬਾਕੀ ਟਿਕਟ ਸਬੰਧੀ ਫੈਸਲਾ ਹਾਈ ਕਮਾਂਡ ਵੱਲੋਂ ਕੀਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਧੂਰੀ ਹਲਕੇ ’ਚ ਮੈਂ 2002 ਤੋਂ ਕੰਮ ਕਰ ਰਿਹਾ ਹਾਂ ਅਤੇ ਧੂਰੀ ਹਲਕੇ ਦੀ ਇਹ ਤਰਾਸਦੀ ਰਹੀ ਹੈ ਕਿ ਧੂਰੀ ਨੂੰ ਕੋਈ ਲੋਕਲ ਆਗੂ ਨਹੀਂ ਮਿਲਿਆ। ਧੂਰੀ ਹਲਕੇ ਨੂੰ ਹਮੇਸ਼ਾ ਹੀ ਬਾਹਰੀ ਆਗੂਆਂ ਵੱਲੋਂ ਲੀਡ ਕੀਤਾ ਜਾਂਦਾ ਰਿਹਾ ਹੈ ਜਿਵੇਂ ਕਿ ਸੁਰਜੀਤ ਸਿੰਘ ਬਰਨਾਲਾ ਸ਼ਹਿਰ ਬਰਨਾਲਾ ਤੋਂ ਆਏ ਸਨ, ਇਕਬਾਲ ਸਿੰਘ ਝੂੰਦਾ ਅਮਰਗੜ੍ਹ ਤੋਂ ਅਤੇ ਅਰਵਿੰਦ ਖੰਨਾ ਸੰਗਰੂਰ ਤੋਂ ਆਏ ਸਨ। ਮੈਂ ਹਮੇਸ਼ਾ ਤੋਂ ਹੀ ਧੂਰੀ ਲਈ ਕੰਮ ਕਰਦਾ ਆਇਆ ਹਾਂ ਅਤੇ ਹਮੇਸ਼ਾ ਕਰਦਾ ਰਹਾਂਗਾ। 2017 ’ਚ ਕਾਂਗਰਸ ਪਾਰਟੀ ਮੈਨੂੰ ਧੂਰੀ ਤੋਂ ਚੋਣ ਲੜਨ ਦਾ ਮੌਕਾ ਦਿੱਤਾ ਅਤੇ ਮੈਂ ਜਿੱਤ ਪ੍ਰਾਪਤ ਕੀਤੀ ਸੀ। ਜਿਸ ਤੋਂ ਬਾਅਦ ਮੈਂ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਦਿਨ ਰਾਤ ਲੋਕਾਂ ਦੀ ਸੇਵਾ ਕਰਦਾ ਰਿਹਾ।
ਗੋਲਡੀ ਨੇ ਅੱਗੇ ਕਿਹਾ ਕਿ ਮੈਂ 2022 ’ਚ ਭਗਵੰਤ ਮਾਨ ਦੇ ਖਿਲਾਫ ਚੋਣ ਲੜੀ ਪਰ ਨਤੀਜਾ ਮੇਰੇ ਅਨੁਸਾਰ ਨਹੀਂ ਆਇਆ। ਕਿਉਂਕਿ ਉਸ ਸਮੇਂ ਸਮੁੱਚਾ ਪੰਜਾਬ ਹੀ ਆਮ ਆਦਮੀ ਪਾਰਟੀ ਦੇ ਹੱਕ ਵਿਚ ਭੁਗਤਿਆ। ਪਰ ਮੈਂ ਫਿਰ ਵੀ ਬੁਲੰਦ ਹੌਸਲੇ ਨਾਲ ਭਗਵੰਤ ਮਾਨ ਖਿਲਾਫ਼ ਚੋਣ ਲੜੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬਹੁਤ ਵੱਡੀਆਂ ਆਸਾਂ ਦੇ ਨਾਲ ਆਮ ਆਦਮੀ ਪਾਰਟੀ ਨੂੰ ਸੱਤਾ ਵਿਚ ਲਿਆਂਦਾ ਸੀ ਪਰ ਆਮ ਆਦਮੀ ਪਾਰਟੀ ਉਨ੍ਹਾਂ ਗੱਲਾਂ ’ਤੇ ਖਰੀ ਨਹੀਂ ਉਤਰ ਸਕੀ। ਹੁਣ ਮੈਂ ਪਿਛਲੇ ਲਗਭਗ ਚਾਰ ਸਾਲਾਂ ਤੋਂ ਲਗਾਤਾਰ ਕਾਂਗਰਸ ਪਾਰਟੀ ਲਈ ਕੰਮ ਕਰ ਰਿਹਾ ਹਾਂ ਅਤੇ ਵਿਧਾਨ ਸਭਾ ਚੋਣਾਂ ਦੌਰਾਨ ਮੈਂ ਆਪਣੇ ਵੱਲੋਂ ਕੀਤੇ ਗਏ ਕੰਮਾਂ ਨੂੰ ਹੀ ਲੋਕਾਂ ਅੱਗੇ ਰੱਖਾਂਗਾ। ਗੋਲਡੀ ਨੇ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਅੱਕ ਚੁੱਕੇ ਹਨ ਅਤੇ ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਮਾਲਵੇ ’ਚੋਂ ਹੀ ਸਾਡੀ ਪਾਰਟੀ ਨੂੰ ਸਭ ਤੋਂ ਵੱਧ ਸੀਟਾਂ ਮਿਲਣਗੀਆਂ।
ਦਲਬੀਰ ਗੋਲਡੀ ਨੇ ਕਿਹਾ ਕਿ ਧੂਰੀ ਦੇ ਲੋਕਾਂ ਨਾਲ ਮੇਰਾ ਕੋਈ ਲੀਡਰਾਂ ਵਾਲਾ ਰਿਸ਼ਤਾ ਨਹੀਂ ਬਲਕਿ ਧੂਰੀ ਦੇ ਲੋਕਾਂ ਨਾਲ ਇਕ ਆਮ ਵਿਅਕਤੀ ਵਾਂਗ ਵਿਚਰਦਾ ਹਾਂ। ਉਨ੍ਹਾਂ ਕਿਹਾ ਕਿ ਲੀਡਰ ਦਾ ਮਤਲਬ ਲੀਡਰ ਕਰਨਾ ਅਤੇ ਲੋਕਾਂ ਦੀ ਹਰ ਮੁੱਦੇ ’ਤੇ ਸਹਾਇਤਾ ਕਰਨਾ ਦਾ ਹੁੰਦਾ ਹੈ ਅਤੇ ਮੈਂ ਲੋਕਾਂ ਦੀ ਮਦਦ ਕਰਦਾ ਹਾਂ। ਮੈਂ ਕਰੋਨਾ ਮਹਾਂਮਾਰੀ ਦੌਰਾਨ ਲੋਕਾਂ ਦੀ ਹਰ ਪੱਖੋਂ ਡਟ ਕੇ ਮਦਦ ਕੀਤੀ। ਟੋਲ ਪਲਾਜ਼ੇ ਦੇ ਨਾਲ ਮੈਂ ਲੋਕਾਂ ਦੀ ਸਹਾਇਤਾ ਲਈ ਆਪਣੇ ਦਮ ’ਤੇ ਸੜਕ ਬਣਾਈ ਤਾਂ ਜੋ ਲੋਕਾਂ ਨੂੰ ਟੋਲ ਨਾ ਦੇਣਾ ਪਵੇਗਾ।
ਦਲਬੀਰ ਗੋਲਡੀ ਨੇ ਕਿਹਾ ਕਿ ਮੈਂ ਇਹ ਨਹੀਂ ਸੋਚਿਆ ਹੈ ਕਿ ਮੈਂ ਐਮ ਐਲ ਏ ਬਣਨਾ ਹੈ ਜਾਂ ਐਮ ਪੀ ਇਹ ਤਾਂ ਲੋਕਾਂ ਦੇ ਹੱਥ ਹੈ ਅਤੇ ਮੈਂ ਸਿਰਫ਼ ਲੋਕਾਂ ਦੀ ਸੇਵਾ ਕਰਨੀ ਹੈ। ਜੇਕਰ ਮੇਰੇ ਵਿਚ ਲੜਨ ਦੀ ਇੱਛਾ ਹੋਈ ਅਤੇ ਲੋਕਾਂ ਦੇ ਕੰਮ ਕਰਦਾ ਰਿਹਾ ਅਤੇ ਜੇਕਰ ਮੇਰੇ ’ਚ ਕਾਬਲੀਅਤ ਹੋਈ ਤਾਂ ਮੈਂ ਕਿਉਂ ਨਹੀਂ ਵੱਡਾ ਚਿਹਰਾ ਬਣ ਸਕਦਾ। ਮੈਂ ਲੋਕਾਂ ਦੇ ਕੰਮ ਕਰਨਾ ਚਾਹੁੰਦਾ ਹਾਂ ਅਤੇ ਲੋਕਾਂ ਲਈ ਕੰਮ ਕਰਦਾ ਰਹਾਂਗਾ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਧੂਰੀ ਆਉਣ ਅਤੇ ਆਪਣੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ। ਹਲਕੇ ਦੇ ਲੋਕ ਉਨ੍ਹਾਂ ਨੂੰ ਬੜੀ ਬੇਸਬਰੀ ਨਾਲ ਉਡੀਕ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਰੋਧੀ ਵੀ ਚੰਗੀ ਰਾਏ ਦੇਵੇ ਤਾਂ ਉਹ ਜ਼ਰੂਰ ਲੈ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ 2022 ’ਚ ਧੂਰੀ ਤੋਂ ਭਗਵੰਤ ਮਾਨ ਚੋਣ ਨਾ ਲੜਦੇ ਤਾਂ ਸਥਿਤੀ ਹੋਰ ਹੀ ਹੋਣੀ ਸੀ। ਮੇਰੇ ਲਈ ਸਾਰੇ ਹੀ ਲੀਡਰ ਸਤਿਕਾਰਯੋਗ ਹਨ ਅਤੇ ਮੈਂ ਸਾਰੇ ਲੀਡਰਾਂ ਦਾ ਸਤਿਕਾਰ ਕਰਦਾ ਹਾਂ। ਦਲਬੀਰ ਸਿੰਘ ਗੋਲਡੀ ਦਾ ਕੋਈ ਧੜਾ ਨਹੀਂ ਮੈਂ ਪਾਰਟੀ ਲਈ ਕੰਮ ਕਰਾਂਗਾ ਅਤੇ ਹਾਈ ਕਮਾਂਡ ਜੋ ਵੀ ਹੁਕਮ ਕਰੇਗੀ ਮੈਂ ਉਹੀ ਮੰਨਾਂਗਾ। ਦਲਬੀਰ ਸਿੰਘ ਗੋਲਡੀ ਨੇ ਕਿਹਾ ਕਿ ਲੋਕਾਂ ਦੀ ਸੇਵਾ ਕਰਨ ਲਈ ਕਿਸੇ ਪਾਵਰ ਦੀ ਲੋੜ ਨਹੀਂ ਹੁੰਦੀ, ਸੇਵਾ ਬਿਨਾ ਪਾਵਰ ਤੋਂ ਵੀ ਕੀਤੀ ਜਾ ਸਕਦੀ ਹੈ ਅਤੇ ਸਮਾਜ ਨੂੰ ਲੀਡ ਕੀਤਾ ਜਾ ਸਕਦਾ ਹੈ।