
ਕੋਵਿਡ ਤੇ ਗਰਮੀ ਨਾਲ ਜੂਝਦੇ ਕਿਸਾਨਾਂ ਦੀ ਹਾਲਤ ਵੇਖ ਕੇ ਕੈਪਟਨ ਨੂੰ ਕੇਂਦਰ ਸਰਕਾਰ ਦਾ ਦਿਲ ਪਿਘਲਣ ਦੀ ਉਮੀਦ
ਚੰਡੀਗੜ੍ਹ, 25 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਖੇਤੀਬਾੜੀ ਬਿਲਾਂ ਵਿਰੁਧ ਕੋਵਿਡ ਅਤੇ ਅੰਤਾਂ ਦੀ ਗਰਮੀ ਦੀ ਪਰਵਾਹ ਨਾ ਕਰਦੇ ਹੋਏ ਰੋਸ ਮੁਜ਼ਾਹਰਾ ਕਰਨ ਵਾਲੇ ਕਿਸਾਨਾਂ ਦਾ ਦਰਦ ਕੇਂਦਰ ਸਰਕਾਰ ਤਕ ਪੁਜ ਗਿਆ ਹੋਵੇਗਾ ਅਤੇ ਉਹ ਖੇਤੀਬਾੜੀ ਖੇਤਰ ਦੀ ਉਕਾ ਵੀ ਫ਼ਿਕਰ ਨਾ ਕਰਦੇ ਹੋਏ ਉਸ ਨੂੰ ਤਬਾਹੀ ਦੇ ਜਿਸ ਰਸਤੇ ਪਾਉਣ 'ਤੇ ਤੁਲੀ ਹੈ, ਉਸ ਤੋਂ ਗੁਰੇਜ਼ ਕਰੇਗੀ। ਮੁੱਖ ਮੰਤਰੀ ਨੇ ਕਿਸਾਨਾਂ ਅਤੇ ਖੇਤੀਬਾੜੀ ਖੇਤਰ ਜੋ ਕਿ ਪੰਜਾਬ ਦੀ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਹੈ, ਨਾਲ ਜੁੜੇ ਕਿਸਾਨਾਂ ਦੀ ਹਾਲਤ ਉਤੇ ਗਹਿਰੀ ਚਿੰਤਾ ਜ਼ਾਹਰ ਕਰਦੇ ਹੋਏ ਅੱਗੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਬੁਰੀ ਮਾਨਸਿਕਤਾ ਨਾਲ ਤਿਆਰ ਕੀਤੇ ਗ਼ੈਰ ਸੰਵਿਧਾਨਕ ਖੇਤੀ ਕਾਨੂੰਨਾਂ ਨੇ ਕਿਸਾਨਾਂ ਨੂੰ ਹਾਸ਼ੀਏ ਵਲ ਧੱਕ ਦਿਤਾ ਹੈ ਜਿਸ ਕਾਰਨ ਉਹ ਕੋਵਿਡ ਮਹਾਂਮਾਰੀ ਦੇ ਦੌਰਾਨ ਸੜਕਾਂ ਉਤੇ ਆ ਕੇ ਅਪਣੀਆਂ ਜ਼ਿੰਦਗੀਆਂ ਖ਼ਤਰੇ ਵਿਚ ਪਾਉਣ ਉਤੇ ਮਜਬੂਰ ਹੋ ਗਏ ਹਨ। ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ, ''ਸ਼ਾਇਦ ਪੰਜਾਬ ਅਤੇ ਕਈ ਹੋਰਨਾਂ ਸੂਬਿਆਂ ਵਿੱਚ ਸੈਂਕੜੇ ਹੀ ਸਥਾਨਾਂ ਉਤੇ ਹਜ਼ਾਰਾਂ ਦੀ ਗਿਣਤੀ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਮਾੜੀ ਹਾਲਤ ਵੇਖ ਕੇ ਕੇਂਦਰ ਸਰਕਾਰ ਦਾ ਦਿਲimage ਪਿਘਲ ਜਾਵੇ।'' ਉਨ੍ਹਾਂ ਅੱਗੇ ਕਿਹਾ ਕਿ ਸ਼ਾਇਦ ਹੁਣ ਭਾਰਤੀ ਜਨਤਾ ਪਾਰਟੀ ਨੂੰ ਗਲਤੀ ਦਾ ਅਹਿਸਾਸ ਹੋਵੇਗਾ।