
ਪਾਰਲੀਮੈਂਟ ਵਿਚ ਤਾਂ ਡਾਕੂ ਬੈਠੇ ਨੇ ਜੋ ਕਿਸਾਨ ਵਿਰੋਧੀ ਹਨ : ਦੀਪ ਸਿੱਧੂ
ਸੰਭੂ, 25 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ) : ਅੱਜ ਅਲੱਗ-ਅਲੱਗ ਥਾਵਾਂ 'ਤੇ ਕਲਾਕਾਰਾਂ ਵਲੋਂ ਵੀ ਧਰਨਾ ਲਗਾਤਾਰ ਜਾਰੀ ਰਿਹਾ। ਇਸ ਰੋਸ ਧਰਨੇ ਦੌਰਾਨ ਵਿਸ਼ੇਸ਼ ਤੌਰ 'ਤੇ ਪੰਜਾਬੀ ਫ਼ਿਲਮਾਂ ਦੇ ਐਕਟਰ ਦੀਪ ਸਿੱਧੂ, ਪੰਜਾਬੀ ਗਾਇਕ ਕੰਵਰ ਗਰੇਵਾਲ ਪ੍ਰੀਤ ਹਰਪਾਲ, ਜੱਸ ਬਾਜ਼ਵਾ, ਹਰਫ਼ ਚੀਮਾ, ਸਿੱਪੀ ਗਿੱਲ, ਲੱਖਾ ਸੰਧਾਣਾ ਸਮੇਤ ਹੋਰਨਾਂ ਸ਼ਖ਼ਸੀਅਤਾਂ ਨੇ ਸਮੂਲੀਅਤ ਕਰਕੇ ਇਕੱਠ ਨੂੰ ਸੰਬੋਧਨ ਕਲਾਕਾਰ ਕੀਤਾ। ਦੀਪ ਸਿੱਧੂ ਸ਼ੰਬੂ ਬਾਰਡਰ 'ਤੇ ਕਿਸਾਨਾ ਤੇ ਮਜ਼ਦੂਰਾਂ ਨਾਲ ਮੋਢਾ ਜੋੜ ਖੜੇ ਸਨ ਤੇ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰ ਰਹੇ ਸਨ। ਦੀਪ ਸਿੱਧੂ ਨੇ ਰੋਜ਼ਾਨਾ ਸਪੋਕਸਮੈਨ ਨਾਲ ਖਾਸ ਗੱਲਬਾਤ ਦੌਰਾਨ ਕਿਹਾ ਕਿ ਪਾਰਲੀਮੈਂਟ 'ਚ ਤਾਂ ਡਾਕੂ ਬੈਠੇ ਨੇ ਜੋ ਸਿਰਫ ਕਾਨੂੰਨ ਬਣਾਉਣਾ ਜਾਣਦੇ ਨੇ, ਤੇ ਨਾਲ ਹੀ ਕਿਹਾ ਕਿ ਲੋਕਤੰਤਰ 'ਚ ਲੋਕ ਪੱਖੀ ਗੱਲਾਂ ਨਹੀਂ ਕੀਤੀਆਂ ਜਾਂਦੀਆਂ ਬਲਕਿ ਭਰਮ ਪੈਦਾ ਕੀਤੇ ਜਾਂਦੇ ਨੇ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਜੇਕਰ ਉਹ ਸਾਨੂੰ ਦਿੱਲੀ ਨਹੀਂ ਆਉਣ ਦਿੰਦੇ ਤਾਂ ਅਸੀਂ ਉਨ੍ਹਾਂ ਨੂੰ ਪੰਜਾਬ ਨਹੀਂ ਆਉਣ ਦੇਣਾ।
ਇਸੇ ਤਰ੍ਹਾਂ ਨਾਭਾ ਵਿਖੇ ਕਿਸਾਨਾਂ ਵਲੋਂ ਲਗਾਏ ਧਰਨੇ ਵਿਚ ਪੰਜਾਬੀ ਕਲਾਕਾਰ ਰਣਜੀਤ ਬਾਵਾ, ਹਰਭਜਨ ਮਾਨ, ਕੁਲਵਿੰਦਰ ਬਿੱਲਾ, ਤਰਸੇਮ ਜੱਸੜ ਸਮੇਤ ਹੋਰ ਕਲਾਕਾਰ ਕਿਸਾਨਾਂ ਦੇ ਹੱਕ ਵਿਚ ਮੈਦਾਨ ਵਿਚ ਉਤਰੇ। ਉਨ੍ਹਾਂ ਕਿਹਾ ਕਿ ਜੋ ਕੇਂਦਰ ਦੀ ਸਰਕਾਰ ਵਲੋਂ ਕਿਸਾਨੀ ਨੂੰ ਲੈ ਕੇ ਬਿਲ ਪਾਸ ਕੀਤੇ ਗਏ ਹਨ ਉਹ ਨਿੰਦਣਯੋਗ ਨੇ ਅਸੀਂ ਇਸ ਮੁੱਦੇ ਨੂੰ ਲੈ ਕੇ ਕਿਸਾਨ ਭਰਾਵਾਂ ਦੇ ਨਾਲ ਅਤੇ ਹਰ ਸਮੇਂ ਇਨ੍ਹਾਂ ਦੇ ਨਾਲ ਖੜੇ ਹਾਂ। ਉਨ੍ਹਾਂ ਨੇ ਲੋਕਾਂ ਨੂੰ ਦੁਨੀਆ ਦਾ ਢਿੱਡ ਭਰਨ ਵਾਲੇ ਕਿਸਾਨ ਨਾਲ ਖੜਨ ਦੀ ਅਪੀਲ ਕੀਤੀ ਹੈ।
ਬੀਤੇ ਦਿਨੀਂ ਦੇਵ ਖਰੋੜimage ਤੇ ਜਪਜੀ ਖਹਿਰਾ ਲਗਾਤਾਰ ਰੋਸ ਪ੍ਰਦਰਸ਼ਨ ਕਰ ਰਹੇ ਸਨ। ਦੇਵ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਲੋਕਾਂ ਨੂੰ ਕਿਹਾ ਸੀ ਕਿ ਸਿਆਸੀ ਲੋਕਾਂ ਦੇ ਪਿੱਛੇ ਨਾ ਲੱਗੋ, ਜਿਥੇ ਕਿਸਾਨ ਕਹਿੰਦਾ ਉਸੇ ਤਰ੍ਹਾਂ ਧਰਨਾ ਲਗਾਇਉ ਕਿਉਂਕਿ ਸਿਆਸੀ ਪਾਰਟੀਆਂ ਸਾਡਾ ਭਲਾ ਨਹੀਂ ਚਾਹੁੰਦੀਆਂ। ਇਸਦੇ ਨਾਲ ਹੀ ਕੇਐਸ ਮੱਖਣ ਨੇ ਇੱਕ ਵੀਡੀਉ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ ਜਿਸ 'ਚ ਉਨ੍ਹਾਂ ਕਿਹਾ ਕਿ ਆਪਾਂ ਸਾਰਿਆਂ ਨੂੰ ਇੱਕਠੇ ਹੋ ਕੇ ਖੜਨ ਦੀ ਲੋੜ ਹੈ ਤੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਧਰਨੇ ਲਾਉਣ ਵਾਲਿਆ ਦਾ ਧਿਆਨ ਰੱਖਿਉ ਕਿਉਂ ਕਿ ਇਥੇ ਧਰਨੇ ਵਿੱਕ ਵੀ ਜਾਂਦੇ ਨੇ।