
ਪਛਮੀ ਬੰਗਾਲ ਦੀ ਤਰਜ਼ ’ਤੇ ਇਕਬਾਲਪ੍ਰੀਤ ਸਹੋਤਾ ਬਣੇ ਪੰਜਾਬ ਵਿਚ ਨਵੇਂ ਡੀ.ਜੀ.ਪੀ.
ਚੰਡੀਗੜ੍ਹ, 25 ਸਤੰਬਰ (ਭੁੱਲਰ): ਚਰਨਜੀਤ ਸਿੰਘ ਚੰਨੀ ਵਲੋਂ ਪੰਜਾਬ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲੇ ਜਾਣ ਬਾਅਦ ਕੀਤੇ ਜਾ ਰਹੇ ਪ੍ਰਸ਼ਾਸਨਿਕ ਫੇਰਬਦਲ ਤਹਿਤ ਅੱਜ ਡੀ.ਜੀ.ਪੀ ਦਿਨਕਰ ਗੁਪਤਾ ਨੂੰ ਵੀ ਇਸ ਅਹੁਦੇ ਤੋਂ ਹਟਾ ਦਿਤਾ ਗਿਆ ਹੈ। ਉਨ੍ਹਾਂ ਦੀ ਥਾਂ 1988 ਬੈਚ ਦੇ ਸੀਨੀਅਰ ਆਈ.ਪੀ.ਐਸ. ਅਧਿਕਾਰੀ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਨਵੇਂ ਡੀ.ਜੀ.ਪੀ. ਵਜੋਂ ਐਡੀਸ਼ਨਲ ਚਾਰਜ ਦਿਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਕਿਸੇ ਕਾਨੂੰਨੀ ਵਿਵਾਦ ਤੋਂ ਬਚਣ ਲਈ ਇਹ ਤੈਨਾਤੀ ਪਛਮੀ ਬੰਗਾਲ ਸਰਕਾਰ ਦੀ ਤਰਜ਼ ’ਤੇ ਕੀਤੀ ਗਈ ਹੈ। ਮੌਜੂਦਾ ਡੀਜੀਪੀ ਦਿਨਕਰ ਗੁਪਤਾ ਨੂੰ ਛੁੱਟੀ ’ਤੇ ਭੇਜ ਦਿਤਾ ਗਿਆ ਹੈ ਤੇ ਉਨ੍ਹਾਂ ਦੀ ਥਾਂ ਫ਼ਿਲਹਾਲ ਪੱਕੇ ਡੀ.ਜੀ.ਪੀ. ਦੀ ਨਿਯੁਕਤੀ ਤਕ ਸਹੋਤਾ ਨੂੰ ਐਡੀਸ਼ਨਲ ਡੀ.ਜੀ.ਪੀ. ਵਜੋਂ ਚਾਰਜ ਦੇ ਦਿਤਾ ਗਿਆ ਹੈ। ਪਛਮੀ ਬੰਗਾਲ, ਸਰਕਾਰ ਨੇ ਵੀ ਪਿਛਲੇ ਸਮੇਂ ਵਿਚ ਕੇਂਦਰ
ਸਰਕਾਰ ਨਾਲ ਟਕਰਾਅ ਦੇ ਚਲਦਿਆਂ ਅਪਣੀ ਮਰਜ਼ੀ ਦਾ ਡੀ.ਜੀ.ਪੀ. ਇਸੇ ਤਰ੍ਹਾ ਐਡੀਸ਼ਨਲ ਨਿਯੁਕਤੀ ਕਰ ਕੇ ਲਾਇਆ ਸੀ। ਸੁਪਰੀਮ ਕੋਰਟ ਦੇ ਫ਼ੈਸਲਿਆਂ ਮੁਤਾਬਕ ਸੂੁਬੇ ਦੇ ਡੀ.ਜੀ.ਪੀ. ਦੀ ਨਿਯੁਕਤੀ ਲਈ ਤਿੰਨ ਨਾਵਾਂ ਦਾ ਪੈਨਲ ਭੇਜਣਾ ਜ਼ਰੂਰੀ ਹੁੰਦਾ ਹੈ ਅਤੇ ਅੱਗੇ ਇਸ ਵਿਚੋਂ ਕਿਸੇ ਇਕ ਨਾਂ ਦੀ ਚੋਣ ਕਰ ਕੇ ਨਿਯੁਕਤੀ ਕੀਤੀ ਜਾਂਦੀ ਹੈ। ਪੰਜਾਬ ਸਰਕਾਰ ਨੇ ਤਿੰਨ ਨਾਵਾਂ ਦਾ ਪੈਨਲ ਯੂ.ਪੀ.ਐਸ.ਸੀ ਨੂੰ ਭੇਜਿਆ ਹੈ। ਇਸ ਵਿਚ 1986 ਬੈਂਚ ਦੇ ਅਧਿਕਾਰੀ ਐਸ ਚਟੋਪਾਧਿਆਏ ਅਤੇ 1987 ਬੈਚ ਦੇ ਅਧਿਕਾਰੀ ਵੀ.ਕੇ. ਭਾਵਰਾ ਦਾ ਨਾਂ ਸ਼ਾਮਲ ਹੈ।
ਯੂ.ਪੀ.ਐਸ. ਵਲੋਂ ਡੀ.ਜੀ.ਪੀ. ਦੀ ਚੋਣ ਲਈ ਕੁੱਝ ਮਹੀਨੇ ਲਗਦੇ ਹਨ ਅਤੇ ਇਸ ਤਰ੍ਹਾਂ ਹੁਣ ਪੱਕੇ ਡੀ.ਜੀ.ਪੀ. ਦੀ ਨਿਯੁਕਤੀ ਤਕ ਅਹੁਦੇ ਉਪਰ ਰਹਿਣਗੇ। ਤਿੰਨਾਂ ਨਾਵਾਂ ਵਿਚੋਂ ਹੀ ਕੋਈ ਪੱਕਾ ਡੀ.ਜੀ.ਪੀ. ਚੁਣਿਆ ਜਾਣਾ ਹੈ। ਜ਼ਿਕਰਯੋਗ ਹੈ ਕਿ ਸਹੋਤਾ ਬੇਅਦਬੀ ਮਾਮਲਿਆਂ ਵਿਚ ਬਣੀ ਸੱਭ ਤੋਂ ਪਹਿਲੀ ਸਿੱਟ ਦੇ ਮੁਖੀ ਵੀ ਰਹੇ ਹਨ। ਇਸੇ ਕਰ ਕੇ ਸ਼ਾਇਦ ਚੰਨੀ ਸਰਕਾਰ ਨੇ ਉਨ੍ਹਾਂ ਨੂੰ ਪਹਿਲ ਦਿਤੀ ਹੈ।