
ਲੜਕੀ ਨੇ ਦੱਸਿਆ ਕਿ ਉਹ ਪੁਲਿਸ ਸਟੇਸ਼ਨ ਸ਼ਿਕਾਇਤ ਕਰਨ ਵੀ ਗਈ ਸੀ ਪਰ ਉੱਥੇ ਵੀ ਉਸ ਦੀ ਕੋਈ ਸੁਣਵਾਈ ਨਹੀਂ ਹੋਈ।
ਸ਼੍ਰੀ ਮੁਕਤਸਰ ਸਾਹਿਬ: ਪੰਜਾਬ ਸਰਕਾਰ ਵੱਲੋਂ ਕੱਢੀ ਗਈ ਪੁਲਿਸ ਕਾਂਸਟੇਬਲ ਦੀ ਭਰਤੀ ਸਬੰਧੀ ਸ਼੍ਰੀ ਮੁਕਤਸਰ ਸਾਹਿਬ ਵਿਚ ਪੇਪਰ ਹੋਇਆ ਸੀ। ਇਸ ਪੇਪਰ ਵਿਚ ਇੱਕ ਲੜਕੀ ਨੂੰ ਥੱਪੜ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਪੀੜਤ ਲੜਕੀ ਪਿੰਡ ਪਾਲੀ ਵਾਲਾ ਤਹਿਸੀਲ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਦੀ ਵਸਨੀਕ ਹੈ, ਜੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਰੋਡ, ਸ੍ਰੀ ਮੁਕਤਸਰ ਸਾਹਿਬ ਵਿਖੇ ਪੁਲਿਸ ਕਾਂਸਟੇਬਲ ਦਾ ਪੇਪਰ ਦੇਣ ਆਈ ਸੀ। ਜਦੋਂ ਉਹ ਪੇਪਰ ਲਈ ਦਾਖਲ ਹੋਣ ਲੱਗੀ ਤਾਂ ਉਥੇ ਤੈਨਾਤ ਮਹਿਲਾ ਕਾਂਸਟੇਬਲ ਨੇ ਉਸ ਨਾਲ ਦੁਰਵਿਵਹਾਰ ਕੀਤਾ ਅਤੇ ਥੱਪੜ ਮਾਰਿਆ। ਜਿਸ ਤੋਂ ਬਾਅਦ ਲੜਕੀ ਆਪਣਾ ਪੇਪਰ ਨਹੀਂ ਦੇ ਸਕੀ।
ਪੀੜਤ ਲੜਕੀ ਨੇ ਦੱਸਿਆ ਕਿ ਉਸ ਦਾ ਪੁਲਿਸ ਕਾਂਸਟੇਬਲ ਦੀ ਭਰਤੀ ਦਾ ਪੇਪਰ ਸੀ। ਪੇਪਰ ਦਾ ਸਮਾਂ 2:30 ਸੀ। ਉਹ 2-3 ਮਿੰਟ ਦੀ ਦੇਰੀ ਤੋਂ ਬਾਅਦ ਉਥੇ ਪਹੁੰਚੀ ਅਤੇ ਉਸ ਨੇ ਦੇਰੀ ਦਾ ਕਾਰਨ ਵੀ ਦੱਸਿਆ। ਕਾਂਸਟੇਬਲ ਨੇ ਉਸ ਨਾਲ ਬਦਸਲੂਕੀ ਕੀਤੀ ਅਤੇ ਥੱਪੜ ਵੀ ਮਾਰਿਆ। ਲੜਕੀ ਨੇ ਦੱਸਿਆ ਕਿ ਉਸ ਨੇ ਪੇਪਰ ਲਈ ਬਹੁਤ ਮਿਹਨਤ ਕੀਤੀ ਸੀ। ਇਸ ਦੁਰਵਿਵਹਾਰ ਅਤੇ ਪੇਪਰ ਲਈ ਅੰਦਰ ਨਾ ਜਾਣ ਦੇਣ ਕਾਰਨ ਉਸ ਦੀ ਮਿਹਨਤ ਖ਼ਰਾਬ ਹੋ ਗਈ। ਲੜਕੀ ਨੇ ਦੱਸਿਆ ਕਿ ਉਹ ਪੁਲਿਸ ਸਟੇਸ਼ਨ ਸ਼ਿਕਾਇਤ ਕਰਨ ਵੀ ਗਈ ਸੀ ਪਰ ਉੱਥੇ ਵੀ ਉਸ ਦੀ ਕੋਈ ਸੁਣਵਾਈ ਨਹੀਂ ਹੋਈ।