
ਪੀੜਤ ਪਰਿਵਾਰ ਨੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਲਗਾਈ ਮਦਦ ਦੀ ਗੁਹਾਰ
ਫਰੀਦਕੋਟ: ਅੱਜ ਇਕ ਗਰੀਬ ਪਰਿਵਾਰ ’ਤੇ ਉਸ ਸਮੇਂ ਦੁੱਖਾਂ ਦਾ ਕਹਿਰ ਟੁੱਟਾ ਜਦੋਂ ਨਸ਼ਿਆ ਦੇ ਆਦੀ ਵਿਅਕਤੀ ਦੀ ਲੀਵਰ ਖ਼ਰਾਬ ਹੋਣ ਕਾਰਨ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਬਿਰਧ ਮਾਤਾ, 4 ਧੀਆਂ, ਪਤਨੀ ਅਤੇ ਜਨਮ ਤੋਂ ਅਪਾਹਜ ਪੁੱਤ ਨੂੰ ਛੱਡ ਗਿਆ, ਇਹੀ ਨਹੀਂ ਮ੍ਰਿਤਕ ਦਾ ਇਕ ਭਰਾ ਵੀ ਨਸ਼ੇ ਦਾ ਆਦੀ ਹੋਣ ਕਾਰਨ ਆਪਣਾ ਦਿਮਾਗੀ ਸੰਤੁਲਨ ਗਵਾ ਬੈਠਾ ਹੈ ਅਤੇ ਉਸ ਨੂੰ ਸੰਗਲਾਂ ਨਾਲ ਬੰਨ੍ਹ ਕੇ ਰੱਖਿਆ ਜਾਂਦਾ ਹੈ।
ਇਸ ਗਰੀਬ ਪਰਿਵਾਰ ਦੇ ਇੰਨੇ ਮਾੜੇ ਹਾਲਾਤ ਦੱਸੇ ਜਾ ਰਹੇ ਹਨ ਕਿ ਘਰ ਦੀਆਂ ਔਰਤਾਂ ਲੋਕਾਂ ਦੇ ਘਰਾਂ ਵਿਚ ਕੰਮ ਕਾਰ ਕਰ ਕੇ ਜੋ ਪੈਸੇ ਲਿਆਉਂਦੀਆਂ ਹਨ, ਉਹ ਘਰ ਦੇ ਗੁਜ਼ਾਰੇ ਅਤੇ ਬਿਮਾਰਾਂ ਦੀ ਦਵਾਈ ’ਤੇ ਖਰਚ ਹੋ ਜਾਂਦੇ ਹਨ। ਮ੍ਰਿਤਕ ਦੀ ਪਤਨੀ ਅਤੇ ਦਾਦੀ ਨੂੰ ਜਵਾਨ ਧੀਆਂ ਦਾ ਫਿਕਰ ਵੱਢ-ਵੱਢ ਖਾਣ ਲੱਗਾ ਹੈ। ਪੀੜਤ ਪਰਿਵਾਰ ਵੱਲੋਂ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ।
ਮਾਮਲਾ ਫਰੀਦਕੋਟ ਦਾ ਹੈ ਜਿੱਥੇ ਰਹਿਣ ਵਾਲੇ ਇਕ ਸ਼ਖ਼ਸ ਦੀ ਕਥਿਤ ਨਸ਼ਿਆਂ ਕਾਰਨ ਲੀਵਰ ਖ਼ਰਾਬ ਹੋ ਜਾਣ ਦੇ ਕਾਰਨ ਮੌਤ ਹੋ ਗਈ । ਮ੍ਰਿਤਕ ਗੋਰਾ ਸਿੰਘ ਆਪਣੇ ਪਿੱਛੇ 4 ਬੇਟੀਆਂ, ਇਕ ਅਪਾਹਜ ਬੇਟਾ, ਪਤਨੀ ਅਤੇ ਬਿਰਧ ਮਾਤਾ ਨੂੰ ਛੱਡ ਗਿਆ। ਗੱਲਬਾਤ ਕਰਦਿਆਂ ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਉਸ ਦੇ ਦੋ ਲੜਕੇ ਹਨ ਜੋ ਕਿ ਜੁੜਵੇਂ ਪੈਦਾ ਹੋਏ ਸਨ।
ਉਨ੍ਹਾਂ ਦੱਸਿਆ ਕਿ ਸ਼ੁਰੂ ਵਿਚ ਤਾਂ ਬਹੁਤ ਠੀਕ ਸਨ ਤੇ ਸ਼ਹਿਰ ਵਿਚ ਸਾਇਕਲ ਰਿਪੇਅਰ ਦੀ ਦੁਕਾਨ ’ਤੇ ਕੰਮ ਕਰਦਾ ਸੀ। ਉਥੋਂ ਹੀ ਉਹ ਦੋਨੋਂ ਭਰਾ ਨਸ਼ੇ ਪੱਤੇ ਕਰਨ ਲੱਗ ਗਏ। ਜਿਸ ਤੋਂ ਬਾਅਦ ਗੋਰਾ ਸਿੰਘ ਦਾ ਲੀਵਰ ਖਰਾਬ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਉਸ ਦਾ ਦੂਸਰਾ ਲੜਕਾ ਨਸ਼ਿਆਂ ਕਾਰਨ ਆਪਣਾ ਦਿਮਾਗ਼ੀ ਸੰਤੁਲਨ ਗਵਾ ਚੁੱਕਾ ਹੈ ਅਤੇ ਉਸ ਨੂੰ ਸੰਗਲਾਂ ਨਾਲ ਬੰਨਣਾਂ ਪੈਂਦਾ ਹੈ, ਨਹੀਂ ਤਾਂ ਉਹ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਕਰਦਾ ਹੈ।
ਪੀੜਤ ਔਰਤ ਨੇ ਦੱਸਿਆ ਕਿ ਉਸ ਦੇ ਜਿਸ ਲੜਕੇ ਦੀ ਅੱਜ ਮੌਤ ਹੋਈ ਹੈ ਉਹ ਕਾਫੀ ਸਮੇਂ ਤੋਂ ਮੰਜੇ ’ਤੇ ਪਿਆ ਸੀ ਅਤੇ ਉਹ ਆਪਣੀਆਂ ਨੂੰਹਾਂ ਅਤੇ ਪੋਤੀਆਂ ਨਾਲ ਮਿਲ ਕੇ ਲੋਕਾਂ ਦੇ ਘਰਾਂ ਵਿਚ ਕੰਮ ਕਰ ਕੇ ਘਰ ਦਾ ਗੁਜ਼ਾਰਾ ਚਲਾ ਰਹੀ ਸੀ । ਉਨ੍ਹਾਂ ਕਿਹਾ ਕਿ ਮ੍ਰਿਤਕ ਦਾ ਇਕ ਲੜਕਾ ਹੈ ਜੋ ਜਨਮ ਤੋਂ ਹੀ ਅਪਾਹਜ ਹੈ ਅਤੇ ਕੋਈ ਵੀ ਕਿਰਿਆ ਨਹੀਂ ਕਰ ਸਕਦਾ ਉਸ ਦਾ ਇਲਾਜ ਅਤੇ ਦੇਖਭਾਲ ਲਈ ਹਮੇਸ਼ਾ ਕੋਈ ਨਾਂ ਕੋਈ ਉਸ ਕੋਲ ਛੱਡਣਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਘਰ ਦੀ ਹਾਲਤ ਇੰਨੀ ਮਾੜੀ ਹੈ ਕਿ ਕਿਸੇ ਵੇਲੇ ਛੱਤਾਂ ਡਿੱਗ ਸਕਦੀਆ ਹਨ। ਲੜਕੀਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੋ ਰਹੀ ਹੈ।
ਇਸ ਮੌਕੇ ਗੱਲਬਾਤ ਕਰਦਿਆ ਮ੍ਰਿਤਕ ਦੀ ਰਿਸ਼ਤੇਦਾਰ ਨੇ ਦੱਸਿਆ ਕਿ ਇਸ ਪਰਿਵਾਰ ਦੇ ਘਰ ਦਾ ਬਹੁਤ ਮਾੜਾ ਹਾਲ ਹੈ। ਇਨ੍ਹਾਂ ਦੇ 2 ਲੜਕੇ ਸਨ ਦੋਵੇਂ ਹੀ ਨਸ਼ੇੜੀ ਸਨ, ਜਿੰਨ੍ਹਾਂ ਵਿਚੋਂ ਇਕ ਦੀ ਮੌਤ ਹੋ ਗਈ ਅਤੇ ਇਕ ਨੂੰ ਸੰਗਲਾਂ ਨਾਲ ਬੰਨ੍ਹ ਕੇ ਰੱਖਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰ ਵਿਚ ਜੋ ਤੀਜਾ ਮਰਦ ਸੀ ਉਹ ਮ੍ਰਿਤਕ ਦਾ ਲੜਕਾ ਹੈ ਜੋ ਜਨਮ ਤੋਂ ਹੀ ਅਪਾਹਜ ਹੈ। ਅੰਤਿਮ ਸਸਕਾਰ ਦੀਆਂ ਰਸਮਾਂ ਸਮੇਂ ਵੀ ਗਲੀ ਮੁਹੱਲੇ ਵਾਲੇ ਦੀ ਮਦਦ ਕਰ ਰਹੇ ਹਨ ਇਨ੍ਹਾਂ ਦੇ ਘਰ ਦੇ ਹਾਲਤ ਬਹੁਤ ਮਾੜੇ ਹਨ ਇਸ ਲਈ ਸਰਕਾਰ ਜਾਂ ਕੋਈ ਹੋਰ ਇਨ੍ਹਾਂ ਦੀ ਬਾਂਹ ਫੜ੍ਹੇ ਅਤੇ ਇਨ੍ਹਾਂ ਦੀ ਮਦਦ ਕਰੇ।