
ਕਾਂਗਰਸ, ਬੀ.ਜੇ.ਪੀ ਅਤੇ 'ਆਪ' ਨੇ ਰਲ ਕੇ ਸ਼ੋ੍ਰਮਣੀ ਕਮੇਟੀ ਨੂੰ ਤੋੜਨ ਦੀ ਕਾਰਵਾਈ ਕੀਤੀ : ਸੁਖਬੀਰ ਸਿੰਘ ਬਾਦਲ
ਕਿਹਾ, ਇਸ ਕਾਰਵਾਈ 'ਚ ਦਾਦੂਵਾਲ ਨੇ ਵੀ ਬੀ.ਜੇ.ਪੀ ਦਾ ਮੋਹਰਾ ਬਣ ਕੇ ਕੰਮ ਕੀਤਾ
ਡੇਹਲੋਂ, 26 ਸਤੰਬਰ (ਹਰਜਿੰਦਰ ਸਿੰਘ ਗਰੇਵਾਲ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਅਲੱਗ ਤੋਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਏ ਜਾਣ ਤੇ ਅੱਜ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਇਕ ਵਿਸ਼ੇਸ਼ ਇੱਕਤਰਤਾ ਕੀਤੀ ਗਈ ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਐਸ.ਜੀ.ਪੀ.ਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ |
ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ, ਬੀ.ਜੇ.ਪੀ ਅਤੇ ਆਮ ਆਦਮੀ ਪਾਰਟੀ ਵਲੋਂ ਰਲ ਕੇ ਐਸ.ਜੀ.ਪੀ.ਸੀ ਨੂੰ ਤੋੜਨ ਦੀ ਕਾਰਵਾਈ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਵਲੋਂ ਇਸ ਕਾਰਵਾਈ ਨੂੰ ਅਮਲੀ ਜਾਮਾ ਪਹਿਨਾਉਣ ਲਈ ਪੂਰੀ ਵਾਹ ਲਗਾ ਕੇ ਕੰਮ ਕੀਤਾ ਗਿਆ ਜਿਸ ਤਹਿਤ ਪਹਿਲਾਂ ਭੁਪਿੰਦਰ ਹੁੱਡਾ ਨੇ ਵਖਰੀ ਹਰਿਆਣਾ ਕਮੇਟੀ ਬਣਾਉਣ ਲਈ ਹਰਿਆਣਾ ਵਿਧਾਨ ਸਭਾ ਵਿਚ ਬਣਾਏ ਕਾਨੂੰਨ ਨੂੰ ਮਾਨਤਾ ਦੇਣ ਲਈ ਹਾਮੀ ਭਰੀ ਜਦਕਿ ਮੌਜੂਦਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਲੋਂ ਕੇਂਦਰ ਸਰਕਾਰ ਦੀ ਮਦਦ ਨਾਲ ਐਸ.ਜੀ.ਪੀ.ਸੀ ਨੂੰ ਤੋੜ ਕੇ ਦੋ ਹਿੱਸਿਆਂ ਵਿਚ ਵੰਡਣ ਦਾ ਕੰਮ ਕੀਤਾ ਗਿਆ | ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਨੇ ਵੀ ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ ਨੂੰ ਤੋੜਨ ਲਈ ਬਾਖ਼ੂਬੀ ਰੋਲ ਅਦਾ ਕੀਤਾ | ਉਨ੍ਹਾਂ ਕਿਹਾ ਕਿ ਇਸ ਕਾਰਵਾਈ 'ਚ ਬਲਜੀਤ ਸਿੰਘ ਦਾਦੂਵਾਲ ਨੇ ਵੀ ਬੀ.ਜੇ.ਪੀ ਦਾ ਮੋਹਰਾ ਬਣ ਕੇ ਕੰਮ ਕੀਤਾ ਹੈ |
ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਵਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਂਦ ਵਿਚ ਆਉਣ ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਵਖਰੀ ਹਰਿਆਣਾ ਕਮੇਟੀ ਦਾ ਬਣਨਾ ਹੀ ਦੁਖਦ ਨਹੀਂ ਬਲਕਿ ਸਿੱਖ ਕੌਮ ਲਈ ਅੱਗੇ ਵੀ ਬਹੁਤ ਚੁਣੌਤੀਆਂ ਖੜੀਆ ਹਨ ਜਿਨ੍ਹਾਂ ਦਾ ਹਰ ਇਕ ਸਿੱਖ ਦਰਦੀ
ਨੂੰ ਫ਼ਿਕਰ ਸੱਤਾ ਰਿਹਾ ਹੈ | ਉਨ੍ਹਾਂ ਕਿਹਾ ਕਿ ਵਖਰੀ ਹਰਿਆਣਾ ਕਮੇਟੀ ਬਣਾਉਣ ਤੋਂ ਬਾਅਦ ਹੁਣ ਇਨ੍ਹਾਂ ਲੋਕਾਂ ਦੀ ਕੋਸ਼ਿਸ਼ ਐਸ.ਜੀ.ਪੀ.ਸੀ ਨੂੰ ਟੇਢੇ ਢੰਗ ਤਰੀਕਿਆਂ ਨਾਲ ਖੇਰੂੰ ਖੇਰੂੰ ਕਰਨ ਦੀ ਹੋਵੇਗੀ ਕਿਉਂਕਿ ਇਨ੍ਹਾਂ ਲੋਕਾਂ ਨੂੰ ਪਤਾ ਹੈ ਕਿ ਜੇਕਰ ਸਿੱਖ ਕੌਮ ਇੱਕਠੀ ਹੈ ਤਾਂ ਉਸ ਵਿਚ ਇਸ ਸੰਸਥਾ ਦਾ ਬਹੁਤ ਵੱਡਾ ਰੋਲ ਹੈ ਕਿਉਂਕਿ ਐਸ.ਜੀ.ਪੀ.ਸੀ ਸਿੱਖ ਕੌਮ ਦਾ ਕੇਂਦਰੀ ਸਥਾਨ ਹੈ ਉਹ ਸਿੱਖਾਂ ਦੀ ਸ਼ਕਤੀ ਨੂੰ ਵੰਡ ਕੇ ਕੌਮ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ | ਉਨ੍ਹਾਂ ਕਿਹਾ ਕਿ ਇਸ ਮਸਲੇ ਨੂੰ ਲੈ ਕੇ 30 ਸਤੰਬਰ ਨੂੰ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਇਕ ਇਕਤਰਤਾ ਕੀਤੀ ਜਾ ਰਹੀ ਹੈ ਜਿਸ ਵਿਚ ਅਗਲੀ ਰਣਨੀਤੀ ਉਲੀਕੀ ਜਾਵੇਗੀ |
ਇਸ ਮੌਕੇ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ, ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ, ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ, ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ, ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ, ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ , ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾ, ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ, ਕੇਵਲ ਸਿੰਘ ਬਾਦਲ, ਬਲਵਿੰਦਰ ਸਿੰਘ ਬੇਈਪੁਈ, ਬਾਬਾ ਟੇਕ ਸਿੰਘ ਧਨੋਲਾ, ਅਮਰਜੀਤ ਸਿੰਘ ਚਾਵਲਾ, ਬੂਟਾ ਸਿੰਘ ਬੁਰਥੜੀ, ਰਜਿੰਦਰ ਸਿੰਘ ਮਹਿਤਾ, ਰਘੁਬੀਰ ਸਿੰਘ ਸਹਾਰਨਮਾਜਰਾ ਮੈਂਬਰ ਐਸ.ਜੀ.ਪੀ.ਸੀ, ਬਲਦੇਵ ਸਿੰਘ ਕਿਆਪੁਰੀ, ਗੁਰਚਰਨ ਸਿੰਘ ਗਰੇਵਾਲ ਆਦਿ ਹਾਜ਼ਰ ਸਨ |