
ਇਕ ਏਕੜ ਵਿਚੋਂ ਨਿਕਲ ਰਿਹਾ 3 ਹਜ਼ਾਰ ਰੁਪਏ ਦਾ ਝੋਨਾ, ਕੰਬਾਈਨ ਵਾਲੇ ਕੱਟਣ ਦਾ ਮੰਗ ਰਹੇ 5 ਹਜ਼ਾਰ ਰੁਪਇਆ
ਡੇਰਾ ਬਾਬਾ ਨਾਨਕ : ਪੰਜਾਬ ਵਿਚ ਆਏ ਹੜ੍ਹਾਂ ਤੋਂ ਬਾਅਦ ਵੀ ਪੰਜਾਬ ਦੇ ਕਿਸਾਨਾਂ ਦੀਆਂ ਮੁਸ਼ਕਿਲਾਂ ਘਟਦੀਆਂ ਹੋਈਆਂ ਨਜ਼ਰ ਨਹੀਂ ਆ ਰਹੀਆਂ। ਹੜ੍ਹਾਂ ਦੀ ਮਾਰ ਝੱਲ ਰਹੇ ਕਿਸਾਨਾਂ ਦੀ ਬਚੀ ਖੁਸੀ ਫਸਲ ਪੱਕ ਚੁੱਕੀ ਅਤੇ ਉਹ ਮੰਡੀਆਂ ਵਿਚ ਆਉਣੀ ਸ਼ੁਰੂ ਹੋ ਗਈ। ਮੰਡੀਆਂ ਵਿਚ ਫਸਲ ਦੀ ਕੋਈ ਬਹੁਤੀ ਆਮਦ ਨਹੀਂ ਕਿਉਂਕਿ ਜ਼ਿਆਦਾਤਰ ਫ਼ਸਲ ਤਾਂ ਬਰਬਾਦ ਹੋ ਚੁੱਕੀ ਹੈ। ਬਚੀ ਹੋਈ ਫ਼ਸਲ ਕੱਟਣ ਵਿਚ ਵੀ ਕਿਸਾਨਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਖੇਤਾਂ ਵਿਚੋਂ ਹਾਲੇ ਪਾਣੀ ਪੂਰੀ ਤਰ੍ਹਾਂ ਸੁੱਕਿਆ ਨਹੀਂ, ਜਿਸ ਚਲਦਿਆਂ ਆਮ ਕੰਬਾਈਨਾਂ ਖੇਤਾਂ ਵਿਚ ਨਹੀਂ ਚੱਲ ਸਕਦੀਆਂ। ਗਿੱਲੇ ਖੇਤਾਂ ਵਿਚ ਸਿਰਫ਼ ਚੇਨਾਂ ਵਾਲੀਆਂ ਕੰਬਾਈਨਾਂ ਹੀ ਚਲਦੀਆਂ ਹਨ ਅਤੇ ਉਹ ਇਕ ਏਕੜ ਝੋਨਾ ਕੱਟਣ ਦਾ ਪੰਜ ਹਜ਼ਾਰ ਰੁਪਏ ਮੰਗਦੇ ਹਨ। ਜਦਕਿ ਇਕ ਏਕੜ ਵਿਚੋਂ ਸਿਰਫ਼ 14 ਬੋਰੀਆਂ ਝੋਨਾ ਨਿਕਲ ਰਿਹਾ ਹੈ ਅਤੇ ਉਸ ਨੂੰ ਮੰਡੀ ਵਿਚ ਖਰੀਦਣ ਲਈ ਕੋਈ ਤਿਆਰ ਨਹੀਂ ਹੋ ਰਿਹਾ। ਕਿਉਂਕਿ ਜ਼ਿਆਦਾ ਬਾਰਿਸ਼ ਹੋਣ ਕਾਰਨ ਝੋਨੇ ਦਾ ਦਾਣਾ ਕਾਲਾ ਅਤੇ ਮਾਜੂ ਪੈ ਚੁੱਕਿਆ ਹੈ। ਕਿਸਾਨਾਂ ਦਾ ਤਿੰਨ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਵਿਕਣ ਵਾਲਾ ਝੋਨਾ ਸਿਰਫ਼ 1400-1500 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕ ਰਹੀ ਹੈ, ਪਰ ਕਾਲੇ ਅਤੇ ਮਾਜੂ ਪੈ ਚੁੱਕੇ ਦਾਣੇ ਨੂੰ ਦੇਖ ਕੇ ਇਸ ਨੂੰ ਕੋਈ ਖਰੀਦਣ ਲਈ ਤਿਆਰ ਨਹੀਂ ਹੁੰਦਾ।
ਇਸ ਮੌਕੇ ਇਕ ਆੜ੍ਹਤੀ ਨੇ ਗੱਲ ਕਰਦਿਆਂ ਕਿਹਾ ਕਿ ਲਗਭਗ 100 ਫ਼ੀਸਦੀ ਹੀ ਝੋਨਾ ਬਰਬਾਦ ਹੋ ਚੁੱਕਿਆ ਹੈ। ਕਿਉਂਕਿ ਜਿਹੜੀ 10 ਤੋਂ 15 ਫੀਸਦੀ ਫਸਲ ਬਚੀ ਹੈ ਉਹ ਵੀ ਵਿਕਣਯੋਗ ਹੈ। ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਸਰਕਾਰ ਕਿਸਾਨਾਂ ਨੂੰ ਰਿਲੈਕਸ਼ੇਸਨ ਦੇ ਕੇ ਮੰਡੀਆਂ ’ਚ ਆਈ ਝੋਨੇ ਦੀ ਫਸਲ ਨੂੰ ਚੁਕਵਾਇਆ ਜਾਵੇ ਤਾਂ ਜੋ ਕਿਸਾਨ ਆਪਣੀ ਕਣਕ ਦੀ ਫ਼ਸਲ ਬੀਜ ਸਕਣ। ਧਰਮਕੋਟ ਰੰਧਾਵਾ ਦੇ ਸਰਪੰਚ ਨੇ ਕਿਹਾ ਕਿ ਇਲਾਕੇ ਦੇ ਪਿੰਡਾਂ ਵਿਚ ਫਸਲ ਦੇਖਣ ਨੂੰ ਜ਼ਰੂਰ ਖੜ੍ਹੀ ਹੈ ਪਰ ਉਸ ਵਿਚੋਂ ਨਿਕਲ ਕੁੱਝ ਨਹੀਂ ਰਿਹਾ। ਹੁਣ ਤੱਕ ਮੰਡੀ ਵਿਚ ਸਿਰਫ਼ 20 ਫ਼ੀਸਦੀ ਫ਼ਸਲ ਆਈ ਹੈ। ਇਸ ਮੌਕੇ ਆੜ੍ਹਤੀਏ ਨੇ ਐਲਾਨ ਕੀਤਾ ਕਿ ਮੇਰੇ ਕੋਲੋਂ ਕਰਜ਼ਾ ਲੈਣ ਵਾਲੇ ਕਿਸਾਨਾਂ ਤੋਂ ਮੈਂ ਵਿਆਜ਼ ਨਹੀਂ ਲਵਾਂਗਾ। ਉਨ੍ਹਾਂ ਹੋਰਨਾਂ ਆੜ੍ਹਤੀਆਂ ਨੂੰ ਅਪੀਲ ਕੀਤੀ ਕਿ ਹੜ੍ਹਾਂ ਦੀ ਮਾਰ ਝੱਲ ਰਹੇ ਕਿਸਾਨਾਂ ਤੋਂ ਵਿਆਜ਼ ਨਾ ਲੈਣ। ਉਨ੍ਹਾਂ ਅੱਗੇ ਗੱਲ ਕਰਦਿਆਂ ਕਿਹਾ ਕਈ ਕਿਸਾਨ ਤਾਂ ਆਪਣੀ ਫਸਲ ਕੱਟਣ ਲਈ ਹੀ ਤਿਆਰ ਨਹੀਂ ਅਤੇ ਕੁੱਝ ਕਿਸਾਨਾਂ ਨੇ ਤਾਂ ਆਪਣਾ ਬਚਿਆ ਝੋਨਾ ਖੇਤਾਂ ਵਿਚ ਹੀ ਵਾਹ ਦਿੱਤਾ ਹੈ। ਇਸ ਮੌਕੇ ਇਕ ਕਿਸਾਨ ਨੇ ਗੱਲ ਕਰਦਿਆਂ ਕਿਹਾ ਕਿ ਫ਼ਸਲ ਲਗਭਗ ਸਾਰੀ ਹੀ ਬਰਬਾਦ ਹੋ ਚੁੱਕੀ ਹੈ ਮੈਂ ਮੰਡੀ ਵਿਚ ਇਕ ਏਕੜ ਦੀ ਫ਼ਸਲ ਲੈ ਕੇ ਆਇਆ ਹਾਂ, ਜਿਸ ਨੂੰ ਦੇਖ ਕੇ ਇਸ ਤਰ੍ਹਾਂ ਲਗਦਾ ਹੈ ਜਿਵੇਂ 2 ਕਨਾਲ ਦਾ ਝੋਨਾ ਹੋਵੇ। ਜਿੰਨਾ ਕੁ ਝਾੜ ਇਕ ਏਕੜ ਵਿਚੋਂ ਨਿਕਲ ਰਿਹਾ ਹੈ ਉਸ ਨੂੰ ਦੇਖ ਕੇ ਲਗਦਾ ਹੈ ਕਿ ਸਾਡਾ ਖਰਚਾ ਵੀ ਪੂਰਾ ਨਹੀਂ ਹੋਣਾ।
ਆੜ੍ਹਤੀਏ ਨੇ ਗੱਲ ਕਰਦਿਆਂ ਕਿਹਾ ਕਿ ਮੇਰੇ ਹੁਣ ਤੱਕ ਕੁੱਲ 12 ਗ੍ਰਾਹਕ ਆਏ ਹਨ। ਜਦਕਿ ਅੱਗੇ ਆਮ ਸੀਜਨ ਦੌਰਾਨ ਮੰਡੀ ਵਿਚ ਚਾਰੇ ਪਾਸੇ ਰੌਣਕਾਂ-ਰੌਣਕਾਂ ਹੁੰਦੀਆਂ ਅਤੇ ਇਸ ਵਾਰ ਮੰਡੀ ਖਾਲੀ ਪਈ ਅਤੇ ਕਿਤੇ-ਕਿਤੇ ਝੋਨੇ ਦੀ ਕੋਈ ਢੇਰੀ ਪਈ ਹੋਈ ਨਜ਼ਰ ਆਉਂਦੀ ਹੈ। ਮੈਂ ਸੀਜ਼ਨ ਦੌਰਾਨ 5 ਲੱਖ ਬੋਰੀ ਦੇ ਲਗਭਗ ਝੋਨੇ ਦੀ ਖਰੀਦ ਕਰਦਾ ਹਾਂ ਪਰ ਇਸ ਵਾਰ ਲਗਦਾ ਹੈ ਕਿ ਇਹ ਗਿਣਤੀ ਸਿਰਫ਼ 4-5 ਬੋਰੀ ਤੱਕ ਹੀ ਸੀਮਤ ਰਹਿ ਜਾਵੇਗਾ। ਕਿਸਾਨੀ ਨੂੰ ਪਈ ਮਾਰ ਦਾ ਘਾਟਾ ਸਭ ਨੂੰ ਝੱਲਣਾ ਪੈਂਦਾ ਕਿਉਂਕਿ ਆੜ੍ਹਤੀਆ ਵੀ ਕਿਸਾਨਾਂ ਦੇ ਸਿਰ ’ਤੇ ਕੰਮ ਕਰਦਾ ਹੈ। ਇਸੇ ਤਰ੍ਹਾਂ ਲੇਬਰ ਦਾ ਕੰਮ ਕਰਨ ਵਾਲੇ ਵੀ ਮੰਡੀਆਂ ਵਿਚ ਵਿਹਲੇ ਹੀ ਬੈਠੇ ਹਨ ਕਿਉਂਕਿ ਮੰਡੀਆਂ ਵਿਚ ਝੋਨੇ ਦੀ ਘੱਟ ਆਮਦ ਕਾਰਨ ਉਨ੍ਹਾਂ ਨੂੰ ਪੂਰਾ ਕੰਮ ਨਹੀਂ ਮਿਲ ਰਿਹਾ।