
Sultanpur Lodhi News : ਖਾਣ-ਪੀਣ ਵਾਲੀਆਂ ਵਸਤਾਂ ਤੋਂ ਪੀੜਤਾਂ ਨੇ ਕੀਤੀ ਤੌਬਾ
Sultanpur Lodhi Flood News in punjabi : ਬਾਊਪੁਰ ਮੰਡ ਵਿਚ ਹੜ੍ਹ ਨਾਲ ਕਿਸਾਨਾਂ ਦੇ ਖੇਤਾਂ ਵਿਚ ਚੜ੍ਹੀ ਰੇਤਾ ਤੇ ਗਾਰ ਨੂੰ ਹਟਾਉਣ ਲਈ ਵੱਡੀ ਗਿਣਤੀ ਵਿਚ ਚਲ ਰਹੇ ਟਰੈਕਟਰ ਵਖਰਾ ਹੀ ਨਜ਼ਾਰਾ ਪੇਸ਼ ਕਰ ਰਹੇ ਹਨ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆ ਵਿਚੋਂ ਨੌਜਵਾਨ ਇਹ ਟਰੈਕਟਰ ਲੈ ਕੇ ਆਏ ਹੋਏ ਹਨ। ਕਿਸਾਨਾਂ ਦੇ ਖੇਤਾਂ ਵਿਚੋਂ ਰੇਤ ਕੱਢਣ ਲਈ ਇਕੋਂ ਸਮੇਂ 75 ਤੋਂ ਵੱਧ ਟਰੈਕਟਰ ਧੂੜਾਂ ਪੁਟ ਰਹੇ ਹਨ।
ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਪੰਜਾਬ ਭਰ ਦੇ ਲੋਕਾਂ ਨੂੰ ਡੀਜ਼ਲ ਲਿਆਉਣ ਦੀ ਕੀਤੀ ਅਪੀਲ ਅਸਰ ਦਿਖਾਉਣ ਲੱਗ ਪਈ ਹੈ। ਬਾਊਪੁਰ ਮੰਡ ਇਲਾਕੇ ਵਿਚ ਖੇਤ ਪੱਧਰੇ ਕਰਨ ਲਈ ਆਉਣ ਵਾਲੇ ਨੌਜਵਾਨਾਂ 15 ਤੋਂ 20 ਟਰੈਕਟਰਾਂ ਦਾ ਟੋਲਾ ਲੈ ਕੇ ਆ ਰਹੇ ਹਨ। ਉਹ ਆਣੇ ਨਾਲ ਦੋ ਤੋਂ ਤਿੰਨ ਹਜ਼ਾਰ ਲੀਟਰ ਡੀਜ਼ਲ ਰੱਖਣ ਦੀ ਸਮਰੱਥਾ ਵਾਲਾ ਟੈਂਕਰ ਵੀ ਲਿਆ ਰਹੇ ਹਨ।
ਕਿਸਾਨਾਂ ਦੇ ਖੇਤ ਪੱਧਰੇ ਕਰਨ ਲਈ ਆਏ ਨੌਜਵਾਨ ਤਿੰਨ ਤੋਂ ਚਾਰ ਦਿਨ ਤਕ ਮੰਡ ਇਲਾਕੇ ਵਿਚ ਹੀ ਅਪਣੇ ਡੇਰੇ ਲਾ ਕੇ ਰਖਦੇ ਹਨ ਤੇ ਦਿਨ ਚੜ੍ਹਦੇ ਨੂੰ ਇਹ ਨੌਜਵਾਨ ਖੇਤਾਂ ਵਿਚੋਂ ਰੇਤਾ ਕਢਣ ਦੇ ਕੰਮ ਵਿਚ ਜੁਟ ਜਾਂਦੇ ਹਨ। ਜ਼ਿਕਰਯੋਗ ਹੈ ਕਿ ਬਾਊਪੁਰ ਮੰਡ ਇਲਾਕੇ ਵਿਚ 10 ਅਗੱਸਤ ਦੀ ਰਾਤ ਨੂੰ ਆਰਜ਼ੀ ਬੰਨ੍ਹ ਟੁਟਣ ਨਾਲ ਹੀ ਆਏ ਹੜ੍ਹ ਨੇ 17 ਪਿੰਡਾਂ ਦੀ ਝੋਨੇ ਦੀ ਫ਼ਸਲ ਨੂੰ ਪੂਰੀ ਤਰ੍ਹਾਂ ਤਬਾਹ ਕਰ ਕੇ ਰੱਖ ਦਿਤਾ ਸੀ। ਇਸ ਖਿੱਤੇ ਵਿਚ 3500 ਏਕੜ ਝੋਨੇ ਦੀ ਫ਼ਸਲ ਸੀ ਜਿਹੜੀ ਪੂਰੀ ਤਰ੍ਹਾਂ ਨਾਲ ਤਬਾਹ ਹੋ ਗਈ ਸੀ। ਬਾਊਪੁਰ ਮੰਡ ਵਿਚ ਲਗਤਾਰ 30 ਦਿਨ ਤਕ ਪਾਣੀ ਖੜਾ ਰਿਹਾ ਸੀ ਜਿਸ ਕਾਰਨ ਜਿਥੇ ਫ਼ਸਲਾਂ ਤਬਾਹ ਹੋ ਗਈਆਂ ਸਨ ਉਥੇ ਕਿਸਾਨਾਂ ਦੇ ਪਸ਼ੂ ਧੰਨ ਦਾ ਵੀ ਵੱਡੀ ਪੱਧਰ ’ਤੇ ਨੁਕਸਾਨ ਹੋ ਗਿਆ ਸੀ।
ਸਿੱਧਵਾਂ ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਨੇਕੀ ਵਲੋਂ 2300 ਲੀਟਰ ਡੀਜ਼ਲ ਦੀ ਸੇਵਾ ਕੀਤੀ ਗਈ। ਉਨ੍ਹਾਂ ਦਸਿਆ ਕਿ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਜਿਹੜੀ ਅਪੀਲ ਕੀਤੀ ਸੀ ਉਸ ’ਤੇ ਫੁਲ ਚੜ੍ਹਾਉਂਦਿਆ ਵਿਦੇਸ਼ਾਂ ਵਿਚ ਗਏ ਉਨ੍ਹਾਂ ਦੇ ਬੱਚਿਆਂ ਨੇ ਕਿਸਾਨਾਂ ਦੀ ਮਦਦ ਵਾਸਤੇ ਡੀਜ਼ਲ ਭੇਜਣ ਦਾ ਫ਼ੈਸਲਾ ਕੀਤਾ ਸੀ। ਅੱਜ 2300 ਲੀਟਰ ਡੀਜ਼ਲ ਬਾਊਪੁਰ ਮੰਡ ਪਹੁੰਚਦਾ ਕੀਤਾ। ਇਸੇ ਤਰ੍ਹਾਂ ਕੁੱਝ ਦਿਨ ਪਹਿਲਾਂ ਬਰਨਾਲੇ ਤੋਂ ਨੌਜਵਾਨ 15 ਟਰੈਕਟਰ, ਰਾਜਸਸਥਾਨ ਦੇ ਲਛਮਣਗੜ੍ਹ ਤੋਂ ਮੁਸਲਿਮ ਭਾਈਚਾਰੇ ਵਲੋਂ ਰਾਸ਼ਨ ਤੇ 50 ਹਜ਼ਾਰ ਦੀ ਡੀਜ਼ਲ ਲਈ ਸੇਵਾ, ਜਲੰਧਰ ਤੋਂ ਨੌਜਵਾਨਾਂ ਵਲੋਂ 600 ਲੀਟਰ ਡੀਜ਼ਲ ਦੀ ਸੇਵਾ ਤੇ ਪਸ਼ੂਆਂ ਲਈ 200 ਗੱਠਾਂ ਚੋਕਰ, ਪਿੰਡ ਭੂਤਘੜ ਜ਼ਿਲ੍ਹਾ ਪਟਿਆਲਾ, ਜੈਮਲ ਸਿੰਘ ਮੋਗਾ ਤੋਂ, ਪਿੰਡ ਮਾਂਗੇ ਬਰਨਾਲੇ ਤੋਂ, ਕਪੂਰਥਲੇ ਦੇ ਪਿੰਡ ਖੀਰਾਂਵਾਲੀ, ਜਹਾਂਗੀਰ, ਨੂਰਪੁਰ, ਜ਼ਿਲ੍ਹਾ ਸੰਗਰੂਰ ਤੋਂ, ਪਿੰਡ ਚਾਮੀਨਾਡਾ ਲੁਧਿਆਣਾ ਤੇ ਹੋਰ ਵੀ ਦੇਸ਼ ਭਰ ਤੋਂ ਹੜ੍ਹ ਪ੍ਰਭਾਵਤ ਲੋਕਾਂ ਦੀ ਸਹਾਇਤਾ ਲਈ ਲੋਕ ਟਰੈਕਟਰ ਤੇ ਡੀਜ਼ਲ ਦੀ ਸੇਵਾ ਲੈ ਕੇ ਪਹੁੰਚ ਰਹੇ ਹਨ।
ਸੁਲਤਾਨਪੁਰ ਲੋਧੀ ਤੋਂ ਇੰਦਰਜੀਤ ਚਾਹਲ/ਗੁਰਦੇਵ ਸਿੰਘ ਦੀ ਰਿਪੋਰਟ