
ਜਦੋਂ ਤਕ ਸਾਨੂੰ ਇਨਸਾਫ਼ ਨਹੀਂ ਮਿਲਦਾ ਅਸੀਂ ਆਖ਼ਰੀ ਸਾਹ ਤਕ ਸੰਘਰਸ਼ੀ ਜਾਰੀ ਰੱਖਾਂਗੇ
ਗੁਰਦਾਸਪੁਰ (ਨਿਤਿਨ ਲੂਥਰਾ) : ਲਖੀਮਪੁਰ ਖੇੜੀ ਘਟਨਾ ਵਿਚ ਅਜੇ ਤੱਕ ਮ੍ਰਿਤਕ ਕਿਸਾਨਾਂ ਨੂੰ ਇਨਸਾਫ਼ ਨਹੀਂ ਮਿਲਿਆ। ਜਿਸ ਦੇ ਮੱਦੇਨਜ਼ਰ ਅੱਜ ਕਿਸਾਨ ਮਜ਼ਦੂਰ ਸੰਘਰਸ਼ੀ ਕਮੇਟੀ ਵਲੋਂ ਪੰਜਾਬ ਵਿਚ ਵੱਖ ਵੱਖ ਜਗ੍ਹਾ 'ਤੇ DC ਦਫ਼ਤਰਾਂ ਦਾ ਘਿਰਾਓ ਕੀਤਾ ਗਿਆ। ਇਸ ਦੇ ਚਲਦਿਆਂ ਗੁਰਦਾਸੁਪਰ ਦੇ DC ਦਫ਼ਤਰ ਬਾਹਰ ਵੀ ਕਿਸਾਨਾਂ ਵਲੋਂ ਧਰਨਾ ਦਿਤਾ ਗਿਆ। ਧਰਨੇ ਵਿਚ ਵੱਡੀ ਗਿਣਤੀ 'ਚ ਬੀਬੀਆਂ ਨੇ ਵੀ ਯੋਗਦਾਨ ਪਾਇਆ।
farmers protest in gurdaspur
ਇਸ ਮੌਕੇ ਗੁਰਪ੍ਰੀਤ ਸਿੰਘ ਖਾਨਪੁਰ,ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਸਾਨੂੰ ਆਪਣੇ ਆਪ 'ਤੇ ਪੂਰਾ ਭਰੋਸਾ ਹੈ ਜਦੋਂ ਤੱਕ ਇਹ ਖੇਤੀ ਵਿਰੋਧੀ ਕਾਨੂੰਨ ਰੱਦ ਨਹੀਂ ਹੋ ਜਾਂਦੇ ਅਤੇ ਲਖੀਮਪੁਰ ਖੇੜੀ ਵਿਖੇ ਸ਼ਹੀਦ ਹੋਏ ਕਿਸਾਨਾਂ ਦੇ ਕਾਤਲਾਂ ਨੂੰ ਜੇਲ੍ਹਾਂ ਵਿਚ ਨਹੀਂ ਡੱਕਿਆ ਜਾਂਦਾ ਉਦੋਂ ਤਕ ਇਸੇ ਤਰ੍ਹਾਂ ਹੀ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।
farmers protest in gurdaspur
ਧਰਨੇ ਵਿਚ ਸ਼ਾਮਲ ਅਮ੍ਰਿਤਪਾਲ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਇੱਕ ਉਮਰ ਵਰਗ ਦਾ ਅੰਦੋਲਨ ਨਹੀਂ ਹੈ ਸਗੋਂ ਹਰ ਉਸ ਵਿਅਕਤੀ ਦਾ ਸੰਘਰਸ਼ੀ ਹੈ ਜੋ ਰੋਟੀ ਖਾਂਦਾ ਹੈ, ਇਹ ਰੋਟੀ ਦਾ ਮਸਲਾ ਹੈ ਜਿਸ ਵਿਚ ਦੇਸ਼ ਵਿਦੇਸ਼ ਤੋਂ ਸਹਿਯੋਗ ਮਿਲ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਸਰਕਾਰ ਨੂੰ ਆਪਣਾ ਇਹ ਤਾਨਾਸ਼ਾਹੀ ਫ਼ੈਸਲਾ ਵਾਪਸ ਲੈਣਾ ਹੀ ਪਵੇਗਾ।
farmers protest in gurdaspur
ਕਿਸਾਨ ਗੁਰਪ੍ਰਤਾਪ ਸਿੰਘ ਨੇ ਕਿਹਾ ਕਿ ਇਹ ਸਿਰਫ਼ ਕਹਿਣ ਦੀ ਗੱਲ ਹੈ ਕਿ ਕਾਨੂੰਨ ਸਭ ਲਈ ਬਰਾਬਰ ਹੈ ਪਰ ਲਖੀਮਪੁਰ ਖੇੜੀ ਘਟਨਾ ਤੋਂ ਬਾਅਦ ਇਹ ਸਾਫ਼ ਹੋ ਗਿਆ ਹੈ ਕਿ ਕਾਨੂੰਨ ਵੀ ਧਨਾਡ ਲੋਕਾਂ ਅੱਗੇ ਝੁਕਦਾ ਹੈ ਅਤੇ ਆਮ ਜਨਤਾ ਨੂੰ ਇਨਸਾਫ਼ ਲਈ ਭਟਕਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਸਾਨੂੰ ਇਨਸਾਫ਼ ਨਹੀਂ ਮਿਲਦਾ ਅਸੀਂ ਆਖ਼ਰੀ ਸਾਹ ਤਕ ਸੰਘਰਸ਼ੀ ਜਾਰੀ ਰੱਖਾਂਗੇ।