
ਭਾਰਤ ਵਿਰੁਧ ਟੀ-20 ਦੀ ਜਿੱਤ ਨੂੰ ਪਾਕਿ ਮੰਤਰੀ ਨੇ ਇਸਲਾਮ ਦੀ ਜਿੱਤ ਦਰਸਾਇਆ
ਦੁਨੀਆਂ ਭਰ ਦੇ ਮੁਸਲਮਾਨਾਂ ਨੂੰ ਭੜਕਾਉਣ ਦਾ ਕੰਮ ਵੀ ਕੀਤਾ
ਕਰਾਚੀ, 25 ਅਕਤੂਬਰ : ਟੀ-20 ਵਿਸ਼ਵ ਕੱਪ 'ਚ ਭਾਰਤ ਵਿਰੁਧ ਵੱਡੀ ਜਿੱਤ ਤੋਂ ਬਾਅਦ ਜਿਥੇ ਪਾਕਿਸਤਾਨ ਦੇ ਕਿ੍ਕਟ ਪ੍ਰੇਮੀ ਜਸ਼ਨ ਮਨਾ ਰਹੇ ਹਨ, ਉਥੇ ਹੀ ਪਾਕਿਸਤਾਨ ਦੇ ਮੰਤਰੀ ਭਾਰਤ ਵਿਰੁਧ ਬੇਤੁਕਾ ਬਿਆਨ ਵੀ ਦੇ ਰਹੇ ਹਨ | ਦਰਅਸਲ, ਪਾਕਿਸਤਾਨ ਦੇ ਮੰਤਰੀ ਸ਼ੇਖ ਰਾਸ਼ਿਦ ਇਸ ਖੇਡ ਦੀ ਜਿੱਤ ਨੂੰ ਧਰਮ ਵਜੋਂ ਵੇਖ ਰਹੇ ਹਨ ਅਤੇ ਭਾਰਤ ਦੇ ਮੁਸਲਮਾਨਾਂ ਨੂੰ ਵੀ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹਨ |
ਉਨ੍ਹਾਂ ਇਕ ਬਿਆਨ ਵਿਚ ਕਿਹਾ ਕਿ ਪਾਕਿਸਤਾਨ ਦੇ ਪਹਿਲੇ ਟੀ -20 ਮੈਚ ਨੂੰ ਦਸ ਵਿਕਟਾਂ ਨਾਲ ਜਿੱਤਣ ਤੋਂ ਬਾਅਦ ਭਾਰਤੀ ਮੁਸਲਮਾਨਾਂ ਸਮੇਤ ਦੁਨੀਆਂ ਦੇ ਸਾਰੇ ਮੁਸਲਮਾਨਾਂ ਨੂੰ ਜਸ਼ਨ ਮਨਾਉਣਾ ਚਾਹੀਦਾ ਹੈ | ਭਾਰਤ ਵਿਰੁਧ ਇਹ ਜਿੱਤ ਸਾਡੇ ਲਈ ਫ਼ਾਈਨਲ ਤੋਂ ਵੱਡੀ ਜਿੱਤ ਹੈ | ਰਾਸ਼ਿਦ ਨੇ ਭਾਰਤ ਵਿਰੁਧ ਇਸ ਜਿੱਤ ਨੂੰ ਪੂਰੇ ਇਸਲਾਮ ਦੀ ਜਿੱਤ ਕਰਾਰ ਦਿਤਾ ਅਤੇ ਦੁਨੀਆਂ ਭਰ ਦੇ ਮੁਸਲਮਾਨਾਂ ਨੂੰ ਫ਼ਤਿਹ ਮੁਬਾਰਕ ਕਿਹਾ |
ਉਨ੍ਹਾਂ ਕਿਹਾ ਕਿ ਮੈਨੂੰ ਅਫ਼ਸੋਸ ਹੈ ਕਿ ਇਹ ਪਹਿਲਾ ਭਾਰਤ ਤੇ ਪਾਕਿਸਤਾਨ ਦਾ ਮੈਚ ਹੈ ਜੋ ਮੈਂ ਅਪਣੀ ਰਾਸ਼ਟਰੀ ਜ਼ਿੰਮੇਵਾਰੀਆਂ ਦੇ ਕਾਰਨ ਮੈਦਾਨ 'ਤੇ ਨਹੀਂ ਵੇਖ ਸਕਿਆ | ਪਰ ਮੈਂ ਇਸਲਾਮਾਬਾਦ, ਰਾਵਲਪਿੰਡੀ ਦੇ ਸਾਰੇ ਕੰਟੇਨਰਾਂ ਨੂੰ ਹਟਾਉਣ ਤੇ ਟ੍ਰੈਫ਼ਿਕ ਨੂੰ ਕੰਟਰੋਲ ਕਰਨ ਦੇ ਨਿਰਦੇਸ਼ ਦਿਤੇ ਹਨ ਤਾਂ ਜੋ ਪਾਕਿਸਤਾਨ ਦੀ ਆਵਾਮ ਚੰਗੀ ਤਰ੍ਹਾਂ ਇਹ ਜਸ਼ਨ ਮਨਾ ਸਕੇ | ਉਨ੍ਹਾਂ ਕਿਹਾ ਕਿ ਅੱਜ ਸਾਡਾ ਫ਼ਾਈਨਲ ਸੀ ਅਤੇ ਦੁਨੀਆਂ ਭਰ ਦੇ ਮੁਸਲਮਾਨਾਂ ਸਮੇਤ ਭਾਰਤ ਦੇ ਮੁਸਲਮਾਨਾਂ ਦੀਆਂ ਭਾਵਨਾਵਾਂ ਪਾਕਿਸਤਾਨੀ ਟੀਮ ਨਾਲ ਸਨ | ਉਨ੍ਹਾਂ ਕਿਹਾ ਕਿ ਤੁਹਾਨੂੰ ਸਰਬ ਸ਼ਕਤੀਮਾਨ ਇਸਲਾਮ ਦੀਆਂ ਸ਼ੁਭਕਾਮਨਾਵਾਂ | ਪਾਕਿਸਤਾਨ ਜ਼ਿੰਦਾਬਾਦ....ਇਸਲਾਮ ਜ਼ਿੰਦਾਬਾਦ | (ਏਜੰਸੀ)