
ਗੁਰਬਾਜ ਸਿੰਘ ਮੈਨੀ ਦੀ ਰਾਇਫ਼ਲ ਸ਼ੂਟਿੰਗ ਲਈ ਕੌਮੀ ਪੱਧਰ 'ਤੇ ਹੋਈ ਚੋਣ
ਮਲੋਟ : ਹਲਕਾਂ ਲੰਬੀ ਦੇ ਪਿੰਡ ਸਰਾਵਾਂ ਬੋਦਲਾ ਦੇ ਰਹਿਣ ਵਾਲੇ 10ਵੀਂ ਕਲਾਸ ਦੇ 15 ਸਾਲ ਦੇ ਨੌਜਵਾਨ ਗੁਰਬਾਜ ਸਿੰਘ ਮੈਨੀ ਨੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਗੁਰਬਾਜ ਦੀ ਨੈਸ਼ਨਲ ਖੇਡਾਂ ਲਈ ਚੋਣ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ਵੱਖ-ਵੱਖ ਸ਼ੂਟਿੰਗ ਮੁਕਾਬਲਿਆਂ ਵਿਚੋਂ 10 ਮੀਟਰ ਰਾਇਫ਼ਲ ਮੁਕਾਬਲਿਆ ਵਿਚੋਂ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਪਿਛਲੇ ਦਿਨੀਂ ਦਿੱਲੀ ਵਿਚ ਹੋਈਆਂ ਪ੍ਰੀ ਨੈਸ਼ਨਲ ਖੇਡਾਂ ਵਿਚ ਜਿੱਤ ਹਾਸਲ ਕਰ ਨੈਸ਼ਨਲ ਖੇਡਾਂ ਵਿਚ ਭਾਗ ਲੈਣ ਵਾਲੀ ਕਤਾਰ ਵਿਚ ਆਪਣਾ ਨਾਮ ਦਰਜ ਕਰਵਾਇਆ ਹੈ। ਦੱਸ ਦੇਈਏ ਕਿ ਇਹ ਖੇਡਾਂ ਕੇਰਲ ਵਿਚ ਹੋਣਗੀਆਂ।
ਕੌਮੀ ਪੱਧਰ ਦੀਆਂ ਖੇਡਾਂ ਲਈ ਚੋਣ ਹੋਣ 'ਤੇ ਸਿਰਫ ਗੁਰਬਾਜ ਸਿੰਘ ਹੀ ਨਹੀਂ ਸਗੋਂ ਉਸ ਦੇ ਪਰਿਵਾਰਕ ਮੈਂਬਰ ਵੀ ਬਹੁਤ ਖੁਸ਼ ਹਨ। ਨੌਜਵਾਨ ਦੀ ਇਸ ਪ੍ਰਾਪਤੀ 'ਤੇ ਪਿੰਡ ਵਿਚ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਹੈ। ਗੁਰਬਾਜ ਸਿੰਘ ਨੇ ਦੱਸਿਆ ਕਿ ਉਸ ਦੀ ਖੇਡਾਂ ਪ੍ਰਤੀ ਲਗਨ ਅਤੇ ਮਿਹਨਤ ਨੇ ਹੀ ਉਸ ਨੂੰ ਇਸ ਮੁਕਾਮ 'ਤੇ ਪਹੁੰਚਾਇਆ ਹੈ।