
ਪਿੰਡ ਵਾਲਿਆਂ ਨੇ ਇਲਜ਼ਾਮ ਲਗਾਉਂਦਿਆਂ ਕੀਤੀ ਇਹ ਮੰਗ
ਪਟਿਆਲਾ : ਆਏ ਦਿਨ ਹੁੰਦੇ ਸੜਕ ਹਾਦਸਿਆਂ ਵਿਚ ਕਈ ਜਾਨਾਂ ਚਲੀਆਂ ਜਾਂਦੀਆਂ ਹਨ। ਇਨ੍ਹਾਂ ਸੜਕ ਹਾਦਸਿਆਂ ਦਾ ਕਾਰਨ ਕਦੇ ਤੇਜ਼ ਰਫ਼ਤਾਰ ਅਤੇ ਕਦੇ ਸੜਕਾਂ ਦੀ ਖਸਤਾ ਹਾਲਤ ਹੁੰਦਾ ਹੈ। ਤਾਜ਼ਾ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਸੜਕ 'ਤੇ ਪੁੱਟਿਆ ਟੋਆ ਇੱਕ ਕਿਸਾਨ ਦੀ ਮੌਤ ਬਣ ਗਿਆ।
ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਪਟਿਆਲਾ-ਰਾਜਪੁਰਾ ਰੋਡ ਤੋਂ ਕੁਝ ਦੂਰੀ ’ਤੇ ਸਥਿਤ ਪਿੰਡ ਦੌਣ ਕਲਾਂ ਨੂੰ ਜਾਂਦੀ ਲਿੰਕ ਸੜਕ ’ਤੇ ਅੱਧ ਵਿਚਕਾਰ ਲਟਕੇ ਪੁਲ਼ੀ ਵਿਚ ਵੱਜਣ ਕਰਕੇ ਕਿਸਾਨ ਰਛਪਾਲ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਕਿਸਾਨ ਪਿੰਡ ਦੌਣ ਕਲਾਂ ਦਾ ਰਹਿਣ ਵਾਲਾ ਸੀ ਅਤੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਬਹਾਦਰਗੜ੍ਹ ਤੋਂ ਆਪਣੇ ਪਿੰਡ ਵਾਪਸ ਪਰਤ ਰਹੇ ਸਨ।
ਇਸ ਦੌਰਾਨ ਹੀ ਸੜਕ ਵਿਚਕਾਰ ਪੁੱਟੇ ਟੋਏ ਵਿਚ ਵੱਜਣ ਕਾਰਨ ਕਿਸਾਨ ਦੀ ਮੌਤ ਹੋ ਗਈ। ਇਸ ਦੇ ਵਿਰੋਧ ਵਿਚ ਪਿੰਡ ਵਾਲਿਆਂ ਨੇ ਪਟਿਆਲਾ-ਰਾਜਪੁਰਾ ਰੋਡ ਨੂੰ ਜਾਮ ਕਰ ਕੇ ਧਰਨਾ ਲਗਾਇਆ ਅਤੇ ਇਨਸਾਫ ਦੀ ਮੰਗ ਕੀਤੀ ਹੈ। ਧਰਨਾਕਾਰੀਆਂ ਨੇ ਮੰਗ ਕੀਤੀ ਕਿ ਪੁਲੀ ਬਣਾਉਣ ਵਾਲੇ ਠੇਕੇਦਾਰ ਅਤੇ ਵਿਭਾਗ ਦੇ ਸਬੰਧਤ ਅਧਿਕਾਰੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇ ਅਤੇ ਪੀੜਤ ਪਰਿਵਾਰ ਨੂੰ ਮੁਆਵਜ਼ਾ ਦਿਵਾਇਆ ਜਾਵੇ।