
ਇਹ ਸਾਰੀ ਘਟਨਾ ਠੇਕੇ 'ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਜਲੰਧਰ: ਸਿਟੀ ਰੇਲਵੇ ਸਟੇਸ਼ਨ ਨੇੜੇ ਦੀਵਾਲੀ ਦੀ ਰਾਤ ਨੂੰ ਖੁੱਲ੍ਹੇ ਇੱਕ ਸ਼ਰਾਬ ਦੇ ਠੇਕੇ ਤੇ ਲੁੱਟਮਾਰ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਕੁਝ ਸ਼ਰਾਰਤੀ ਅਨਸਰਾਂ ਨੇ ਠੇਕਾ ਕਰਮਚਾਰੀਆਂ ਦੀ ਕੁੱਟਮਾਰ ਕਰ ਕੇ ਮਹਿੰਗੀ ਸ਼ਰਾਬ ਦੀਆਂ ਬੋਤਲਾਂ ਅਤੇ ਨਕਦੀ ਲੁੱਟ ਲਈ। ਇਸ ਸਾਰੀ ਘਟਨਾ ਦੌਰਾਨ ਪੁਲਿਸ ਮੁਲਾਜ਼ਮ ਵੀ ਮੌਕੇ ’ਤੇ ਮੌਜੂਦ ਸਨ ਪਰ ਇਸ ਦੇ ਬਾਵਜੂਦ ਬਦਮਾਸ਼ ਲੁੱਟ-ਖੋਹ ਅਤੇ ਕੁੱਟਮਾਰ ਕਰ ਕੇ ਫਰਾਰ ਹੋ ਗਏ। ਇਹ ਸਾਰੀ ਘਟਨਾ ਠੇਕੇ 'ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਜਾਣਕਾਰੀ ਦਿੰਦਿਆਂ ਠੇਕੇ ਦੇ ਮੈਨੇਜਰ ਅਸ਼ੋਕ ਕੁਮਾਰ ਸ਼ਰਮਾ ਨੇ ਦੱਸਿਆ ਕਿ ਰਾਤ ਸਮੇਂ ਕੁਝ ਨੌਜਵਾਨ ਸ਼ਰਾਬ ਲੈਣ ਆਏ ਸਨ, ਜਦੋਂ ਮੈਂ ਉਨ੍ਹਾਂ ਨੂੰ ਪਹਿਲਾਂ ਪੈਸੇ ਦੇਣ ਲਈ ਕਿਹਾ ਤਾਂ ਇਸ ਗੱਲ ਨੂੰ ਲੈ ਕੇ ਉਨ੍ਹਾਂ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਮੈਨੂੰ ਕੁੱਟਣਾ ਵੀ ਸ਼ੁਰੂ ਕਰ ਦਿੱਤਾ। ਜਿਸ ਕਾਰਨ ਅਸੀਂ ਸ਼ਟਰ ਬੰਦ ਕਰ ਦਿੱਤਾ ਪਰ ਉਨ੍ਹਾਂ ਬਾਹਰੋਂ ਗਰਿੱਲ ਤੋੜ ਦਿੱਤੀ।
ਮੈਨੇਜਰ ਮੁਤਾਬਕ ਘਟਨਾ ਸਮੇਂ ਘੱਟੋ-ਘੱਟ 15 ਤੋਂ 20 ਨੌਜਵਾਨ ਮੌਜੂਦ ਸਨ। ਅਸ਼ੋਕ ਕੁਮਾਰ ਸ਼ਰਮਾ ਅਨੁਸਾਰ ਸਾਰੀ ਨਕਦੀ ਜੋ ਕਿ ਡੇਢ ਲੱਖ ਤੋਂ ਵੱਧ ਸੀ, ਉਸ ਸਭ ਨੂੰ ਲੁੱਟ ਕੇ ਬਦਮਾਸ਼ ਫ਼ਰਾਰ ਹੋ ਗਏ।
ਏ.ਸੀ.ਪੀ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਸਾਡੀ ਪੀ.ਸੀ.ਆਰ ਟੀਮ ਜੋ ਰਾਤ ਸਮੇਂ ਗਸ਼ਤ ਕਰ ਰਹੀ ਸੀ ਮੌਕੇ 'ਤੇ ਪਹੁੰਚ ਗਈ ਸੀ। ਉਨ੍ਹਾਂ ਕਿਹਾ ਕਿ ਪੁਲਿਸ ਜਾਂਚ ਕਰ ਰਹੀ ਹੈ। ਸੀਸੀਟੀਵੀ 'ਚ ਦੋਸ਼ੀ ਨੌਜਵਾਨ ਦਿਖਾਈ ਦੇ ਰਹੇ ਹਨ, ਜਲਦ ਹੀ ਇਨ੍ਹਾਂ ਅਨਸਰਾਂ ਨੂੰ ਕਾਬੂ ਕਰ ਲਿਆ ਜਾਵੇਗਾ।