
ਉਹਨਾਂ ਕਿਹਾ ਕਿ ਉਹ ਲੁਧਿਆਣਾ ਲਈ ਕੋਈ ਪ੍ਰਾਜੈਕਟਾਂ ਦਾ ਐਲਾਨ ਵੀ ਕਰਨ, ਜਿਸ ਨਾਲ ਤਰੱਕੀ ਅਤੇ ਵਿਕਾਸ ਹੋਵੇ।
ਲੁਧਿਆਣਾ: ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਲੁਧਿਆਣਾ ਦੌਰੇ 'ਤੇ ਤੰਜ਼ ਕੱਸਿਆ ਹੈ। ਰਵਨੀਤ ਬਿੱਟੂ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ 'ਚ ਲਿਖਿਆ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਰ ਤੀਜੇ ਦਿਨ ਲੁਧਿਆਣਾ ਆਉਂਦੇ ਹਨ। ਉਹਨਾਂ ਕਿਹਾ ਕਿ ਉਹ ਲੁਧਿਆਣਾ ਲਈ ਕੋਈ ਪ੍ਰਾਜੈਕਟਾਂ ਦਾ ਐਲਾਨ ਵੀ ਕਰਨ, ਜਿਸ ਨਾਲ ਤਰੱਕੀ ਅਤੇ ਵਿਕਾਸ ਹੋਵੇ।
ਰਵਨੀਤ ਬਿੱਟੂ ਨੇ ਕਿਹਾ, “ਭਗਵੰਤ ਮਾਨ ਜੀ ਲੁਧਿਆਣਾ ਤੁਸੀਂ ਹਰ ਤੀਜੇ ਦਿਨ ਆਉਂਦੇ ਹੋ ਅਤੇ ਆਉਣਾ ਵੀ ਚਾਹੀਦਾ ਹੈ ਕਿਉਂਕਿ ਲੁਧਿਆਣਾ ਪੰਜਾਬ ਦਾ ਦਿਲ ਹੈ ਪਰ ਸਿਰਫ ਫੋਟੋਆਂ ਖਿਚਵਾ ਕੇ ਅਤੇ ਆਪਣੇ ਲੱਖਾਂ ਦੇ ਝੂਠੇ ਇਸ਼ਤਿਹਾਰ ਦੇਖ ਕੇ ਨਾ ਮੁੜਿਆ ਕਰੋ। ਖਾਲੀ ਗੇੜਿਆਂ ਨਾਲ ਕੁੱਝ ਨਹੀਂ ਬਣਨਾ ਸਗੋਂ ਲੁਧਿਆਣਾ ਲਈ ਕੋਈ ਪ੍ਰਾਜੈਕਟਾਂ ਦਾ ਐਲਾਨ ਕਰੋ ਜਿਸ ਨਾਲ ਤਰੱਕੀ ਅਤੇ ਵਿਕਾਸ ਹੋਵੇ ਤੇ ਲੋਕ ਵੀ ਖੁਸ਼ਹਾਲ ਹੋਣ”।
ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਸਿਰਫ ਇਸ਼ਤਿਹਾਰਾਂ ਵਿਚ ਹੀ ਵਿਕਾਸ ਦਿਖਾ ਰਹੀ ਹੈ। ਜਦਕਿ ਜ਼ਮੀਨੀ ਪੱਧਰ 'ਤੇ ਨਾ ਤਾਂ ਕੋਈ ਨਵਾਂ ਪ੍ਰਾਜੈਕਟ ਲਾਗੂ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਪੰਜਾਬ 'ਚ ਖੁਸ਼ਹਾਲੀ ਦਾ ਕੋਈ ਹੋਰ ਕੰਮ ਹੋ ਰਿਹਾ ਹੈ | ਸਰਕਾਰ ਸਿਰਫ਼ ਇਸ਼ਤਿਹਾਰਾਂ 'ਤੇ ਹੀ ਜ਼ੋਰ ਦੇ ਰਹੀ ਹੈ।