
ਸੂਬੇ ਵਿਚੋਂ ਚੁਣੇ 127 ਸਕੂਲ ਆਫ਼ ਹੈਪੀਨੈਸ ਵਿਚੋਂ ਸਭ ਤੋਂ ਜ਼ਿਆਦਾ 20 ਪ੍ਰਾਇਮਰੀ ਸਕੂਲ ਰੂਪਨਗਰ ਜ਼ਿਲ੍ਹੇ ਨਾਲ ਸਬੰਧਤ
425 primary schools of Punjab will become 'Schools of Happiness': ਪੰਜਾਬ ਦੇ ਸਿਖਿਆ ਵਿਭਾਗ ਨੇ ਸੂਬੇ ਵਿਚ ਸਕੂਲ ਆਫ਼ ਐਮੀਨੈਂਸ ਬਣਾਉਣ ਤੋਂ ਬਾਅਦ ਹੁਣ 425 ਪ੍ਰਾਇਮਰੀ ਸਕੂਲਾਂ ਨੂੰ ‘ਸਕੂਲ ਆਫ਼ ਹੈਪੀਨੈਸ ਬਣਾਉਣ’ ਦਾ ਐਲਾਨ ਕਰ ਦਿਤਾ ਹੈ। ਇਨ੍ਹਾਂ ਸਕੂਲਾਂ ਨੂੰ ਹਾਈਟੈੱਕ ਬਣਾਉਣ ਲਈ 171 ਕਰੋੜ 70 ਲੱਖ ਰੁਪਏ ਦਾ ਬਜਟ ਮਿੱਥਿਆ ਗਿਆ ਹੈ, ਜਿਸ ਤਹਿਤ ਹਰ ਸਕੂਲ ਨੂੰ 40 ਲੱਖ 40 ਹਜ਼ਾਰ ਰੁਪਏ ਵਿਕਾਸ ਕਾਰਜਾਂ ਲਈ ਮਿਲਣਗੇ। ਪਹਿਲੇ ਫੇਜ਼ ਵਿਚ ਕੁੱਲ ਸਕੂਲਾਂ ’ਚੋਂ 127 ਦੀ ਚੋਣ ਕਰ ਲਈ ਗਈ ਹੈ।
ਪ੍ਰਮੁੱਖ ਸਿਖਿਆ ਸਕੱਤਰ ਵਲੋਂ ਜਾਰੀ ਜ਼ਿਲ੍ਹਾ ਸਿਖਿਆ ਅਫ਼ਸਰਾਂ ਦੇ ਨਾਂ ਪੱਤਰ ਵਿਚ ਦਸਿਆ ਗਿਆ ਹੈ ਕਿ ਇਨ੍ਹਾਂ 127 ਸਕੂਲਾਂ ਲਈ 51 ਕਰੋੜ 30 ਲੱਖ 80 ਹਜ਼ਾਰ ਰੁਪਏ ਦਾ ਬਜਟ ਰਖਿਆ ਗਿਆ ਹੈ। ਇਸ ਰਾਸ਼ੀ ਵਿਚੋਂ 27 ਕਰੋੜ 66 ਲੱਖ 87 ਹਜ਼ਾਰ 880 ਰੁਪਏ ਰਾਸ਼ੀ ਜਾਰੀ ਕਰ ਦਿਤੀ ਗਈ ਹੈ ਜਿਸ ਨਾਲ ਸੁੰਦਰੀਕਰਨ ਅਤੇ ਹੋਰ ਸੁਧਾਰ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਪਨਾ ਹੈ ਕਿ ਪੰਜਾਬ ਅੰਦਰ ਸਿਖਿਆ ਦਾ ਮਿਆਰ ਉਚਾ ਚੁਕਾ ਜਾਵੇ ਇਸ ਲਈ ਇਹ ਸਕੂਲ ਚਾਲੂ ਕੀਤੇ ਗਏ।
ਸਭ ਤੋਂ ਵੱਧ ਸਕੂਲ ਰੂਪਨਗਰ ਜ਼ਿਲ੍ਹੇ ਦੇ
ਸੂਬੇ ਵਿਚੋਂ ਚੁਣੇ 127 ਸਕੂਲ ਆਫ਼ ਹੈਪੀਨੈਸ ਵਿਚੋਂ ਸਭ ਤੋਂ ਜ਼ਿਆਦਾ 20 ਪ੍ਰਾਇਮਰੀ ਸਕੂਲ ਰੂਪਨਗਰ ਜ਼ਿਲ੍ਹੇ ਨਾਲ ਸਬੰਧਤ ਹਨ। ਫ਼ਤਿਹਗੜ੍ਹ ਸਾਹਿਬ 13 ਨਾਲ ਦੂਜਾ ਅਤੇ ਲੁਧਿਆਣਾ-ਅੰਮ੍ਰਿਤਸਰ 10-10 ਸਕੂਲਾਂ ਨਾਲ ਤੀਜਾ ਸਭ ਤੋਂ ਵੱਧ ਸਕੂਲਾਂ ਵਾਲੇ ਜ਼ਿਲ੍ਹੇ ਹਨ। ਇਸੇ ਤਰ੍ਹਾਂ ਫ਼ਿਰੋਜ਼ਪੁਰ ਅਤੇ ਗੁਰਦਾਸਪੁਰ ਨੂੰ ਹਾਲੇ 1-1 ਸਕੂਲ ਆਫ਼ ਹੈਪੀਨੈਸ ਪ੍ਰਾਪਤ ਹੋਇਆ ਹੈ। ਇਨ੍ਹਾਂ ਸਕੂਲਾਂ ਲਈ ਜਾਰੀ ਰਕਮ ਨਾਲ ਮੁੱਖ ਗੇਟ, ਕਲਰ ਕੋਡਿੰਗ ਵਿਚ ਇਕਸਾਰਤਾ ਬਣਾਈ ਰੱਖਣ ਲਈ ਆਰਕੀਟੈਕਟ ਵਿਭਾਗ ਪੰਜਾਬ ਦੀ ਮਦਦ ਨਾਲ ਡੀਜ਼ਾਈਨ ਤਿਆਰ ਕਰਵਾਏ ਜਾਣਗੇ।