
ਕਾਫ਼ਲੇ ਬੰਨ੍ਹ-ਬੰਨ੍ਹ ਕਿਸਾਨ ਪੰਜਾਬ-ਹਰਿਆਣਾ ਸਰਹੱਦ ਨੇੜੇ ਪਹੁੰਚਦੇ ਰਹੇ
ਹਰਿਆਣਾ ਪੁਲਿਸ ਕਿਸਾਨਾਂ ਦੇ ਰਾਹ 'ਚ ਪਹਾੜ ਬਣ ਕੇ ਖੜੀ g ਸ਼ੰਭੂ ਬਾਰਡਰ 'ਤੇ ਹਰਿਆਣਾ ਪੁਲਿਸ ਤੇ ਕਿਸਾਨਾਂ ਵਿਚਕਾਰ ਝੜਪ g ਜਲ ਤੋਪਾਂ ਛੱਡੀਆਂ
ਚੰਡੀਗੜ੍ਹ, 25 ਨਵੰਬਰ (ਸਪੋਕਸਮੈਨ ਸਮਾਚਾਰ ਸੇਵਾ) : ਇਥੇ ਪੰਜਾਬ-ਹਰਿਆਣਾ ਸਰਹੱਦ ਉਪਰ ਮਿੱਥੇ ਸਮੇਂ ਤੋਂ ਇਕ ਦਿਨ ਪਹਿਲਾਂ ਹੀ ਪੰਜਾਬ ਦੇ ਕਿਸਾਨਾਂ ਅਤੇ ਹਰਿਆਣਾ ਸਰਕਾਰ ਵਿਚਾਰ ਜਥੇਬੰਦਕ ਸੰਘਰਸ਼ ਅਤੇ ਸਿਆਸੀ ਵਜੂਦ ਦਾ ਟਾਕਰਾ ਸ਼ੁਰੂ ਹੋ ਗਿਆ। ਹਰਿਆਣਾ ਪੁਲਿਸ ਵਲੋਂ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਜਾਣੋਂ ਰੋਕਣ ਲਈ ਸੂਬਾਈ ਹੱਦ ਸੀਲ ਕਰ ਕੇ ਮਲੋਟ ਅਤੇ ਬਠਿੰਡਾ ਕੌਮੀ ਸ਼ਾਹ ਮਾਰਗਾਂ 'ਤੇ ਵੱਡੇ ਵੱਡੇ ਪੱਥਰਾਂ ਨਾਲ ਅੜਿੱਕੇ ਡਾਹੁਣ ਵਿਰੁਧ ਭਾਕਿਯੂ ਏਕਤਾ ਉਗਰਾਹਾਂ ਨੇ ਬਠਿੰਡਾ ਰੋਡ ਉੱਪਰ ਕਿਸਾਨ ਮੋਰਚੇ ਦਾ ਆਗਾਜ਼ ਕਰ ਦਿਤਾ। ਬਾਰਡਰ 'ਤੇ ਵੱਡੀ ਗਿਣਤੀ ਵਿਚ ਪੁਲਿਸ ਮੌਜੂਦ ਹੈ। ਪੁਲਿਸ ਨੇ ਸਰਹੱਦ ਉਪਰ ਕੌਮੀ ਸੜਕ 'ਤੇ ਸੀਮਿੰਟ ਦੇ ਵੱਡੇ ਵੱਡੇ ਪਿੱਲਰ ਸੁੱਟ ਦਿਤੇ ਹਨ। ਹਰਿਆਣਾ ਸਰਕਾਰ ਦੀ ਸਖ਼ਤੀ ਵਿਰੁਧ ਲੰਬੀ ਅਤੇ ਸੰਗਤ ਬਲਾਕ ਦੇ ਕਿਸਾਨ ਮੋਰਚੇ 'ਤੇ ਡਟ ਗਏ ਹਨ। ਹਰਿਆਣਾ ਪੁਲਿਸ ਵਲੋਂ ਅਣਸੁਖਾਵੇਂ ਹਾਲਾਤ ਲਈ ਜਲਤੋਪ ਤਾਇਨਾਤ ਕੀਤੇ ਗਏ ਹਨ। ਹਰਿਆਣਾ ਅਤੇ ਪੰਜਾਬ ਦੇ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਖੇਤਰ ਵਿਚ ਲਗਾਤਾਰ ਦੌਰੇ ਉੱਪਰ ਹਨ ਅਤੇ ਆਪਸੀ ਤਾਲਮੇਲ ਵਿਚ ਜੁਟੇ ਹੋਏ ਹਨ। ਇਸੇ ਦੌਰਾਨ ਹਿਸਾਰ ਰੇਂਜ ਦੇ ਆਈਜੀ ਸੰਜੈ ਕੁਮਾਰ ਅਤੇ ਸਿਰਸਾ ਦੇ ਜ਼ਿਲ੍ਹਾ ਪੁਲਿਸ
ਮੁਖੀ ਭੁਪਿੰਦਰ ਕੁਮਾਰ ਨੇ ਹੱਦ ਦਾ ਦੌਰਾ ਕੀਤਾ। ਦੂਜੇ ਪਾਸੇ ਬਠਿੰਡਾ ਜ਼ਿਲ੍ਹਾ ਦੇ ਡਿਪਟੀ ਕਮਿਸ਼ਨਰ ਅਤੇ ਬਠਿੰਡਾ ਦੇ ਆਈਜੀ ਨੇ ਵੀ ਹੱਦ ਦਾ ਦੌਰਾ ਕਰ ਕੇ ਸਥਿਤੀ ਦਾ ਜਾਇਜ਼ਾ ਲਿਆ। ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਦੀ ਭਾਜਪਾ ਸਰਕਾਰ ਨੇ ਪ੍ਰਦਰਸ਼ਨਕਾਰੀਆਂ ਦੇ ਇਕੱਠ ਨੂੰ ਰੋਕਣ ਲਈ ਸੀਆਰਪੀਸੀ ਦੀ ਧਾਰਾ 144 ਲਾਗੂ ਕੀਤੀ ਹੈ। ਪੁਲਿਸ ਨੇ ਹਰਿਆਣਾ ਵਿਚ ਤਕਰੀਬਨ 100 ਕਿਸਾਨ ਆਗੂਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਪੁਲਿਸ ਅਨੁਸਾਰ 26 ਨਵੰਬਰ ਤੋਂ 'ਦਿੱਲੀ ਚਲੋ' ਅੰਦੋਲਨ ਦੇ ਹਿੱਸੇ ਵਜੋਂ ਪੰਜਾਬ ਤੋਂ ਤਕਰੀਬਨ 200000 ਕਿਸਾਨ ਦਿੱਲੀ ਲਈ ਰਵਾਨਾ ਹੋਏ ਹਨ। ਇਹੀ ਨਹੀਂ ਪੰਜਾਬ 'ਚੋਂ ਦਿਨ ਭਰ ਕਿਸਾਨ ਕਾਫ਼ਲੇ ਬੰਨ੍ਹ-ਬੰਨ੍ਹ ਹਰਿਆਣਾ ਦੀ ਸਰਹੱਦ ਨੇੜੇ ਪਹੁੰਚਦੇ ਰਹੇ ਤੇ ਭਾਰੀ ਗਿਣਤੀ 'ਚ ਕਿਸਾਨ ਤੇ ਸਿਆਸੀ ਧਿਰਾਂ ਦੇ ਲੋਕ 26 ਨਵੰਬਰ ਨੂੰ ਜਾਣਗੇ।
ਦੂਜੇ ਪਾਸੇ ਅੱਜ ਸ਼ੰਭੂ ਬਾਰਡਰ 'ਤੇ ਕਿਸਾਨਾਂ ਤੇ ਹਰਿਆਣਾ ਪੁਲਿਸ ਵਿਚਕਾਰ ਤਿੱਖੀ ਝੜਪ ਹੋ ਗਈ। ਕਿਸਾਨਾਂ ਨੇ ਦਿੱਲੀ ਵਲ ਵਧਣ ਦੀ ਕੋਸ਼ਿਸ਼ ਕਰਦਿਆਂ ਹਰਿਆਣਾ ਪੁਲਿਸ ਵਲੋਂ ਲਾਏ ਬੈਰੀਕੇਡ ਤੋੜ ਦਿਤੇ। ਸਿੱਟੇ ਵਜੋਂ ਦੋਹਾਂ ਪਾਸਿਆਂ ਤੋਂ ਕਾਫ਼ੀ ਸਮਾਂ ਜ਼ੋਰ ਅਜਮਾਈ ਹੁੰਦੀ ਰਹੀ। ਅਖ਼ੀਰ ਪੁਲਿਸ ਨੇ ਕਿਸਾਨਾਂ 'ਤੇ ਕਾਬੂ ਪਾਉਣ ਲਈ ਜਲ ਤੋਪਾਂ ਦਾ ਸਹਾਰਾ ਲਿਆ।
ਉਧਰ ਦਿੱਲੀ ਪੁਲਿਸ ਨੇ ਵੀ ਐਲਾਨ ਕਰ ਦਿਤਾ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਵਿਚ ਨਹੀਂ ਵੜਨ ਦਿਤਾ ਜਾਵੇਗਾ। ਦਿੱਲੀ ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਰਾਜਧਾਨੀ 'ਚ ਕੋਰੋਨਾ ਦੀ ਸਥਿਤੀ ਮਾੜੀ ਹੈ ਇਸ ਲਈ ਕਿਸਾਨ ਅਪਣੇ ਫ਼ੈਸਲੇ 'ਤੇ ਵਿਚਾਰ ਕਰਨ ਤੇ ਫ਼ਿਲਹਾਲ ਅਪਣੇ ਅੰਦੋਲਨ ਨੂੰ ਮੁਲਤਵੀ ਕਰ ਦੇਣ ਤੇ ਜਦੋਂ ਹਾਲਾਤ ਸੁਖਾਵੇਂ ਹੋ ਜਾਣਗੇ, ਉਦੋਂ ਅਪਣਾ ਪ੍ਰੋਗਰਾਮ ਉਲੀਕ ਲੈਣ।
ਦੂਜੇ ਪਾਸੇ ਕਿਸਾਨਾਂ ਦੇ ਅੰਦੋਲਨ ਨੂੰ ਵੇਖਦਿਆਂ ਹੋਇਆ ਹਰਿਆਣਾ ਰੋਡਵੇਜ ਵਲੋਂ ਵੱਡਾ ਫ਼ੈਸਲਾ ਲੈਂਦਿਆਂ ਫ਼ਿਲਹਾਲ ਪੰਜਾਬ ਵਿਚ ਅਪਣੀਆਂ ਬੱਸ ਸੇਵਾਵਾਂ ਰੱਦ ਕਰ ਦਿਤੀਆਂ ਹਨ।image