
ਪੰਜਵੇਂ ਦਿਨ ਹੋਇਆ ਡੇਰਾ ਪ੍ਰੇਮੀ ਦਾ ਅੰਤਮ ਸਸਕਾਰ
ਬਠਿੰਡਾ, (ਦਿਹਾਤੀ), 25 ਨਵੰਬਰ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) : ਜ਼ਿਲ੍ਹੇ ਦੇ ਕਸਬਾ ਭਗਤਾ ਭਾਈਕਾ ਵਿਖੇ ਪੰਜ ਦਿਨ ਪਹਿਲਾ ਚਿੱਟੇ ਦਿਨ ਡੇਰਾ ਪ੍ਰੇਮੀ ਮਨੋਹਰ ਲਾਲ ਦੀ ਕੁੱਝ ਅਦਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਕੀਤੀ ਹਤਿਆ ਤੋਂ ਬਾਅਦ ਡੇਰਾ ਪ੍ਰੇਮੀਆਂ ਵਲੋਂ ਲਗਾਤਾਰ ਚਾਰ ਦਿਨ ਤਕ ਮ੍ਰਿਤਕ ਦੀ ਲਾਸ਼ ਨੂੰ ਸਲਾਬਤਪੁਰਾ ਵਿਖੇ ਰੱਖ ਕੇ ਕੀਤੇ ਰੋਸ ਪ੍ਰਦਰਸ਼ਨ ਨੇ ਬੇਸ਼ੱਕ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਕ ਵਾਰ ਧੁਰ ਅੰਦਰ ਹਿਲਾ ਕੇ ਰੱਖ ਦਿਤਾ ਸੀ।
ਪੰਜ ਦਿਨ ਤਕ ਡੇਰਾ ਪ੍ਰੇਮੀ ਮਨੋਹਰ ਲਾਲ ਦੇ ਕਾਤਲਾਂ ਨੂੰ ਫੜਣ ਲਈ ਚਲੇ ਰੋਸ ਪ੍ਰਦਰਸ਼ਨ ਦੌਰਾਨ ਇਕ ਅਹਿਮ ਗੈਂਗਸਟਰ ਧੜੇ ਨੇ ਉਕਤ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਇਸ ਨੂੰ ਉਸ ਦੇ ਬੰਦਿਆਂ ਵਲੋਂ ਚੁੱਕਿਆ ਕਦਮ ਕਰਾਰ ਦਿਤਾ ਸੀ ਪਰ ਅੱਜ ਪੁਲਿਸ ਨੇ ਸੁੱਖ ਦਾ ਸਾਹ ਲਿਆ ਜਦ ਪੰਜਵੇਂ ਦਿਨ ਧਰਨਾਕਾਰੀਆਂ ਕੋਲ ਆਈ.ਜੀ ਜਸਕਰਨ ਸਿੰਘ ਬਠਿੰਡਾ ਨੇ ਜਾ ਕੇ ਕਾਤਲਾਂ ਨੂੰ ਜਲਦ ਫੜਣ ਅਤੇ ਮਾਮਲੇ ਦਾ ਪਰਦਾਫ਼ਾਸ਼ ਕਰਨ ਦਾ ਭਰੋਸਾ ਦਿਵਾਇਆ ਤਦ ਡੇਰਾ ਪ੍ਰੇਮੀ ਮ੍ਰਿਤਕ ਦਾ ਅੰਤਮ ਸਸਕਾਰ ਕਰਨ ਲਈ ਰਾਜੀ ਹੋ ਗਏ।
ਉਧਰ ਡੇਰਾ ਪ੍ਰੇਮੀ ਇਕ ਕਾਫ਼ਲੇ ਦੇ ਰੂਪ ਵਿਚ ਰੋਸ ਧਰਨੇ ਤੋਂ ਮ੍ਰਿਤਕ ਦੀ ਲਾਸ਼ ਨੂੰ ਇਕ ਗੱਡੀ ਵਿਚ ਪਾ ਕੇ ਭਗਤਾ ਭਾਈਕਾ ਵਿਖੇ ਲੈ ਕੇ ਗਏ ਜਿਥੇ ਭਾਰੀ ਪੁਲਿਸ ਫ਼ੋਰਸ ਦੀ ਹਾਜ਼ਰੀ ਵਿਚ ਮ੍ਰਿਤਕ ਮਨੋਹਰ ਲਾਲ ਦਾ ਅੰਤਮ ਸਸਕਾਰ ਕਰ ਦਿਤਾ ਗਿਆ।
ਜ਼ਿਕਰਯੋਗ ਹੈ ਕਿ ਬੀਤੇ ਦਿਨੀ ਇਸ ਕਤਲ ਤੋਂ ਬਾਅਦ ਡੇਰਾ ਪ੍ਰੇਮੀਆਂ ਵਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਤੋਂ ਬਾਅਦ ਡੀ.ਜੀ.ਪੀ ਪੰਜਾਬ ਦਿਨਕਰ ਗੁਪਤਾ ਨੇ ਵੀ ਬਠਿੰਡਾ ਦਾ ਦੌਰਾ ਕਰ ਕੇ ਪੁਲਿਸ ਨੂੰ ਮਾਮਲੇ ਦੀ ਤੈਅ ਤਕ ਜਾਣ ਅਤੇ ਮਾਮਲੇ ਵਿਚ ਤੇਜ਼ੀ ਲਿਆਉਣ ਦੇ ਆਦੇਸ਼ ਦਿਤੇ ਸਨ।
ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਕਾਤਲਾਂ ਤਕ ਪੁੱਜਣ ਲਈ ਲਗਾਤਾਰ ਯਤਨ ਕਰ ਰਹੀ ਹੈ ਅਤੇ ਅੱਧੀ ਦਰਜਨ ਦੇ ਕਰੀਬ ਲੋਕਾਂ ਨੂੰ ਪੁਛਗਿਛ ਲਈ ਹਿਰਾਸਤ ਵਿਚ ਵੀ ਲਿਆ ਗਿਆ ਹੈ ਅਤੇ ਉਕਤ ਕਤਲ ਦੀਆਂ ਤਾਰਾਂ ਮੋਗਾ ਜ਼ਿਲ੍ਹੇ ਨਾਲ ਜੁੜੀਆਂ ਸੁਣਾਈ ਦੇ ਰਹੀਆਂ ਹਨ ਜਿਸ ਕਾਰਨ ਹੀ ਬਠਿੰਡਾ ਪੁਲਿਸ ਦੀਆਂ ਟੀਮਾਂ ਨੇ ਮੋਗਾ ਵਿਖੇ ਛਾਪਾਮਾਰੀ ਵੀ ਕਰ ਕੇ ਕੁੱਝ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ।
ਪੁਲਿਸ ਨੇ ਕੁੱਝ ਵਿਅਕਤੀਆਂ ਨੂੰ ਹਿਰਾਸਤ ਵਿਚ ਲੈਣ ਦੀ ਗੱਲ ਕਬੂਲੀ ਹੈ ਪਰ ਅਸਲ ਕਾਤਲ ਦੇ ਫੜੇ ਜਾਣ ਦੀ ਕੋਈ ਪੁਸ਼ਟੀ ਨਹੀਂ ਕੀਤੀ। ਉਧਰ ਲੋਕਾਂ ਦਾ ਕਹਿਣਾ ਹੈ ਕਿ ਅੰਦਰਖਾਤੇ ਪੁਲਿਸ ਨੇ ਡੇਰਾ ਪ੍ਰੇਮੀਆਂ ਦੀ ਕਮੇਟੀ ਨਾਲ ਇਸ ਮਾਮਲੇ ਦੇ ਸੁਲਝ ਜਾਣ ਬਾਰੇ ਸਥਿਤੀ ਸਪੱਸ਼ਟ ਕੀਤੀ ਹੋਵੇਗੀ ਜਿਸ ਤੋਂ ਬਾਅਦ ਹੀ ਡੇਰਾ ਪ੍ਰੇਮੀ ਅਪਣੀ ਗੱਲ ਤੋਂ ਪਿਛਾਂਹ ਹਟੇ ਹਨ। ਦਸਣਯੋਗ ਹੈ ਕਿ ਬੇਅਦਬੀ ਮਾਮਲੇ ਵਿਚ ਮ੍ਰਿਤਕ ਮਨੋਹਰ ਲਾਲ ਅਰੋੜਾ ਦਾ ਪੁੱਤਰ ਜਤਿੰਦਰ ਜਿੰਮੀ ਅਰੋੜਾ ਜ਼ਮਾਨਤ 'ਤੇ ਆਇਆ ਹੋਇਆ imageਹੈ ਜਿਸ ਨੇ ਹੀ ਅਪਣੇ ਪਿਤਾ ਦੀ ਚਿਖਾ ਨੂੰ ਅਗਨੀ ਦਿਤੀ ਹੈ।
25-4ਏ