
ਪਾਕਿ 'ਚ 10 ਮਹੀਨੇ ਫਸੇ ਰਹਿਣ ਤੋਂ ਬਾਅਦ ਪਰਵਾਰ ਨਾਲ ਮਿਲੀ ਹਿੰਦੂ ਔਰਤ
ਜੋਧਪੁਰ, 25 ਨਵੰਬਰ: ਪਾਕਿਸਤਾਨ ਦੀ ਇਕ ਹਿੰਦੂ ਸ਼ਰਨਾਰਥੀ ਔਰਤ 10 ਮਹੀਨਿਆਂ ਤੋਂ ਗੁਆਂਢੀ ਦੇਸ਼ ਵਿਚ ਫਸੇ ਰਹਿਣ ਤੋਂ ਬਾਅਦ ਮੰਗਲਵਾਰ ਨੂੰ ਭਾਰਤ ਵਿਚ ਅਪਣੇ ਪਰਵਾਰ ਨਾਲ ਮਿਲੀ। ਭਾਰਤੀ ਨਾਗਰਿਕਤਾ ਲਈ ਦਰਖ਼ਾਸਤ ਕਰਨ ਵਾਲੀ ਜਨਤਾ ਮਾਲੀ ਅਪਣੇ ਪਤੀ ਅਤੇ ਬੱਚਿਆਂ ਦੇ ਨਾਲ ਐਨਓਆਰਆਈ ਵੀਜ਼ੇ ਉੱਤੇ ਫ਼ਰਵਰੀ ਵਿਚ ਪਾਕਿਸਤਾਨ ਦੇ ਮੀਰਪੁਰ ਖ਼ਾਸ ਵਿਚ ਅਪਣੀ ਬੀਮਾਰ ਮਾਂ ਨੂੰ ਮਿਲਣ ਗਈ ਸੀ, ਪਰ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਦੇਸ਼ ਵਿਆਪੀ ਲਾਕਡਾਊਨ ਲਾਗੂ ਕੀਤੇ ਜਾਣ ਤੋਂ ਬਾਅਦ ਵਾਪਸ ਆਉਣ ਦੀ ਆਗਿਆ ਨਹੀਂ ਮਿਲੀ, ਕਿਉਂਕਿ ਉਸ ਦਾ ਵੀਜ਼ਾ ਖ਼ਤਮ ਹੋ ਗਿਆ ਸੀ। ਉਸ ਤੋਂ ਬਾਅਦ ਉਹ ਗੁਆਂਢੀ ਦੇਸ਼ ਵਿਚ ਫਸ ਗਈ ਜਦਕਿ ਉਸ ਦੇ ਪਤੀ ਅਤੇ ਬੱਚੇ ਜੁਲਾਈ ਵਿਚ ਭਾਰਤ ਆ ਗਏ।
ਔਰਤ ਨੂੰ ਅਪਣੇ ਪਤੀ ਅਤੇ ਬੱਚਿਆਂ ਨਾਲ ਰੇਲ ਗੱਡੀ ਵਿਚ ਚੜ੍ਹਨ ਦੀ ਆਗਿਆ ਤੋਂ ਇਨਕਾਰ ਕਰ ਦਿਤਾ ਗਿਆ ਸੀ।
ਐਨਓਆਰਆਈ ਵੀਜ਼ਾ ਪਾਕਿਸਤਾਨੀ ਨਾਗਰਿਕਾਂ ਨੂੰ ਸਮੇਂ-ਸਮੇਂ ਲਈ ਵੀਜ਼ਾ (ਐਲਟੀਵੀ) ਉੱਤੇ ਭਾਰਤ ਵਿਚ ਰਹਿਣ ਦੌਰਾਨ ਪਾਕਿਸਤਾਨ ਦੀ ਯਾਤਰਾ ਕਰਨ ਅਤੇ 60 ਦਿਨਾਂ ਦੇ ਅੰਦਰ ਪਰਤਣ ਦੀ ਆਗਿਆ ਦਿੰਦਾ ਹੈ।
ਸਤੰਬਰ ਵਿਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਰਾਜਸਥਾਨ ਹਾਈ ਕੋਰਟ ਨੂੰ ਐਨ.ਓ.ਆਰ.ਆਈ ਵੀਜ਼ਾ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਪਾਕਿਸਤਾਨ ਵਿਚ ਫਸੇ 410 ਪਾਕਿਸਤਾਨੀ ਹਿੰਦੂ ਸ਼ਰਨਾਰਥੀਆਂ ਬਾਰੇ ਜਾਣਕਾਰੀ ਦਿਤੀ ਸੀ।
ਪਾਕਿਸਤਾਨ ਦੇ ਘੱਟ ਗਿਣਤੀ ਪ੍ਰਵਾਸੀਆਂ ਨਾਲ ਜੁੜੇ ਮੁੱਦਿਆਂ 'ਤੇ ਅਦਾਲਤ ਵਲੋਂ ਨਿਯੁਕਤ ਕੀਤੇ ਐਮਿਕਸ ਕਿਉਰੀ ਸੱਜਣ ਸਿੰਘ ਨੇ ਦਸਿਆ ਕਿ ਇਹ ਸ਼ਰਨਾਰਥੀ ਲੰਮੇ ਸਮੇਂ ਲਈ ਵੀਜ਼ਾ (ਐਲਟੀਵੀ) 'ਤੇ ਭਾਰਤ ਵਿਚ ਰਹਿ ਰਹੇ ਸਨ ਅਤੇ ਐਨਓਆਰਆਈ ਵੀਜ਼ਾ 'ਤੇ ਲਾਕਡਾਊਨ ਤੋਂ ਪਹਿਲਾਂ ਪਾਕਿਸਤਾਨ ਚਲੇ ਗਏ ਸਨ। (ਪੀਟੀਆਈ)
ਉਸ ਸਮੇਂ ਗ੍ਰਹਿ ਮੰਤਰਾਲੇ ਨੇ ਕਿਹਾ ਸੀ ਕਿ ਇਨ੍ਹਾਂ ਲੋਕਾਂ ਨੂੰ ਵੀਜ਼ਾ ਦਾ ਵਿਸਤਾਰ ਕਰਦੇ ਹੋਏ ਛੇਤੀ ਹੀ ਦੇਸ਼ ਵਾਪਸ ਲਿਆਂਦਾ ਜਾਵੇਗਾ।
ਸੀਮਾਂਤ ਲੋਕ ਸੰਘ ਦੇ ਪ੍ਰਧਾਨ ਹਿੰਦੂ ਸਿੰਘ ਸੋਢਾ ਨੇ ਕਿਹਾ ਕਿ ਸੰਗਠਨ ਨੇ ਇਸ ਮੁੱਦੇ ਨੂੰ ਰਾਜਸਥਾਨ ਸਰਕਾਰ ਦੇ ਨਾਲ ਨਾਲ ਕੇਂਦਰ ਤਕ ਪਹੁੰਚਾਇਆ ਸੀ।
ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਸਾਰੇ ਲੋਕਾਂ ਦੀ ਵਾਪਸੀ ਦਾ ਰਾਹ ਪੱਧਰਾ ਕਰਨ ਜੋ ਉਨ੍ਹਾਂ ਦੇ ਐਨਓਆਰਆਈ ਵੀਜ਼ਾ ਦੀ ਮਿਆਦ ਖ਼ਤਮ ਹੋਣ ਕਾਰਨ ਪਾਕਿਸਤਾਨ ਵਿਚ ਫਸੇ ਹੋਏ ਹਨ।
ਸੋਢਾ ਨੇ ਅੱਗੇ ਕਿਹਾ ਕਿ ਛੇ ਮਹੀਨਿਆਂ ਦੀ ਜੱਦੋ ਜਹਿਦ ਤੋਂ ਬਾਅਦ ਅਸੀਂ ਮਾਲੀ ਨੂੰ ਵਾਪਸ ਲਿਆਉਣ ਵਿਚ ਸਫ਼ਲ ਰਹੇ, ਜੋ ਲਾਕਡਾਊਨ ਕਾਰਨ ਪਾਕਿਸਤਾਨ ਵਿਚ ਫਸ ਗਈ ਸੀ। (ਪੀਟੀਆਈ)